ਵਿਰਾਟ ਨੇ ਕੀਤਾ ਨੰਬਰ-2 ਨਾਲ ਸਾਲ ਦਾ ਅੰਤ

12/31/2017 10:24:04 PM

ਦੁਬਈ- ਭਾਰਤੀ ਕਪਤਾਨ ਤੇ ਰਨ ਮਸ਼ੀਨ ਵਿਰਾਟ ਕੋਹਲੀ ਆਈ. ਸੀ. ਸੀ. ਵੱਲੋਂ ਐਤਵਾਰ ਨੂੰ ਜਾਰੀ ਸਾਲ ਦੀ ਆਖਰੀ ਟੈਸਟ ਰੈਂਕਿੰਗ ਵਿਚ ਨੰਬਰ ਦੋ ਸਥਾਨ 'ਤੇ ਬਰਕਰਾਰ ਹੈ, ਜਦਕਿ ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਨੇ ਚੋਟੀ ਸਥਾਨ 'ਤੇ ਸਾਲ ਦੀ ਸਮਾਪਤੀ ਕੀਤੀ ਹੈ। ਇੰਗਲੈਂਡ ਵਿਰੁੱਧ ਏਸ਼ੇਜ਼ ਸੀਰੀਜ਼ ਵਿਚ ਬੱਲੇ ਨਾਲ ਧਮਾਲ ਮਚਾ ਰਹੇ ਸਮਿਥ ਨੇ 947 ਰੇਟਿੰਗ ਅੰਕਾਂ ਦੀ ਬਦੌਲਤ ਨੰਬਰ ਇਕ ਦੇ ਨਾਲ ਸਾਲ ਦਾ ਅੰਤ ਕੀਤਾ। ਸਮਿਥ ਹੁਣ ਡਾਨ ਬ੍ਰੈਡਮੈਨ (961) ਦੇ ਰੇਟਿੰਗ ਅੰਕਾਂ ਤੋਂ ਸਿਰਫ 14 ਅੰਕ ਪਿੱਛੇ ਹੈ। ਉਥੇ ਹੀ ਵਿਰਾਟ ਨੇ 893 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ ਨਾਲ ਸਾਲ ਦੀ ਸਮਾਪਤੀ ਕੀਤੀ। ਆਸਟ੍ਰੇਲੀਆ ਵਿਰੁੱਧ ਚੌਥੇ ਏਸ਼ੇਜ਼ ਟੈਸਟ ਵਿਚ ਅਜੇਤੂ 244 ਦੌੜਾਂ ਦੀ ਸਰਵਉੱਚ ਪਾਰੀ ਖੇਡਣ ਵਾਲੇ ਇੰਗਲੈਂਡ ਦੇ ਸਾਬਕਾ ਕਪਤਾਨ ਐਲਿਸਟੀਅਰ ਕੁਕ ਨੇ ਵੀ ਟਾਪ-10 ਨਾਲ ਸਾਲ ਦੀ ਸਮਾਪਤੀ ਕੀਤੀ ਹੈ ਤੇ ਉਹ 8ਵੇਂ ਨੰਬਰ 'ਤੇ ਰਿਹਾ। ਸ਼੍ਰੀਮਾਨ ਭਰੋਸੇਮੰਦ ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਤੀਜੇ, ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਚੌਥੇ ਤੇ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਪੰਜਵੇਂ ਸਥਾਨ ਨਾਲ 2017 ਨੂੰ ਅਲਵਿਦਾ ਕਿਹਾ। ਰੂਟ ਨੂੰ ਇਕ ਸਥਾਨ ਦਾ ਫਾਇਦਾ ਹੋਇਆ ਹੈ। ਕੁਕ ਨੇ ਸਾਲ ਦੀ ਸ਼ੁਰੂਆਤ 15ਵੇਂ ਸਥਾਨ ਨਾਲ ਕੀਤੀ ਸੀ ਤੇ ਉਹ 10ਵੇਂ ਨੰਬਰ ਦੇ ਰੂਪ ਵਿਚ ਏਸ਼ੇਜ਼ ਵਿਚ ਉਤਰਿਆ ਸੀ।
