ਗ੍ਰੇਟ ਖਲੀ ਤੋਂ ਵੀ ਲੰਬਾ ਰੈਸਲਰ ਹੁਣ ਕਰੇਗਾ WWE 'ਚ ਡੈਬਿਊ, ਕੱਦ ਹੈ 7 ਫੁੱਟ 3 ਇੰਚ

07/22/2019 10:19:09 PM

ਜਲੰਧਰ - ਐੱਨ. ਐਕਸ. ਟੀ. ਡਿਵੈੱਲਪਮੈਂਟ ਸੈਂਟਰ ਵਿਚ ਭਾਰਤੀ ਰੈਸਲਰ ਦਿ ਗ੍ਰੇਟ ਖਲੀ ਤੋਂ ਲੰਬਾ ਰੈਸਲਰ ਤਿਆਰ ਹੋ ਰਿਹਾ ਹੈ। ਜੌਰਡਨ ਓਮੋਗਬੇਹਿਨ ਨਾਮੀ ਇਸ ਰੈਸਲਰ ਦਾ ਕੱਦ 7 ਫੁੱਟ 3 ਇੰਚ ਹੈ, ਜਿਹੜਾ ਕਿ ਖਲੀ ਤੋਂ 2 ਇੰਚ ਵੱਡਾ ਹੈ। 25 ਸਾਲਾ ਜੌਰਡਨ ਨੇ ਐੱਨ. ਐਕਸ. ਟੀ. ਦੇ ਇਕ ਈਵੈਂਟ ਵਿਚ ਦੋ ਰੈਸਲਰਾਂ ਨੂੰ ਇਕੱਠੇ ਰਿੰਗ ਵਿਚ ਹਰਾ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।


ਨਾਈਜੀਰੀਆ ਦਾ ਰਹਿਣ ਵਾਲਾ ਜੌਰਡਨ ਅਮਰੀਕਾ ਦੇ ਵਰਜੀਨੀਆ ਵਿਚ ਆਉਣ ਤੋਂ ਬਾਅਦ ਕਾਫੀ ਸਮੇਂ ਤਕ ਬਾਸਕਟਬਾਲ ਖੇਡਦਾ ਰਿਹਾ। ਉਸ ਨੂੰ ਬਾਸਕਟਬਾਲ ਕੋਰਟ 'ਤੇ ਪਹਿਲੀ ਵਾਰ ਐੱਨ. ਐਕਸ. ਟੀ. ਦੇ ਫਾਊਂਡਰ ਟ੍ਰਿਪਲ ਐੱਚ ਨੇ ਦੇਖਿਆ ਸੀ। 9 ਮਹੀਨੇ ਪਹਿਲਾਂ ਉਹ ਜੌਰਡਨ ਨੂੰ ਆਪਣੇ ਨਾਂ ਲੈ ਆਇਆ ਤੇ ਉਸ ਨੂੰ ਡਿਵੈੱਲਪਮੈਂਟ ਸੈਂਟਰ ਵਿਚ ਟ੍ਰੇਨਿੰਗ ਦਿਵਾ ਰਿਹਾ ਹੈ। ਆਪਣੇ ਕੱਦ ਕਾਰਣ ਡਬਲਯੂ. ਡਬਲਯੂ. ਈ. ਦਾ ਤੀਜਾ ਸਭ ਤੋਂ ਲੰਬਾ ਰੈਸਲਰ ਬਣਿਆ ਜੌਰਡਨ ਫਲੋਰਿਡਾ ਦੇ ਪ੍ਰਫਾਰਮੈਂਸ ਸੈਂਟਰ ਵਿਚ ਆਪਣੀ ਪਹਿਲੀ ਟ੍ਰੇਨਿਗ ਪੂਰੀ ਕਰ ਚੁੱਕਾ ਹੈ। ਹੁਣ ਰੈਸਲਿੰਗ ਫੈਨਜ਼ ਉਸ ਨੂੰ ਜਲਦ ਹੀ ਡਬਲਯੂ. ਡਬਲਯੂ. ਈ. ਰਿੰਗ ਵਿਚ ਦੇਖ ਸਕਣਗੇ। 


ਜ਼ਿਕਰਯੋਗ ਹੈ ਕਿ ਰੈਸਲਿੰਗ ਜਗਤ ਵਿਚ ਹੁਣ ਤਕ ਸਭ ਤੋਂ ਲੰਬੇ ਰੈਸਲਰ ਦੀ ਉਪਲੱਬਧੀ ਜਾਯੰਟ ਗੋਂਜਾਲੇਜ ਦੇ ਨਾਂ 'ਤੇ ਹੈ, ਜਿਹੜਾ 8 ਫੁੱਟ ਲੰਬਾ ਸੀ। ਉਸ ਦੀ 2010 ਵਿਚ 44 ਸਾਲ ਦੀ ਉਮਰ ਵਿਚ ਮੌਤ ਹੋ ਗਈ ਸੀ। ਉਸ ਤੋਂ ਬਾਅਦ 7 ਫੁੱਟ 4 ਇੰਚ ਦਾ ਆਂਦ੍ਰੇ ਦਿ ਜਾਯੰਟ ਦਾ ਨਾਂ ਆਉਂਦਾ ਸੀ। ਹੁਣ ਜੌਰਡਨ 7 ਫੁੱਟ 3 ਇੰਚ ਕੱਦ ਨਾਲ ਇਸ ਲਿਸਟ ਵਿਚ ਤੀਜੇ ਨੰਬਰ 'ਤੇ ਆ ਗਿਆ ਹੈ। ਜਦਕਿ ਇਸ ਤੋਂ ਪਹਿਲਾਂ ਤੀਜੇ ਸਥਾਨ 'ਤੇ 7 ਫੁੱਟ 1 ਇੰਚ ਕੱਦ ਵਾਲੇ ਭਾਰਤੀ ਰੈਸਲਰ ਗ੍ਰੇਟ ਖਲੀ ਦਾ ਕਬਜ਼ਾ ਸੀ।

Gurdeep Singh

This news is Content Editor Gurdeep Singh