ਗੇਂਦਬਾਜ਼ ਨੇ ਦਿਖਾਈ ਖੇਡ ਭਾਵਨਾ, ਗੇਂਦ ਹੱਥ ''ਚ ਹੁੰਦਿਆਂ ਬੱਲੇਬਾਜ਼ ਨੂੰ ਨਹੀਂ ਕੀਤਾ ਰਨਆਊਟ (Video)

12/11/2019 4:49:42 PM

ਨਵੀਂ ਦਿੱਲੀ : ਕ੍ਰਿਕਟ ਦੇ ਮੈਦਾਨ 'ਤੇ ਅਜਿਹੇ ਕਿੱਸੇ ਹੁੰਦੇ ਰਹਿੰਦੇ ਹਨ, ਜਿਸ ਵਿਚ ਖਿਡਾਰੀ ਦਰਸ਼ਕਾਂ ਦਾ ਦਿਲ ਜਿੱਤ ਲੈਂਦੇ ਹਨ। ਦੱਖਣੀ ਅਫਰੀਕਾ ਵਿਚ ਖੇਡੀ ਜਾ ਰਹੀ ਘਰੇਲੂ ਲੀਗ ਮਜਾਂਸੀ ਸੁਪਰ ਲੀਗ ਦੇ ਇਕ ਮੈਚ ਵਿਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ ਜਦੋਂ ਸ਼੍ਰੀਲੰਕਾਈ ਗੇਂਦਬਾਜ਼ ਇਸੁਰੂ ਉਡਾਨਾ ਦੇ ਹੱਥ ਵਿਚ ਗੇਂਦ ਹੋਣ ਦੇ ਬਾਵਜੂਦ ਕ੍ਰੀਜ਼ ਤੋਂ ਬਾਹਰ ਬੈਠੇ ਬੱਲੇਬਾਜ਼ ਨੂੰ ਆਊਟ ਨਹੀਂ ਕੀਤਾ। ਇਹ ਪਲ ਰਾਕਸ ਅਤੇ ਨੈਲਸਨ ਮੰਡੇਲਾ ਬੇ ਜਾਇੰਟਸ ਵਿਚਾਲੇ ਹੋਏ ਮੁਕਾਬਲੇ ਦੌਰਾਨ ਦੇਖਣ ਨੂੰ ਮਿਲਿਆ।

ਦਰਅਸਲ, ਮਜਾਂਸੀ ਸੁਪਰ ਲੀਗ ਦੇ ਇਸ ਮੈਚ ਵਿਚ ਪਰਲ ਰਾਕਸ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ ਗੁਆ ਕੇ 168 ਦੌੜਾਂ ਬਣਾਈਆਂ। ਟੀਮ ਦੇ ਲਈ ਡੇਲਪੋਰਟ ਨੇ 22 ਗੇਂਦਾਂ ਵਿਚ 9 ਚੌਕਿਆਂ ਦੀ ਮਦਦ ਨਾਲ ਸਭ ਤੋਂ ਵੱਧ 39 ਦੌੜਾਂ ਬਣਾਈਆਂ, ਜਦਕਿ ਵੀਰੇਤਰੇ ਨੇ ਅਜੇਤੂ 36 ਦੌੜਾਂ ਦਾ ਯੋਗਦਾਨ ਦਿੱਤਾ। ਪਰਲ ਰਾਕਸ ਨੇ ਕੁਲ ਸਕੋਰ ਵਿਚ ਸ਼੍ਰੀਲੰਕਾਈ ਕ੍ਰਿਕਟਰ ਇਸੁਰੂ ਉਡਾਨਾ ਨੇ ਵੀ 21 ਗੇਂਦਾਂ 'ਤੇ 27 ਦੌੜਾਂ ਦਾ ਯੋਗਦਾਨ ਦਿੱਤਾ। ਓਪਨਰ ਡੇਵਿਡਸ ਨੇ 31 ਦੌੜਾਂ ਬਣਾਈਆਂ। ਨੈਲਸਨ ਮੰਡੇਲਾ ਬੇ ਜਾਇੰਟਸ ਵੱਲੋਂ ਇਮਰਾਨ ਤਾਹਿਰ ਨੇ 2 ਵਿਕਟਾਂ ਲਈਆਂ।

