ਫੀਫਾ ਅੰਡਰ-17 ਲਈ ਭਾਰਤੀ ਟੀਮ ਦਾ ਐਲਾਨ

09/23/2017 3:28:11 AM

ਨਵੀਂ ਦਿੱਲੀ— ਭਾਰਤ ਦੀ ਧਰਤੀ 'ਤੇ ਪਹਿਲੀ ਵਾਰ ਆਯੋਜਿਤ ਹੋ ਰਹੇ ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਲਈ 21 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿਚ ਇਕੱਲੇ ਮਣੀਪੁਰ ਤੋਂ 8 ਖਿਡਾਰੀ ਤੇ ਦੋ ਐੱਨ. ਆਰ. ਆਈ. ਖਿਡਾਰੀ ਸ਼ਾਮਲ ਹਨ। ਫੀਫਾ ਵਿਸ਼ਵ ਕੱਪ ਦਾ ਆਯੋਜਨ ਦੇਸ਼ ਵਿਚ ਪਹਿਲੀ ਵਾਰ ਹੋ ਰਿਹਾ ਹੈ, ਜਿਸ ਦੀ ਸ਼ੁਰੂਆਤ 6 ਅਕਤੂਬਰ ਤੋਂ ਹੋਵੇਗੀ। ਮੇਜ਼ਬਾਨ ਭਾਰਤੀ ਟੀਮ ਨੂੰ ਟੂਰਨਾਮੈਂਟ ਦੇ ਗਰੁੱਪ-ਏ ਵਿਚ ਸ਼ਾਮਲ ਕੀਤਾ ਗਿਆ ਹੈ, ਜਿਥੇ ਉਸ ਦੇ ਨਾਲ ਅਮਰੀਕਾ, ਕੋਲੰਬੀਆ ਤੇ ਘਾਨਾ ਦੀਆਂ ਟੀਮਾਂ ਹਨ।  ਭਾਰਤ 6 ਅਕਤੂਬਰ ਨੂੰ ਆਪਣਾ ਪਹਿਲਾ ਮੁਕਾਬਲਾ ਅਮਰੀਕਾ ਨਾਲ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਖੇਡੇਗਾ। ਉਸ ਤੋਂ ਬਾਅਦ ਉਹ 9 ਤੇ 12 ਅਕਤੂਬਰ ਨੂੰ ਨਹਿਰੂ ਸਟੇਡੀਅਮ ਵਿਚ ਹੀ ਕੋਲੰਬੀਆ ਤੇ ਘਾਨਾ ਵਿਰੁੱਧ ਮੈਚ ਖੇਡਣ ਉਤਰੇਗਾ।
ਭਾਰਤ ਦੀ ਅੰਡਰ-17 ਟੀਮ ਦੇ ਕੋਚ ਲੂਈਸ ਨਾਰਟਰਨ ਡੀ ਮਾਤੋਸ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਸੀਂ ਅੰਡਰ-17 ਟੂਰਨਾਮੈਂਟ ਲਈ ਤਿਆਰ ਹਾਂ। ਅਸੀਂ ਕਾਫੀ ਮਿਹਨਤ ਕੀਤੀ ਹੈ ਤੇ ਖੇਡ ਵਿਚ ਸੁਧਾਰ ਕੀਤਾ ਹੈ ਪਰ ਨਾਲ ਹੀ ਅਸੀਂ ਦੁਨੀਆ ਦੀਆਂ ਬਿਹਤਰੀਨ ਟੀਮਾਂ ਨਾਲ ਉੱਚ ਪੱਧਰੀ ਮੁਕਾਬਲੇ ਕਰਨ ਲਈ ਵੀ ਤਿਆਰ ਹਾਂ। ਕੋਚ ਨੇ ਕਿਹਾ ਕਿ ਅਸੀਂ ਹਰ ਮੈਚ ਜਿੱਤਣ ਦੀ ਕੋਸ਼ਿਸ਼ ਕਰਾਂਗੇ ਚਾਹੇ ਜਿੱਤਣ ਦੀ ਉਮੀਦ 5 ਫੀਸਦੀ ਹੀ ਕਿਉਂ ਨਾ ਹੋਵੇ। ਅਸੀਂ ਹਾਰ ਨਹੀਂ ਮੰਨਾਂਗੇ ਤੇ ਫੁੱਟਬਾਲ ਵਿਚ ਕੁਝ ਵੀ ਅਸੰਭਵ ਨਹੀਂ ਹੁੰਦਾ ਹੈ। ਅਸੀਂ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਉਨ੍ਹਾਂ ਦੀ ਤਰ੍ਹਾਂ ਮਜ਼ਬੂਤ ਹਾਂ। ਫੀਫਾ ਟੂਰਨਾਮੈਂਟ ਵਿਚ ਆਪਣੀ ਸਭ ਤੋਂ ਮਜ਼ਬੂਤ ਟੀਮ ਉਤਾਰਨ ਦੇ ਟੀਚੇ ਨਾਲ ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਨੇ ਅੰਡਰ-17 ਖਿਡਾਰੀਆਂ ਨੂੰ ਕਈ ਵਿਦੇਸ਼ੀ ਦੌਰਿਆਂ 'ਤੇ ਭੇਜਿਆ, ਜਿਥੇ ਉਨ੍ਹਾਂ ਨੇ ਮੇਸੇਡੋਨੀਆ, ਸਰਬੀਆ ਤੇ ਬੇਨੇਫਿਕਾ ਵਰਗੀਆਂ ਟੀਮਾਂ ਨਾਲ ਮੁਕਾਬਲੇ ਖੇਡੇ ਹਨ। ਭਾਰਤੀ ਟੀਮ ਨੇ ਮੈਕਸੀਕੋ 'ਚ ਚਾਰ ਰਾਸ਼ਟਰਾਂ ਦੇ ਟੂਰਨਾਮੈਂਟ 'ਚ ਵੀ ਹਿੱਸਾ ਲਿਆ, ਜਿਥੇ ਉਸ ਨੇ ਮੈਕਸੀਕੋ ਤੇ ਕੋਲੰਬੀਆ ਦੀਆਂ ਟੀਮਾਂ ਤੋਂ ਮੈਚ ਹਾਰੇ ਪਰ ਚਿਲੀ ਨਾਲ 1-1 ਨਾਲ ਡਰਾਅ ਖੇਡ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਮਾਤੋਸ ਨੇ ਕਿਹਾ ਕਿ ਚਿਲੀ ਤੇ ਮੇਸੇਡੋਨੀਆ ਵਿਰੁੱਧ ਅਸੀਂ ਕਾਫੀ ਚੰਗਾ ਨਤੀਜਾ ਹਾਸਲ ਕੀਤਾ ਪਰ ਫੀਫਾ ਅੰਡਰ-17 ਵਿਸ਼ਵ ਕੱਪ ਇਕ ਵੱਖਰੀ ਚੈਂਪੀਅਨਸ਼ਿਪ ਹੋਵੇਗੀ ਤੇ ਇਸ ਵਿਚ ਅਤੇ ਦੋਸਤਾਨਾ ਮੈਚਾਂ ਵਿਚ ਕਾਫੀ ਫਰਕ ਹੁੰਦਾ ਹੈ, ਹਾਲਾਂਕਿ ਖਿਡਾਰੀਆਂ ਦਾ ਪੱਧਰ ਬਹੁਤ ਉੱਚਾ ਹੈ ਤੇ ਜਿਵੇਂ ਹੀ ਫੀਫਾ ਵਿਸ਼ਵ ਕੱਪ ਸ਼ੁਰੂ ਹੋਵੇਗਾ, ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ।
ਭਾਰਤੀ ਫੀਫਾ ਅੰਡਰ-17 ਵਿਸ਼ਵ ਕੱਪ ਟੀਮ ਇਸ ਤਰ੍ਹਾਂ ਹੈ 
ਗੋਲਕੀਪਰ— ਧੀਰਜ ਸਿੰਘ, ਪ੍ਰਭਸੁਖਨ ਗਿੱਲ, ਸੰਨੀ ਧਾਲੀਵਾਲ।
ਡਿਫੈਂਡਰ— ਬੋਰਿਸ ਸਿੰਘ, ਜਿਤੇਂਦਰ ਸਿੰਘ, ਅਨਵਰ ਅਲੀ, ਸੰਜੀਵ ਸਟਾਲਿਨ, ਹੈਂਡ੍ਰੀ ਐਂਟੋਨੀ, ਨਾਮਿਤ ਦੇਸ਼ਪਾਂਡੇ।
ਮਿਡਫੀਲਡਰ— ਸੁਰੇਸ਼ ਸਿੰਘ, ਨਿਨਥੋਈਗਾਂਬਾ ਮੀਤੇਈ, ਅਮਰਜੀਤ ਸਿੰਘ ਕਿਯਾਮ, ਅਭਿਜੀਤ ਸਰਕਾਰ, ਕੋਮਲ ਥਾਟਲ ਲਾਲੇਂਗਮਾਵੀਆ, ਜੈਕਸਨ ਸਿੰਘ, ਨੋਂਗਡਾਮਬਾ ਨਾਓਰੇਮੇ, ਰਾਹੁਲ ਕਨੋਲੀ ਪ੍ਰਵੀਨ, ਮੁਹੰਮਦ ਸ਼ਾਹਜਹਾਂ।
ਫਾਰਵਰਡ—ਰਹੀਮ ਅਲੀ, ਅਨਿਕੇਤ ਜਾਧਵ।