ਆਸਟਰੇਲੀਆ ਨੇ ਨਿਊਜ਼ੀਲੈਂਡ ''ਤੇ ਕੀਤਾ ਕਲੀਨ ਸਵੀਪ, ਲਾਬੂਚਾਨੇ  ''ਮੈਨ ਆਫ ਦਿ ਮੈਚ''

01/07/2020 12:51:15 PM

ਸਿਡਨੀ : ਬੱਲੇਬਾਜ਼ ਡੇਵਿਡ ਵਾਰਨਰ ਤੇ ਗੇਂਦਬਾਜ਼ ਨਾਥਨ ਲਿਓਨ ਦੇ ਬਿਹਤਰੀਨ ਪ੍ਰਦਰਸ਼ਨ ਦੀ ਬਦੌਲਤ ਆਸਟਰੇਲੀਆ ਨੇ ਤੀਜੇ ਟੈਸਟ ਦੇ ਚੌਥੇ ਦਿਨ ਆਖਰੀ ਸੈਸ਼ਨ ਵਿਚ ਬਾਕੀ 6 ਵਿਕਟਾਂ ਲੈਣ ਦੇ ਨਾਲ ਹੀ ਮਹਿਮਾਨ ਟੀਮ ਨਿਊਜ਼ੀਲੈਂਡ ਵਿਰੁੱਧ ਸੋਮਵਾਰ 279 ਦੌੜਾਂ ਨਾਲ ਜਿੱਤ ਆਪਣੇ ਨਾਂ ਕਰਨ ਦੇ ਨਾਲ ਹੀ ਸੀਰੀਜ਼ ਵਿਚ ਵੀ 3-0 ਨਾਲ ਕਲੀਨ ਸਵੀਪ ਹਾਸਲ ਕਰ ਲਈ। ਸਿਡਨੀ ਕ੍ਰਿਕਟ ਗਰਾਊਂਡ 'ਤੇ ਖੇਡੇ ਗਏ ਮੁਕਾਬਲੇ ਵਿਚ ਆਸਟਰੇਲੀਆ ਨੇ ਨਿਊਜ਼ੀਲੈਂਡ ਸਾਹਮਣੇ 419 ਦੌੜਾਂ ਦਾ ਵੱਡਾ ਟੀਚਾ ਰੱਖਿਆ ਸੀ ਪਰ  ਨਿਊਜ਼ੀਲੈਂਡ ਟੀਮ 47.5 ਓਵਰਾਂ ਵਿਚ 136 ਦੌੜਾਂ 'ਤੇ ਢੇਰ ਹੋ ਗਈ ਤੇ ਮੁਕਾਬਲਾ 4 ਦਿਨ ਵਿਚ ਹੀ ਖਤਮ ਹੋ ਗਿਆ। ਮੇਜ਼ਬਾਨ ਟੀਮ ਵਲੋਂ ਲਿਓਨ ਨੇ ਕੀਵੀ ਟੀਮ ਦੀ ਦੂਜੀ ਪਾਰੀ ਵਿਚ 16.5 ਓਵਰਾਂ ਵਿਚ 50 ਦੌੜਾਂ ਦੇ ਕੇ ਸਭ ਤੋਂ ਵੱਧ 5 ਵਿਕਟਾਂ ਲਈਆਂ। ਲਿਓਨ ਨੇ ਪਹਿਲੀ ਪਾਰੀ ਵਿਚ 68 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ ਤੇ ਇਸ ਤਰ੍ਹਾਂ ਮੈਚ ਵਿਚ ਆਪਣੀਆਂ 10 ਵਿਕਟਾਂ ਵੀ ਪੂਰੀਆਂ ਕੀਤੀਆਂ।