ਸਾਲ ਦੀ ਆਖਰੀ ਟੈਸਟ ਰੈਂਕਿੰਗ ਵਿਚ ਗੇਂਦਬਾਜ਼ਾਂ ਦੀ ਸੂਚੀ ਵਿਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ 892 ਰੇਟਿੰਗ ਅੰਕਾਂ ਨਾਲ ਨੰਬਰ ਇਕ ਦੇ ਰੂਪ ਵਿਚ ਸਾਲ ਦੀ ਸਮਾਪਤੀ ਕੀਤੀ। ਇੰਗਲਿਸ਼ ਗੇਂਦਬਾਜ਼ ਨੇ 2017 ਦੀ ਸ਼ੁਰੂਆਤ 810 ਰੇਟਿੰਗ ਅੰਕਾਂ ਨਾਲ ਛੇਵੇਂ ਨੰਬਰ ਦੇ ਰੂਪ ਵਿਚ ਕੀਤੀ ਸੀ। ਸਪਿਨਰਾਂ ਵਿਚ ਰਵਿੰਦਰ ਜਡੇਜਾ, ਆਰ. ਅਸ਼ਵਿਨ ਤੇ ਸ਼੍ਰੀਲੰਕਾ ਦੇ ਰੰਗਨਾ ਹੇਰਾਥ ਨੇ ਟਾਪ-3 ਗੇਂਦਬਾਜ਼ਾਂ ਦੇ ਰੂਪ ਵਿਚ ਸਾਲ ਦੀ ਸ਼ੁਰੂਆਤ ਕੀਤੀ ਸੀ ਤੇ ਹੁਣ ਉਨ੍ਹਾਂ ਨੇ ਕ੍ਰਮਵਾਰ ਤੀਜੇ, ਚੌਥੇ ਤੇ ਛੇਵੇਂ ਨੰਬਰ ਦੇ ਗੇਂਦਬਾਜ਼ ਦੇ ਰੂਪ ਵਿਚ ਸਾਲ ਦੀ ਸਮਾਪਤੀ ਕੀਤੀ ਹੈ। ਆਸਟ੍ਰੇਲੀਆ ਦੇ ਜੋਸ਼ ਹੇਜ਼ਲਵੁਡ ਨੇ ਪੰਜਵੇਂ ਨੰਬਰ ਦੇ ਨਾਲ ਹੀ ਸਾਲ ਦਾ ਆਗਾਜ਼ ਕੀਤਾ ਸੀ ਤੇ ਹੁਣ ਉਸ ਨੇ ਇਸੇ ਨੰਬਰ ਨਾਲ ਹੀ 2017 ਨੂੰ ਅੰਜਾਮ ਦਿੱਤਾ ਹੈ।
ਟਾਪ-10 ਵਿਚ ਸਿਰਫ ਇਕ ਬਦਲਾਅ ਹੋਇਆ ਹੈ ਤੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਮੋਰਨੇ ਮੋਰਕਲ ਦੀ ਇਸ ਵਿਚ ਵਾਪਸੀ ਹੋਈ ਹੈ। ਜ਼ਿੰਬਾਬਵੇ ਵਿਰੁੱਧ ਬਾਕਸਿੰਗ ਡੇ ਟੈਸਟ ਵਿਚ ਪੰਜ ਵਿਕਟਾਂ ਲੈਣ ਵਾਲੇ ਮੋਰਨ ਨੂੰ ਤਿੰਨ ਅੰਕਾਂ ਦਾ ਫਾਇਦਾ ਹੋਇਆ ਹੈ ਤੇ ਹੁਣ ਉਹ ਹਮਵਤਨ ਡੇਨ ਸਟੇਨ ਨੂੰ ਪਛਾੜ ਕੇ 10ਵੇਂ ਨੰਬਰ 'ਤੇ ਆ ਗਿਆ ਹੈ। ਆਲਰਾਊਂਡਰਾਂ ਦੀ ਸੂਚੀ ਵਿਚ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨੇ ਚੋਟੀ ਤੇ ਰਵਿੰਦਰ ਜਡੇਜਾ ਨੇ ਦੂਜੇ ਨੰਬਰ ਦੇ ਰੂਪ ਵਿਚ ਸਾਲ ਦੀ ਸਮਾਪਤੀ ਕੀਤੀ ਹੈ।