8ਵੀਂ ਐਜੂਕੇਸ਼ਨਲ ਫੁੱਟਬਾਲ ਤੇ ਕਬੱਡੀ ਲੀਗ ਦਾ ਉਦਘਾਟਨ ਅੱਜ

11/13/2018 12:22:15 AM

ਜਲੰਧਰ (ਜ. ਬ.)— ਹਰ ਸਾਲ ਦੀ ਤਰ੍ਹਾਂ ਜਗ ਬਾਣੀ ਦੇ ਸਹਿਯੋਗ ਤੇ ਪੰਜਾਬ ਦੇ ਨਾਮਵਰ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵਲੋਂ ਕਰਵਾਈ ਜਾ ਰਹੀ ਐਜੂਕੇਸ਼ਨਲ ਫੁੱਟਬਾਲ ਤੇ ਕਬੱਡੀ ਲੀਗ ਦੇ 8ਵੇਂ ਸੈਸ਼ਨ ਦਾ ਉਦਘਾਟਨ 13 ਨਵੰਬਰ 2018 ਦਿਨ ਮੰਗਲਵਾਰ ਨੂੰ ਰੁੜਕਾ ਕਲਾਂ ਦੇ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਲੀਗ 'ਚ ਪ੍ਰਵਾਸੀ ਭਾਰਤੀਆਂ, ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਸੰਸਥਾਵਾਂ ਤੇ ਨਗਰ ਵਾਸੀਆਂ ਦਾ ਵੀ ਵਿਸ਼ੇਸ਼ ਸਹਿਯੋਗ ਹੈ। ਜ਼ਿਕਰਯੋਗ ਹੈ ਕਿ ਇਹ ਲੀਗ ਤਕਰੀਬਨ 90 ਦਿਨਾਂ ਤੱਕ ਕਰਵਾਈ ਜਾਵੇਗੀ। ਇਸ ਦੌਰਾਨ ਫੁੱਟਬਾਲ, ਕੁਸ਼ਤੀ, ਕਬੱਡੀ ਤੇ ਕ੍ਰਿਕਟ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਇਸ ਦੇ ਨਾਲ ਹੀ ਅੰਤਰਰਾਸ਼ਟਰੀ ਮਹਿਲਾ ਫੁੱਟਬਾਲ ਫੈਸਟੀਵਲ 'ਗਰਲਜ਼ ਪਲੇਅ ਗਰਲਜ਼ ਲੀਡ' ਵੀ ਕਰਵਾਇਆ ਜਾ ਰਿਹਾ ਹੈ।
ਅੱਜ ਕਲੱਬ ਵਲੋਂ ਖੇਡਾਂ ਪ੍ਰਤੀ ਲੋਕਾ ਨੂੰ ਜਾਗਰੂਕ ਕਰਨ ਲਈ ਪਿੰਡ 'ਚ ਰੈਲੀ ਕੱਢੀ ਗਈ, ਜਿਸ 'ਚ ਵਿਦੇਸ਼ਾਂ ਤੋਂ ਆਏ ਹੋਏ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਰੈਲੀ ਵਿਚ ਜਨਰੇਸ਼ਨ ਐਮਰਜਿੰਗ ਤੋਂ ਪੁੱਜੇ ਹਾਲਾ ਖਾਲਫ, ਅਲਵੀਰਾ, ਕਿੱਕ ਫੇਅਰ ਜਰਮਨੀ ਤੋਂ ਨਦੀਨ ਅਤੇ ਬਾਕੀ ਟੀਮਾਂ ਨੇ ਹਿੱਸਾ ਲਿਆ। 
ਫੈਸਟੀਵਲ 'ਚ ਫੁੱਟਬਾਲ ਦੇ ਨਾਲ-ਨਾਲ ਫੁੱਟਬਾਲ-3 ਤੇ ਸਪੋਰਟਸ ਫਾਰ ਡਿਵੈੱਲਪਮੈਂਟ ਲਈ ਵਰਕਸ਼ਾਪਾਂ ਵੀ ਲਾਈਆਂ ਜਾਣਗੀਆਂ। ਫੈਸਟੀਵਲ 'ਚ ਅੰਤਰਰਾਸ਼ਟਰੀ ਪੱਧਰ ਦੀਆਂ ਨੇਪਾਲ, ਕੈਨੇਡਾ ਅਤੇ ਯੂ. ਕੇ. ਅਤੇ ਰਾਸ਼ਟਰੀ ਪੱਧਰ ਦੀਆਂ ਮੁੰਬਈ, ਨਾਗਪੁਰ, ਬੈਂਗਲੁਰੂ, ਝਾਰਖੰਡ, ਦਿੱਲੀ, ਮਿਜ਼ੋਰਮ, ਹਰਿਆਣਾ, ਪੰਜਾਬ ਤੇ ਵਾਈ. ਐੱਫ. ਸੀ. ਰੁੜਕਾ ਕਲਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਫੈਸਟੀਵਲ ਦੀ ਖਾਸ ਗੱਲ ਇਹ ਹੈ ਕਿ ਫੁੱਟਬਾਲ ਨੂੰ ਪ੍ਰਮੋਟ ਕਰਨ ਲਈ ਫੁੱਟਬਾਲ ਲਰਨਿੰਗ ਗਲੋਬਲ ਦੀ ਮੀਟਿੰਗ 'ਚ ਹਿੱਸਾ ਲੈਣ ਲਈ ਵੱਖ-ਵੱਖ ਦੇਸ਼ਾਂ, ਜਿਵੇਂ ਬ੍ਰਾਜ਼ੀਲ, ਰਵਾਂਡਾ, ਪੈਰਾਗਵੇ, ਚਿੱਲੀ, ਕੀਨੀਆ, ਇਜ਼ਰਾਈਲ ਅਤੇ ਜਰਮਨੀ ਤੋਂ ਫੁੱਟਬਾਲ ਲਰਨਿੰਗ ਗਲੋਬਲ ਦੇ ਮੈਂਬਰ ਪੁੱਜ ਚੁੱਕੇ ਹਨ।  
ਇਸ ਵਾਰ ਪੰਜਾਬ 'ਚ ਪਹਿਲੀ ਵਾਰ ਯੂ. ਐੈੱਸ. ਏ. ਕਬੱਡੀ ਦੀਆਂ ਵੱਡੀਆਂ ਟੀਮਾਂ ਦਾ ਮਹਾ-ਮੁਕਾਬਲਾ ਵਾਈ. ਐੱਫ. ਸੀ. ਰੁੜਕਾ ਕਲਾਂ ਦੇ ਖੇਡ ਮੈਦਾਨ 'ਚ ਕਰਵਾਇਆ ਜਾਵੇਗਾ। ਇਸ ਦੇ ਨਾਲ ਪਹਿਲੀ ਵਾਰ ਦੁਨੀਆ ਦੀਆਂ ਨਾਮਵਰ ਕਬੱਡੀ ਟੀਮਾ ਬੇ-ਏਰੀਆ ਸਪੋਰਟਸ ਕਲੱਬ ਕੈਲੀਫੋਰਨੀਆ ਅਤੇ ਰਾਇਲ ਕਿੰਗਜ਼ ਯੂ. ਐੱਸ. ਏ. ਦਾ ਕਬੱਡੀ ਕੱਪ ਹੋਵੇਗਾ, ਜਿਸ 'ਚ ਪਹਿਲਾ ਇਨਾਮ 1 ਲੱਖ 24 ਹਜ਼ਾਰ ਰੁਪਏ ਅਤੇ ਦੂਜਾ ਇਨਾਮ 75 ਹਜ਼ਾਰ ਰੁਪਏ ਦਾ ਹੋਵੇਗਾ ਅਤੇ ਬੈਸਟ ਰੇਡਰ ਨੂੰ 21 ਹਜ਼ਾਰ ਤੇ ਬੈਸਟ ਜਾਫੀ ਨੂੰ ਵੀ 21 ਹਜ਼ਾਰ ਰੁਪਏ ਦਿੱਤੇ ਜਾਣਗੇ । ਇਹ ਮੁਕਾਬਲਾ ਮੰਗਲਵਾਰ 13 ਨਵੰਬਰ ਨੂੰ ਹੋਵੇਗਾ । ਇਸ ਤੋਂ ਇਲਾਵਾ ਬੱਚਿਆਂ ਦਾ ਮਾਰਚ ਪਾਸਟ ਤੇ ਸੱਭਿਆਚਾਰਕ ਪ੍ਰੋਗਰਾਮ ਖਿੱਚ ਦਾ ਕੇਂਦਰ ਹੋਵੇਗਾ। ਸੱਭਿਆਚਾਰਕ ਪ੍ਰੋਗਰਾਮ 'ਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਕਮਲ ਹੀਰ ਵਲੋਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਕਲੱਬ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਦੱਸਿਆ ਕਿ ਸਭ ਦੇ ਸਹਿਯੋਗ ਨਾਲ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਮੁਹੰਮਲ ਹੋ ਗਈਆਂ ਹਨ।