PunjabKesari

ਨਿਊਜ਼ੀਲੈਂਡ ਨੇ ਦੂਜੀ ਪਾਰੀ ਵਿਚ ਚਾਹ ਦੀ ਬ੍ਰੇਕ ਤਕ 27 ਦੌੜਾਂ 'ਤੇ 4 ਵਿਕਟਾਂ ਗੁਆਈਆਂ ਤੇ ਟਾਮ ਬਲੰਡੇਲ, ਜੀਤ ਰਾਵਲ ਤੇ ਗਲੇਨ ਫਿਲਿਪਸ ਦੀਆਂ ਵਿਕਟਾਂ ਲਗਾਤਾਰ ਡਿੱਗ ਗਈਆਂ, ਜਦਕਿ ਪਾਰੀ ਵਿਚ ਉਸ ਦੇ 37 ਓਵਰ ਬਾਕੀ ਸਨ। ਲਿਓਨ ਨੇ ਬਿਹਤਰੀਨ ਸਪਿਨ ਗੇਂਦਬਾਜ਼ੀ ਦੀ ਬਦੌਲਤ ਆਪਣੇ ਹਰ ਓਵਰ ਵਿਚ ਵਿਕਟਾਂ ਲਈਆਂ, ਜਦਕਿ ਮਿਸ਼ੇਲ ਸਟਾਰਕ ਨੇ ਬਲੰਡੇਲ ਤੇ ਲਾਥਮ ਨੂੰ ਆਊਟ ਕੀਤਾ ਤੇ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਕੀਵੀ ਟੀਮ ਦੀ ਪਾਰੀ ਵਿਚ ਹੇਠਲੇਕ੍ਰਮ ਵਿਚ ਕੌਲਿਨ ਡੀ ਗ੍ਰੈਂਡਹੋਮ ਦੀ 52 ਦੌੜਾਂ ਦੀ ਪਾਰੀ ਸਭ ਤੋਂ ਵੱਡੀ ਰਹੀ।

ਲਾਬੂਚਾਨੇ ਬਣਿਆ  'ਮੈਨ ਆਫ ਦਿ ਮੈਚ' ਤੇ 'ਮੈਨ ਆਫ ਦਿ ਸੀਰੀਜ਼'
PunjabKesari
ਨੌਜਵਾਨ ਬੱਲੇਬਾਜ਼ ਮਾਰਨਸ ਲਾਬੂਚਾਨੇ ਨੂੰ ਉਸ ਦੇ ਜ਼ਬਰਦਸਤ ਪ੍ਰਦਰਸ਼ਨ ਦੀ ਬਦੌਲਤ 'ਮੈਨ ਆਫ ਦਿ ਮੈਚ' ਤੇ 'ਮੈਨ ਆਫ ਦਿ ਸੀਰੀਜ਼' ਐਲਾਨ ਕੀਤਾ ਗਿਆ। ਉਸ ਨੇ ਪਿਛਲੇ ਘਰੇਲੂ 5 ਟੈਸਟ ਮੈਚਾਂ ਵਿਚ ਅਸਾਧਾਰਨ ਔਸਤ ਨਾਲ 896 ਦੌੜਾਂ ਬਣਾਈਆਂ ਹਨ।  ਇਸ ਸੀਰੀਜ਼ ਵਿਚ ਕਲੀਨ ਸਵੀਪ ਤੋਂ ਬਾਅਦ ਆਸਟਰੇਲੀਆ ਦੇ ਟੈਸਟ ਚੈਂਪੀਅਨਸ਼ਿਪ ਵਿਚ 10 ਮੈਚਾਂ ਵਿਚੋਂ 296 ਅੰਕ ਲੈ ਕੇ ਦੂਜੇ ਨੰਬਰ 'ਤੇ ਮਜ਼ਬੂਤ ਹੋਈ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ 7 ਮੈਚਾਂ ਵਿਚ ਸਭ ਤੋਂ ਵੱਧ 360 ਅੰਕ ਲੈ ਕੇ ਚੋਟੀ 'ਤੇ ਬਰਕਰਾਰ ਹੈ।


Related News