1930 ''ਚ ਹੋਈ ਸੀ ਰਾਸ਼ਟਰਮੰਡਲ ਖੇਡਾਂ ਦੀ ਸ਼ੁਰੂਆਤ

03/30/2018 4:30:10 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— 21ਵੀਆਂ ਰਾਸ਼ਟਰਮੰਡਲ ਖੇਡਾਂ 4 ਤੋਂ 15 ਅਪ੍ਰੈਲ ਨੂੰ ਆਸਟਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਸਮੁੰਦਰੀ ਤੱਟ 'ਤੇ ਵਸੇ ਖੂਬਸੂਰਤ ਸ਼ਹਿਰ ਗੋਲਡ ਕੋਸਟ ਵਿਖੇ ਬਹੁਤ ਹੀ ਧੂਮਧਾਮ ਨਾਲ ਆਯੋਜਿਤ ਕੀਤੀਆਂ ਜਾ ਰਹੀਆਂ ਹਨ।
ਆਸਟਰੇਲੀਆ ਨੂੰ ਰਾਸ਼ਟਰਮੰਡਲ ਖੇਡਾਂ ਦੀ ਪੰਜਵੀਂ ਵਾਰ ਮੇਜ਼ਬਾਨੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਇਸ ਵਿਸ਼ਵ ਪੱਧਰੀ ਖੇਡ ਮਹਾਕੁੰਭ 'ਚ 71 ਰਾਸ਼ਟਰਮੰਡਲ ਦੇਸ਼ਾਂ ਦੇ 6600 ਖਿਡਾਰੀ ਆਪਣੇ ਖੇਡ ਦਲ ਨਾਲ ਹਿੱਸਾ ਲੈਣਗੇ । ਲਗਾਤਾਰ 11 ਦਿਨ ਤੱਕ ਚੱਲਣ ਵਾਲੇ ਇਸ ਖੇਡ ਮਹਾਕੁੰਭ 'ਚ ਖਿਡਾਰੀ 18 ਵੱਖ-ਵੱਖ ਖੇਡਾਂ  ਦੇ ਮੁਕਾਬਲਿਆਂ 'ਚੋਂ ਗੁਜ਼ਰ ਕੇ ਖਿਤਾਬੀ ਤਮਗਿਆਂ ਦੀ ਦੌੜ 'ਚ ਸ਼ਾਮਲ ਹੋਣਗੇ ।ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ 'ਤੇ ਝਾਤ ਮਾਰੀਏ ਤਾਂ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਪਹਿਲੀ ਵਾਰ 1930 'ਚ ਹੋਈ ਸੀ।
ਉਸ ਸਮੇਂ ਇਹ ਖੇਡਾਂ 'ਬ੍ਰਿਟਿਸ਼ ਇੰਪਾਇਰ ਗੇਮਜ਼' ਦੇ ਨਾਂ ਨਾਲ ਜਾਣੀਆਂ ਜਾਂਦੀਆਂ ਸਨ ਪਰ ਬਾਅਦ 'ਚ ਰਾਸ਼ਟਰਮੰਡਲ ਖੇਡਾਂ ਦਾ ਨਾਮ ਦਿੱਤਾ ਗਿਆ।ਕਾਮਨਵੈਲਥ ਖੇਡ ਫੈੱਡਰੇਸ਼ਨ ਵਲੋਂ ਹਰ ਚਾਰ ਸਾਲ ਦੇ ਵਖਫੇ ਨਾਲ ਰਾਸ਼ਟਰਮੰਡਲ ਦੇਸ਼ਾਂ 'ਚੋਂ ਕਿਸੇ ਇਕ ਦੇਸ਼ 'ਚ ਇਹ ਖੇਡਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ। 
ਭਾਰਤ ਲਈ ਪਹਿਲਾ ਤਮਗਾ ਰਸ਼ੀਦ ਅਨਵਰ ਨੇ ਜਿੱਤਿਆ ਸੀ 
ਭਾਰਤ ਨੇ 1934 'ਚ ਲੰਦਨ ਵਿਖੇ ਆਯੋਜਿਤ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ ਭਾਗ ਲਿਆ ਸੀ ਤੇ ਰਸ਼ੀਦ ਅਨਵਰ ਨੇ ਪੁਰਸ਼ ਕੁਸ਼ਤੀ ਵਰਗ 74 ਕਿਲੋ ਗ੍ਰਾਮ 'ਚ ਪਹਿਲਾ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਦੇ ਨਾਂ ਕੀਤਾ ਸੀ।ਰਾਸ਼ਟਰਮੰਡਲ ਖੇਡਾਂ 2010 ਦਾ ਭਾਰਤ ਵਲੋਂ ਸਫਲਤਾਪੂਰਵਕ ਆਯੋਜਨ ਕੀਤਾ ਗਿਆ ਸੀ। 2018 ਗੋਲਡ ਕੋਸਟ ਰਾਸ਼ਰਟਮੰਡਲ ਖੇਡਾਂ 'ਚ ਭਾਰਤ ਦੇ ਸਵਾ ਦੋ ਸੌ ਦੇ ਕਰੀਬ ਖਿਡਾਰੀ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। 