ਇਸ ਲਈ ਬੱਲੇਬਾਜ਼ ਨੂੰ ਨਹੀਂ ਕੀਤਾ ਆਊਟ
ਜਵਾਬ ਵਿਚ ਨੈਲਸਨ ਮੰਡੇਲਾ ਬੇ ਜਾਇੰਟਸ ਵੱਲੋਂ ਬੇਨ ਡੰਕ ਨੇ 27 ਦੌੜਾਂ ਬਣਾਉਂਦਿਆਂ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ ਪਰ 9ਵੇਂ ਓਵਰ ਤਕ ਟੀਮ ਦੀਆਂ 3 ਵਿਕਟਾਂ 62 ਦੌੜਾਂ 'ਤੇ ਡਿੱਗ ਗਈਆਂ। ਇਸ ਤੋਂ ਬਾਅਦ ਕੁਹਨ ਨੇ ਪਾਰੀ ਨੂੰ ਸੰਭਾਲਿਆ ਅਤੇ 43 ਗੇਂਦਾਂ 'ਤੇ 58 ਦੌੜਾਂ ਦੀ ਪਾਰੀ ਖੇਡੀ। ਉਸ ਨੇ ਰੇਆਨ ਟੇਨ ਅਤੇ ਮਰਕੋ ਮਰਾਈਸ ਦਾ ਚੰਗਾ ਸਾਥ ਮਿਲਿਆ, ਜਿਨ੍ਹਾਂ ਨੇ ਕ੍ਰਮਵਾਰ : 14 ਅਤੇ 21 ਦੌੜਾਂ ਬਣਾਈਆਂ। ਪਰਲ ਰਾਕਸ ਦੇ ਗੇਂਦਬਾਜ਼ ਇਸੁਰੂ ਉਡਾਨਾ ਜਦੋਂ ਪਾਰੀ ਦਾ 19ਵਾਂ ਓਵਰ ਸੁੱਟਣ ਆਏ ਤਾਂ ਕੁਹਨ ਅਤੇ ਮਰਾਈਸ ਕ੍ਰੀਜ਼ 'ਤੇ ਸਨ। ਟੀਮ ਨੂੰ 8 ਗੇਂਦਾਂ 'ਚ 24 ਦੌੜਾਂ ਦੀ ਜ਼ਰੂਰਤ ਸੀ। ਕੁਹਨ ਨੇ ਉਡਾਨਾ ਦੀ ਗੇਂਦ 'ਤੇ ਸ਼ਾਟ ਖੇਡਿਆ ਪਰ ਗੇਂਦ ਦੂਜੇ ਪਾਸੇ ਕ੍ਰੀਜ਼ ਛੱਡ ਕੇ ਅੱਗੇ ਨਿਕਲ ਚੁੱਕੇ ਜੋੜੀਦਾਰ ਮਰਾਈਸ ਦੀ ਕੋਹਣੀ 'ਤੇ ਜਾ ਲੱਗੀ ਅਤੇ ਉਡਾਨਾ ਦੇ ਹੱਥ ਵਿਚ ਚਲੀ ਗਈ। ਮਰਾਈਸ ਇਕ ਪਲ ਤਾਂ ਦਰਦ ਕਾਰਨ ਕ੍ਰੀਜ਼ ਦੇ ਬਾਹਰ ਹੀ ਬੈਠ ਗਏ। ਹਾਲਾਂਕਿ ਇਸ ਦੌਰਾਨ ਉਡਾਨਾ ਨੇ ਕੋਲ ਮਰਾਈਸ ਨੂੰ ਰਨਆਊਟ ਕਰਨ ਦਾ ਚੰਗਾ ਮੌਕਾ ਸੀ ਪਰ ਉਸ ਨੇ ਖੇਡ ਭਾਵਨਾ ਦਿਖਾਉਂਦਿਆਂ ਅਜਿਹਾ ਨਹੀਂ ਕੀਤਾ।