ਭਾਰਤੀ ਸ਼ਤਰੰਜ ਦਾ ਭਵਿੱਖ ਉਜਵੱਲ : ਆਨੰਦ

12/12/2019 6:07:27 PM

ਚੇਨਈ : 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਸ਼ਤਰੰਜ ਦਾ ਭਵਿੱਖ ਉਜੱਵਲ ਹੈ ਤੇ ਕੁਝ ਖਿਡਾਰੀ ਫਿਡੇ ਰੈਂਕਿੰਗ ਵਿਚ ਜਲਦ ਹੀ ਟਾਪ-10 ਵਿਚ ਜਗ੍ਹਾ ਬਣਾਉਣਗੇ। ਆਨੰਦ ਅਜੇ ਫਿਡੇ ਰੈਂਕਿੰਗ ਵਿਚ 15ਵੇਂ ਸਥਾਨ 'ਤੇ ਹੈ ਤੇ ਉਸਦਾ ਲੱਗਦਾ ਹੈ ਕਿ ਪੀ. ਹਰਿਕ੍ਰਿਸ਼ਣਾ ਤੇ ਵਿਦਿਤ ਗੁਜਰਾਤੀ ਵਰਗੇ ਖਿਡਾਰੀ ਆਗਾਮੀ ਸਾਲਾਂ ਵਿਚ ਟਾਪ-10 ਵਿਚ ਜਗ੍ਹਾ ਬਣਾ ਸਕਦੇ ਹਨ। ਉਸ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਹਰਿਕ੍ਰਿਸ਼ਣਾ, ਵਿਦਿਤ ਗੁਜਰਾਤੀ, ਸੂਰਯ ਸ਼ੇਖਰ ਗਾਂਗੁਲੀ ਤੇ ਸ਼ਸ਼ੀਕਿਰਣ ਭਵਿੱਖ ਦੇ ਸਟਾਰ ਹਨ। ਜਲਦ ਹੀ ਭਾਰਤ ਤੋਂ ਕੋਈ ਖਿਡਾਰੀ ਟਾਪ-10 ਵਿਚ ਜਗ੍ਹਾ ਬਣਾਉਣਗੇ। ਭਾਰਤ ਵਿਚ ਸ਼ਤਰੰਜ ਦਾ ਭਵਿੱਖ ਉਜੱਵਲ ਦਿਖਦਾ ਹੈ ਕਿਉਂਕਿ ਸਾਡੇ ਇੱਥੇ ਕਾਫੀ ਪ੍ਰਤਿਭਾ ਹੈ।''

ਆਨੰਦ ਨੇ ਕਿਹਾ ਕਿ ਸਾਡੇ ਕੋਲ ਆਰ. ਪ੍ਰਗਿਆਨੰਦਾ, ਨਿਹਾਲ ਸਰੀਨ, ਡੀ. ਗੁਕੇਸ਼, ਰੌਣਕ ਸਾਧਵਾਨੀ ਵਰਗੇ ਖਿਡਾਰੀ ਹਨ। ਭਾਰਤੀ ਸ਼ਤਰੰਜ ਲਈ ਚੀਜ਼ਾਂ ਚੰਗੀਆਂ ਦਿਸ ਰਹੀਆਂ ਹਨ। ਬੁੱਧਵਾਰ ਨੂੰ ਆਪਣਾ 50ਵਾਂ ਜਨਮ ਦਿਨ ਮਨਾਉਣ ਵਾਲੇ ਆਨੰਦ ਨੇ ਮੰਨਿਆ ਕਿ ਨਾਰਵੇ ਦੇ ਵਿਸ਼ਵ ਦੇ ਨੰਬਰ ਇਕ ਮੈਗਨਸ  ਕਾਰਲਸਨ ਤੇ ਬਾਕੀ ਖਿਡਾਰੀਆਂ ਵਿਚਾਲੇ ਅੰਤਰ ਬਹੁਤ ਜ਼ਿਆਦਾ ਹੈ ਪਰ ਕੁਝ ਖਿਡਾਰੀਆਂ ਵਰਗੇ ਫੈਬਿਆਨੋ ਕਾਰੂਆਨਾ ਤੇ ਚੀਨ ਦੇ ਡਿੰਗ ਲੀਰੇਨ ਨੇ ਹਾਲ ਹੀ ਵਿਚ ਚੰਗਾ ਪ੍ਰਦਰਸ਼ਨ ਕੀਤਾ। ਉਸ ਨੇ ਕਿਹਾ, ''ਅਜੇ ਕਾਰਲਸਨ ਤੇ ਹੋਰਨਾਂ ਵਿਚਾਲੇ ਅੰਤਰ ਕਾਫੀ ਵੱਧ ਹੈ ਕਾਰੂਆਨਾ ਤੇ ਡਿੰਗ ਨੇ ਹਾਲ ਹੀ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ।'' ਕਾਰਲਸਨ ਕਿਉਂ ਖਾਸ ਹੈ, ਇਸਦੇ ਜਵਾਬ ਵਿਚ ਆਨੰਦ ਨੇ ਕਿਹਾ, ''ਉਹ ਅਸਲ ਵਿਚ ਆਪਣੀ ਕਲਾ ਨੂੰ ਅੰਜ਼ਾਮ ਤਕ ਪਹੁੰਚਾਉਣ ਵਿਚ ਮਾਹਿਰ ਹੈ। ਉਹ ਪ੍ਰਤਿਭਾਸ਼ਾਲੀ ਤੇ ਸਖਤ ਮਿਹਨਤ ਕਰਦਾ ਹੈ। ਉਹ ਨਵੀਆਂ ਚੀਜ਼ਾਂ ਸਿੱਖਣ ਦੇ ਮਾਮਲੇ ਵਿਚ ਵੀ ਬਹੁਤ ਚੰਗਾ ਹੈ।''