ਓਲੰਪਿਕ ਤੇ ਵਿਸ਼ਵ ਚੈਪੀਅਨਸ਼ਿਪ 'ਚ ਚਾਂਦੀ ਤਮਗਾ ਜੇਤੂ  ਬੈਡਮਿੰਟਨ ਸਟਾਰ ਸ਼ਟਲਰ ਪੀ. ਵੀ. ਸਿੰਧੂ ਭਾਰਤੀ ਦਲ ਦੀ ਝੰਡਾਬਰਦਾਰ ਵਜੋਂ ਅਗਵਾਈ ਕਰੇਗੀ। 4 ਅਪ੍ਰੈਲ ਨੂੰ ਰਾਸ਼ਟਰਮੰਡਲ ਦੇਸ਼ਾਂ ਦੇ ਖਿਡਾਰੀ ਸੋਹਣੀਆਂ ਰੰਗ-ਬਰੰਗੀਆਂ ਪੋਸ਼ਾਕਾ, ਸੱਭਿਆਚਾਰ ਰੰਗ, ਏਕਤਾ ਅਤੇ ਅਖੰਡਤਾ ਦੀ ਲੜੀ 'ਚ ਪਰੋਏ ਕਰਾਰਾ ਖੇਡ ਸਟੇਡੀਅਮ ਦੇ ਉਦਘਾਟਨੀ ਸਮਾਰੋਹ 'ਚ ਸ਼ਾਮਲ ਹੋਣਗੇ।
ਉਦਘਾਟਨੀ ਸਮਾਰੋਹ ਦੌਰਾਨ ਪ੍ਰਿੰਸ ਚਾਰਲਸ ਤੇ ਕੈਮਿਲਾ ਪਾਰਕਰ ਹੋਣਗੇ ਵਿਸ਼ੇਸ਼ ਮੁੱਖ ਮਹਿਮਾਨ 
ਇਨ੍ਹਾਂ ਖੇਡਾਂ ਦਾ ਮਨਮੋਹਣੀ ਆਤਿਸ਼ਬਾਜ਼ੀ, ਗੀਤ-ਸੰਗੀਤ ਤੇ ਲੱਖਾਂ ਖੇਡ ਪ੍ਰੇਮੀਆਂ ਦੀ ਹਾਜ਼ਰੀ 'ਚ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਰੰਗਾ-ਰੰਗ ਆਗਾਜ਼ ਹੋਣ ਜਾ ਰਿਹਾ ਹੈ।ਬਰਤਾਨਵੀ ਸ਼ਾਹੀ ਘਰਾਣੇ ਵਲੋਂ ਪ੍ਰਿੰਸ ਚਾਰਲਸ ਤੇ ਕੈਮਿਲਾ ਪਾਰਕਰ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਣਗੇ।
ਆਸਟਰੇਲੀਆਈ ਫੌਜ, ਪੁਲਸ ਤੇ ਵੱਖ-ਵੱਖ ਸੁਰੱਖਿਆ ਏਜੰਸੀਆਂ  ਵਲੋਂ ਜਲ, ਥਲ ਤੇ ਆਕਾਸ਼ 'ਚ ਅਤਿ-ਆਧੁਨਿਕ ਟੈਕਨਾਲੋਜੀ, ਹਥਿਆਰਾਂ ਤੇ ਡਰੋਨਜ਼ ਦੀ ਸਹਾਇਤਾ ਨਾਲ ਬਹੁਤ ਹੀ ਮੁਸ਼ਤੈਦੀ ਨਾਲ ਖੇਡ ਪਿੰਡ ਨੂੰ ਸੁਰੱਖਿਆ ਛੱਤਰੀ ਪ੍ਰਦਾਨ ਕੀਤੀ ਜਾ ਰਹੀ ਹੈ।
ਆਸਟਰੇਲੀਆਈ ਖਿਡਾਰੀਆਂ ਨੂੰ ਘਰੇਲੂ ਹਾਲਾਤ ਦਾ ਮਿਲੇਗਾ ਫਾਇਦਾ 
ਆਸਟਰੇਲੀਆਈ ਖਿਡਾਰੀਆਂ ਨੂੰ ਆਪਣੀ ਘਰੇਲੂ ਧਰਤੀ 'ਤੇ ਖੇਡਣ ਦਾ ਫਾਇਦਾ ਜ਼ਰੂਰ ਮਿਲੇਗਾ ਤੇ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਤਮਗਾ ਸੂਚੀ 'ਚ ਅੱਵਲ ਦਰਜਾ ਪ੍ਰਾਪਤ ਕੀਤਾ ਜਾ ਸਕੇ। ਰਾਸ਼ਟਰਮੰਡਲ ਖੇਡ ਮਹਾ ਸੰਘ, ਆਸਟਰੇਲੀਆਈ ਸੰਘੀ ਸਰਕਾਰ, ਕੁਈਨਜ਼ਲੈਂਡ ਸੂਬਾ ਸਰਕਾਰ, ਖੇਡ ਕਾਰਪੋਰੇਸ਼ਨ ਤੇ ਗੋਲਡ ਕੋਸਟ ਸਿਟੀ ਕੌਂਸਲ ਵਲੋਂ ਇਸ ਖੇਡ ਮਹਾਕੁੰਭ ਦੀਆਂ ਤਿਆਰੀਆ ਮੁਕੰਮਲ ਕਰ ਲਈਆਂ ਗਈਆਂ ਹਨ ਤੇ 4 ਅਪ੍ਰੈਲ ਦੇ ਉਦਘਾਟਨੀ ਸਮਾਰੋਹ ਦੀ ਬਹੁਤ ਹੀ ਉਤਸ਼ਾਹ ਤੇ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। 2022 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਬਰਮਿੰਘਮ ਸ਼ਹਿਰ ਦੇ ਹਿੱਸੇ ਆਈ ਹੈ।