IOC ਵਚਨਬੱਧ ਪਰ ਸਖਤ ਵਿਰੋਧ ਦਾ ਕਰਨਾ ਪੈ ਰਿਹਾ ਸਾਹਮਣਾ

03/19/2020 2:12:52 AM

ਮੁੰਬਈ - ਅੰਤਰਰਾਸ਼ਟਰੀ ਓਲੰਪਿਕ ਸਮਿਤੀ (ਆਈ. ਓ. ਸੀ.) ਟੋਕੀਓ ਓਲੰਪਿਕ ਖੇਡਾਂ ਨੂੰ 24 ਜੁਲਾਈ ਤੋਂ 9 ਅਗਸਤ ਤਕ ਦੇ ਨਿਰਧਾਰਤ ਸਮੇਂ 'ਤੇ ਕਰਵਾਉਣ ਲਈ ਵਚਨਬੱਧ ਹੈ ਪਰ ਉਸ ਨੂੰ ਕੌਮਾਂਤਰੀ ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਦੇ ਖਤਰੇ ਵਿਚਾਲੇ ਓਲੰਪਿਕ ਕਰਵਾਉਣ ਦੀ ਵਚਨਬੱਧਤਾ ਨੂੰ ਲੈ ਕੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਦੇ ਕਹਿਰ ਨਾਲ 7500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2 ਲੱਖ ਤੋਂ ਜ਼ਿਆਦਾ ਲੋਕ ਇਸ ਬੀਮਾਰੀ ਤੋਂ ਪੀੜਤ ਹੋ ਚੁੱਕੇ ਹਨ। ਯੂਰਪ ਹੁਣ ਇਸ ਖਤਰਨਾਕ ਵਾਇਰਸ ਦਾ ਕੇਂਦਰ ਬਣ ਚੁੱਕਾ ਹੈ।
ਦੁਨੀਆ ਭਰ 'ਚ ਫੁੱਟਬਾਲ ਦੇ ਯੂਰੋ-2020 ਅਤੇ ਕੋਪਾ ਅਮਰੀਕਾ ਅਤੇ ਫ੍ਰੈਂਚ ਓਪਨ ਟੈਨਿਸ ਗ੍ਰੈਂਡ ਸਲੈਮ ਵਰਗੇ ਵੱਡੇ ਟੂਰਨਾਮੈਂਟ ਮੁਲਤਵੀ ਕੀਤੇ ਜਾ ਚੁੱਕੇ ਹਨ ਪਰ ਆਈ. ਓ. ਸੀ. ਨੇ ਟੋਕੀਓ ਓਲੰਪਿਕ ਨੂੰ ਰੱਦ ਕਰਨ ਜਾਂ ਮੁਲਤਵੀ ਕਰਨ ਦੀ ਸੰਭਾਵਨਾ ਬਾਰੇ ਜਨਤਕ ਤੌਰ 'ਤੇ ਅਜੇ ਕੁਝ ਨਹੀਂ ਕਿਹਾ ਹੈ। ਆਈ. ਓ. ਸੀ. ਨੇ ਟੋਕੀਓ ਓਲੰਪਿਕ ਦੇ ਆਯੋਜਨ ਨੂੰ ਲੈ ਕੇ ਬੁੱਧਵਾਰ ਰਾਸ਼ਟਰੀ ਓਲੰਪਿਕ ਸਮਿਤੀਆਂ ਨਾਲ ਚਰਚਾ ਕੀਤੀ। ਆਈ. ਓ. ਸੀ. ਨੇ ਮੰਗਲਵਾਰ ਅੰਤਰਰਾਸ਼ਟਰੀ ਖੇਡ ਮਹਾਸੰਘਾਂ ਨਾਲ ਬੈਠਕ ਤੋਂ ਬਾਅਦ ਕਿਹਾ ਸੀ ਕਿ ਕੋਰੋਨਾ ਖਿਲਾਫ ਉਠਾਏ ਕਦਮਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ। ਇਸ ਵਾਇਰਸ ਨੇ ਓਲੰਪਿਕ ਕੁਆਲੀਫਿਕੇਸ਼ਨ ਟੂਰਨਾਮੈਂਟਾਂ ਵਿਚ ਕਹਿਰ ਵਰ੍ਹਾਇਆ ਹੈ, ਜਿਸ ਨਾਲ ਕੁਆਲੀਫਾਇਰ ਜਾਂ ਤਾਂ ਰੱਦ ਕੀਤੇ ਗਏ ਹਨ ਜਾਂ ਫਿਰ ਮੁਲਤਵੀ ਹੋ ਚੁੱਕੇ ਹਨ।  


ਐਥਲੀਟਾਂ ਨੂੰ ਟ੍ਰੇਨਿੰਗ ਕਰਨ, ਯਾਤਰਾ ਕਰਨ ਅਤੇ ਮੁਕਾਬਲੇਬਾਜ਼ੀ ਕਰਨ ਵਿਚ ਪ੍ਰੇਸ਼ਾਨੀ  ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਪਾਨ ਦੇ ਸ਼ਹਿਰ ਟੋਕੀਓ ਨੇ 11 ਹਜ਼ਾਰ ਦੇ ਕਰੀਬ ਐਥਲੀਟਾਂ ਦੀ ਮੇਜ਼ਬਾਨੀ ਕਰਨੀ ਹੈ ਅਤੇ 50 ਫੀਸਦੀ ਤੋਂ ਜ਼ਿਆਦਾ ਐਥਲੀਟ ਇਨ੍ਹਾਂ ਖੇਡਾਂ ਲਈ ਕੁਆਲੀਫਾਈ ਕਰ ਚੁੱਕੇ ਹਨ। ਬਾਕੀ ਐਥਲੀਟਾਂ ਨੂੰ ਕੁਆਲੀਫਿਕੇਸ਼ਨ ਜਾਂ ਰੈਂਕਿੰਗ ਦੇ ਆਧਾਰ 'ਤੇ ਓਲੰਪਿਕ ਵਿਚ ਐਂਟਰੀ ਮਿਲਣੀ ਹੈ। ਆਈ. ਓ. ਸੀ. ਦੀ ਮੈਂਬਰ ਹੈਲੀ ਵਿਕੇਨਹੇਸਰ ਨੇ ਖੇਡਾਂ ਨੂੰ ਜਾਰੀ ਰੱਖਣ ਦੇ ਫੈਸਲੇ ਨੂੰ ਸੰਵੇਦਨਹੀਣ ਅਤੇ ਗੈਰ-ਜ਼ਿੰਮੇਵਾਰਾਨਾ ਦੱਸਿਆ ਹੈ। ਵਿਕੇਨ ਹੇਸਰ ਨੇ ਆਈਸ ਹਾਕੀ ਵਿਚ 5 ਸਰਦ-ਰੁੱਤ ਖੇਡਾਂ ਵਿਚ ਹਿੱਸਾ ਲਿਆ ਹੈ।
ਉਸ ਨੇ ਕਿਹਾ ਕਿ ਇਹ ਸੰਕਟ ਬਹੁਤ ਵੱਡਾ ਹੈ। ਜੇਕਰ ਅਸੀਂ ਖੇਡਾਂ ਨੂੰ ਨਿਰਧਾਰਤ ਪ੍ਰੋਗਰਾਮ ਅਨੁਸਾਰ ਆਯੋਜਿਤ ਕਰਦੇ ਹਾਂ ਤਾਂ ਅਸੀਂ ਇਸ ਖਤਰਨਾਕ ਵਾਇਰਸ ਦੇ ਖਤਰੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰਹੇ ਹਾਂ। ਐਥਲੀਟ ਟ੍ਰੇਨਿੰਗ ਨਹੀਂ ਕਰ ਪਾ ਰਹੇ ਹਨ। ਯਾਤਰਾ ਕਰਨਾ ਮੁਸ਼ਕਿਲ ਹੈ ਅਤੇ ਬਾਜ਼ਾਰ ਤੇ ਸਪਾਂਸਰਾਂ ਦੀ ਹਾਲਤ ਖਰਾਬ ਹੈ। ਮਾਨਵਤਾ ਦੀ ਮੌਜੂਦਾ ਖਰਾਬ ਹਾਲਤ ਨੂੰ ਦੇਖਦੇ ਹੋਏ ਓਲੰਪਿਕ ਕਰਵਾਉਣਾ ਸਹੀ ਫੈਸਲਾ ਨਹੀਂ ਹੈ।

Gurdeep Singh

This news is Content Editor Gurdeep Singh