ਕ੍ਰੀਜ਼ ''ਚ ਪਹੁੰਚਣ ਤੋਂ ਬਾਅਦ ਵੀ ਰਨਆਊਟ ਹੋਇਆ ਇਹ ਬੱਲੇਬਾਜ਼, ਜਾਣੋ ਵਜ੍ਹਾ

01/04/2020 4:31:36 PM

ਸਿਲਹਟ : ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਸ਼ੇਨ ਵਾਟਸਨ ਦੀ ਅਗਵਾਈ ਵਾਲੀ ਟੀਮ ਰੰਗਪੁਰ ਰੇਂਜਰਜ਼ ਨੇ ਬੰਗਲਾਦੇਸ਼ ਪ੍ਰੀਮੀਅਰ ਲੀਗ ਦੇ 32ਵੇਂ ਮੁਕਾਬਲੇ ਵਿਚ ਸਿਲਹਟ ਥੰਡਰ ਨੂੰ 38 ਦੌੜਾਂ ਨਾਲ ਹਰਾ ਦਿੱਤਾ। 68 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ ਵਾਟਸਨ 'ਮੈਨ ਆਫ ਦਿ ਮੈਚ' ਰਹੇ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰੰਗਪੁਰ ਨੇ ਨਿਰਧਾਰਤ ਓਵਰਾਂ ਵਿਚ 199 ਦੌੜਾਂ ਬਣਾਈਆਂ। ਜਵਾਬ ਵਿਚ ਸਿਲਹਟ 161 ਦੌੜਾਂ 'ਤੇ ਹੀ ਢੇਰ ਹੋ ਗਈ। ਸਿਲਹਟ ਵੱਲੋਂ ਸ਼ੇਰਫੇਨ ਰਦਰਫੋਰਡ ਨੇ ਸਭ ਤੋਂ ਵੱਧ 60 ਦੌੜਾਂ ਬਣਾਈਆਂ। ਇਕ ਸਮੇਂ ਸ਼ੇਰਫੇਨ ਮੁਕਾਬਲੇ ਨੂੰ ਆਪਣੀ ਟੀਮ ਦੇ ਪੱਖ ਵਿਚ ਕਰਦੇ ਦਿਸ ਰਹੇ ਸੀ ਪਰ ਉਸ ਦੇ ਅਜੀਬ ਤਰੀਕੇ ਨਾਲ ਰਨਆਊਟ ਹੋਣ ਤੋਂ ਬਾਅਦ ਟੀਮ ਦੀਆਂ ਬਚੀਆਂ ਉਮੀਦਾਂ ਵੀ ਖਤਮ ਹੋ ਗਈਆਂ।

ਵਾਟਸਨ ਨੇ ਕੀਤਾ ਰਨਆਊਟ

ਦਰਅਸਲ, 17ਵੇਂ ਓਵਰ ਵਿਚ ਮੁਹੰਮਦ ਨਬੀ ਦੀ ਚੌਥੀ ਗੇਂਦ ਨੂੰ ਕ੍ਰਿਸ਼ਣਮਰ ਸੰਤੋਕੀ ਨੇ ਹਿੱਟ ਕੀਤਾ ਅਤੇ ਉਹ ਸਿੰਗਲ ਲੈਣ ਲਈ ਦੌੜੇ। ਇਸ ਵਿਚਾਲੇ ਸ਼ੇਨ ਵਾਟਸਨ ਸਟ੍ਰਾਈਕਰ ਐਂਡ ਵੱਲ ਦੌੜ ਰਹੇ ਰਦਰਫੋਰਡ ਨੂੰ ਰਨਆਊਟ ਕਰਨ ਦੀ ਕੋਸ਼ਿਸ਼ ਵਿਚ ਲੱਗ ਗਏ ਪਰ ਜਦੋਂ ਤਕ ਫੀਲਡਰ ਗੇਂਦ ਨਾਲ ਸਟੰਪਸ ਸੁੱਟਦਾ, ਤਦ ਤਕ ਰਦਰਫੋਰਡ ਕ੍ਰੀਜ਼ 'ਚ ਪਹੁੰਚ ਚੁੱਕੇ ਸੀ। ਇਸ ਦੇ ਬਾਵਜੂਦ ਉਸ ਨੂੰ ਰਨਆਊਟ ਦੇ ਦਿੱਤਾ ਗਿਆ। ਕ੍ਰੀਜ਼ 'ਚ ਪਹੁੰਚੇ ਰਦਰਫੋਰਡ ਨੂੰ ਇਸ ਲਈ ਰਨਆਊਟ ਦੇ ਦਿੱਤਾ ਗਿਆ, ਕਿਉਂਕਿ ਉਸ ਨੇ ਆਪਣਾ ਬੱਲਾ ਸਲਾਈਡ ਨਹੀਂ ਕੀਤਾ ਸੀ।

ਰਦਰਫੋਰਡ ਨੇ 37 ਗੇਂਦਾਂ 'ਤੇ 5 ਚੌਕੇ ਅਤੇ ਛੱਕਿਆਂ ਦੀ ਮਦਦ ਨਾਲ 60 ਦੌੜਾਂ ਬਣਾਈਆਂ। ਉਸ ਦੀ ਵਿਕਟ ਡਿੱਗਣ ਤੋਂ ਬਾਅਦ 161 ਦੌੜਾਂ 'ਤੇ ਨਈਮ ਹਸਨ ਅਤੇ ਸੰਤੋਕੀ ਦੀ ਵੀ ਵਿਕਟ ਡਿੱਗ ਗਈ ਅਤੇ ਥੰਡਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਰਦਰਫੋਰਡ ਨੇ 60 ਦੌੜਾਂ ਬਣਾਉਣ ਤੋਂ ਇਲਾਵਾ ਇਕ ਵਿਕਟ ਵੀ ਹਾਸਲ ਕੀਤੀ ਸੀ। ਉੱਥੇ ਹੀ ਇਬਾਦਤ ਹੁਸੈਨ ਨੂੰ 2 ਵਿਕਟਾਂ ਮਿਲੀਆਂ। 10 ਮੈਚਾਂ ਵਿਚ ਸਿਲਹਟ ਦੀ ਇਹ 9ਵੀਂ ਹਾਰ ਹੈ ਅਤੇ 2 ਅੰਕਾਂ ਨਾਲ ਉਹ ਅੰਕ ਸੂਚੀ ਵਿਚ ਸਭ ਤੋਂ ਹੇਠਲੇ ਸਥਾਨ 'ਤੇ ਹੈ।