''ਪੈਸਿਆਂ'' ਦਾ ਲਾਲਚ ਲੈ ਡੁੱਬੇਗਾ ਅਫਰੀਕੀ ਟੀਮ, ਕੋਹਲੀ ਕੋਲ ਹੋਵੇਗਾ ਸੁਨਹਿਰਾ ਮੌਕਾ

01/25/2018 8:31:37 AM

ਜੋਹਾਨਸਬਰਗ (ਬਿਊਰੋ)— ਟੀਮ ਇੰਡੀਆ ਦੱਖਣ ਅਫਰੀਕੀ ਦੌਰੇ ਉੱਤੇ ਹੈ। ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਦੋ ਟੈਸਟ ਮੈਚ ਹੋ ਚੁੱਕੇ ਹਨ। ਪਹਿਲੇ ਟੈਸਟ ਮੈਚ ਕੇਪਟਾਊਨ ਵਿਚ ਹੋਇਆ ਸੀ, ਜਿਸ ਵਿਚ ਭਾਰਤ ਨੂੰ 72 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੂਜਾ ਟੈਸਟ ਮੈਚ ਸੈਂਚੁਰੀਅਨ ਵਿਚ ਖੇਡਿਆ ਗਿਆ, ਜਿਸ ਵਿਚ ਦੱਖਣ ਅਫਰੀਕਾ ਨੇ ਭਾਰਤ ਨੂੰ 135 ਦੌੜਾਂ ਨਾਲ ਮਾਤ ਦਿੱਤੀ। ਦੋਨੋਂ ਟੈਸਟ ਹਾਰਨ ਦੇ ਨਾਲ ਹੀ ਭਾਰਤ ਸੀਰੀਜ਼ ਵੀ ਗੁਆ ਚੁੱਕਿਆ ਹੈ ਅਤੇ ਅਫਰੀਕਾ 2-0 ਨਾਲ ਅੱਗੇ ਹੈ। ਤੀਜਾ ਟੈਸਟ ਮੈਚ ਜੋਹਾਨਸਬਰਗ ਵਿਚ 24 ਜਨਵਰੀ ਤੋਂ ਖੇਡਿਆ ਜਾਣਾ ਹੈ। ਅਜਿਹੇ ਵਿਚ ਜਿੱਥੇ ਇਕ ਪਾਸੇ ਭਾਰਤੀ ਕਪਤਾਨ ਸਾਹਮਣੇ ਸਨਮਾਨ ਬਚਾਉਣ ਦੀ ਲੜਾਈ ਹੈ ਤਾਂ ਉਥੇ ਹੀ ਦੂਜੇ ਪਾਸੇ ਅਫਰੀਕੀ ਕਪਤਾਨ ਫਾਫ ਡੁ ਪਲੇਸਿਸ ਕੋਲ ਵੀ ਪਹਿਲੀ ਵਾਰ ਭਾਰਤ ਨੂੰ 3-0 ਨਾਲ ਮਾਤ ਦੇਣ ਦਾ ਮੌਕਾ ਹੋਵੇਗਾ।

ਆਈ.ਪੀ.ਐੱਲ. ਕਾਰਨ ਭਟਕ ਸਕਦੈ ਧਿਆਨ
ਦੋਨੋਂ ਹੀ ਟੀਮਾਂ ਜਿੱਤਣ ਲਈ ਜੋਹਾਨਸਬਰਗ ਦੇ ਮੈਦਾਨ ਉੱਤੇ ਉਤਰਨਗੀਆਂ, ਪਰ ਅਫਰੀਕੀ ਕਪਤਾਨ ਫਾਫ ਡੁ ਪਲੇਸਿਸ ਨੇ ਆਪਣੀ ਕਮਜਜ਼ੋਰੀ ਦੱਸ ਦਿੱਤੀ ਹੈ ਅਤੇ ਹੁਣ ਕਪਤਾਨ ਵਿਰਾਟ ਕੋਹਲੀ ਕੋਲ ਤੀਸਰੇ ਟੈਸਟ ਨੂੰ ਜਿੱਤਣ ਦਾ ਪੂਰਾ ਮੌਕਾ ਹੈ। ਅਫਰੀਕੀ ਕਪਤਾਨ ਫਾਫ ਡੁਪਲੇਸਿਸ ਦਾ ਮੰਨਣਾ ਹੈ ਕਿ ਇਸ ਹਫ਼ਤੇ ਦੇ ਅਖੀਰ ਵਿਚ ਹੋਣ ਵਾਲੀ ਆਈ.ਪੀ.ਐੱਲ. ਨਿਲਾਮੀ ਪ੍ਰਕਿਰਿਆ ਦੀ ਵਜ੍ਹਾ ਨਾਲ ਅਫਰੀਕੀ ਖਿਡਾਰੀਆਂ ਦਾ ਧਿਆਨ ਭਟਕ ਸਕਦਾ ਹੈ। ਉਨ੍ਹਾਂਨੇ ਕਿਹਾ ਕਿ ਭਾਰਤ ਖਿਲਾਫ ਆਖਰੀ ਟੈਸਟ ਮੈਚ ਖੇਡ ਰਹੇ ਖਿਡਾਰੀਆਂ ਦਾ ਧਿਆਨ ਭਟਕਣਾ ਲਾਜਮੀ ਹੈ।

27 ਤੇ 28 ਨੂੰ ਲੱਗੇਗੀ ਬੋਲੀ
ਡੂ ਪਲੇਸਿਸ ਨੇ ਕਿਹਾ, ''ਚਕਾਚੌਂਧ ਨਾਲ ਭਰੀ ਇਹ ਆਈ.ਪੀ.ਐੱਲ. ਲੀਗ ਹੁਣ ਉਨ੍ਹਾਂ ਦੇ ਜੀਵਨ ਦਾ ਅਹਿਮ ਹਿੱਸਾ ਹੈ।'' ਦੱਸ ਦਈਏ ਕਿ ਆਈ.ਪੀ.ਐੱਲ. ਦੇ ਅਗਾਮੀ ਸੈਸ਼ਨ ਲਈ ਖਿਡਾਰੀਆਂ ਦੀ ਬੋਲੀ 27 ਅਤੇ 28 ਜਨਵਰੀ ਨੂੰ ਲੱਗਣੀ ਹੈ ਜਦੋਂ ਭਾਰਤ ਅਤੇ ਦੱਖਣ ਅਫਰੀਕਾ ਦਰਮਿਆਨ ਟੈਸਟ ਲੜੀ ਦੇ ਤੀਸਰੇ ਮੈਚ ਦੇ ਆਖਰੀ ਦੋ ਦਿਨ ਦਾ ਖੇਡ ਹੋ ਰਿਹਾ ਹੋਵੇਗਾ।