IND vs SL : ਵਿਜੇ ਤੇ ਪੁਜਾਰਾ ਨੇ ਵਜਾਈ ਲੰਕਾ ਦੀ 'ਮੁਰਲੀ'

11/26/2017 8:16:25 AM

ਨਾਗਪੁਰ, (ਬਿਊਰੋ)— ਟੈਸਟ ਮਾਹਿਰ ਬੱਲੇਬਾਜ਼ਾਂ ਮੁਰਲੀ ਵਿਜੇ (128) ਤੇ ਚੇਤੇਸ਼ਵਰ ਪੁਜਾਰਾ (ਅਜੇਤੂ 121) ਦੇ ਜ਼ਬਰਦਸਤ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਇਥੇ ਸ਼੍ਰੀਲੰਕਾ ਵਿਰੁੱਧ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਸ਼ਨੀਵਾਰ ਆਪਣੀ ਪਹਿਲੀ ਪਾਰੀ 'ਚ 2 ਵਿਕਟਾਂ 'ਤੇ 312 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕਰ ਕੇ 107 ਦੌੜਾਂ ਦੀ ਅਹਿਮ ਬੜ੍ਹਤ ਹਾਸਲ ਕਰ ਲਈ। 
ਭਾਰਤੀ ਟੀਮ ਨੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ 'ਚ ਕੱਲ ਪਹਿਲੇ ਦਿਨ ਓਪਨਰ ਲੋਕੇਸ਼ ਰਾਹੁਲ (7) ਦੀ ਵਿਕਟ ਸਸਤੇ 'ਚ ਗੁਆਈ ਸੀ ਪਰ ਉਸ ਤੋਂ ਬਾਅਦ ਮੁਰਲੀ ਤੇ ਪੁਜਾਰਾ ਨੇ ਜਦੋਂ ਟਿਕ ਕੇ ਖੇਡਣਾ ਸ਼ੁਰੂ ਕੀਤਾ ਤਾਂ ਦੂਜੇ ਦਿਨ ਟੀਮ ਦੇ ਗੇਂਦਬਾਜ਼ਾਂ ਦੀ ਜਮ ਕੇ ਧੁਨਾਈ ਕੀਤੀ, ਜਿਹੜੇ ਪੂਰੇ ਦਿਨ 305 ਦੌੜਾਂ ਦੇ ਕੇ ਸਿਰਫ ਇਕਲੌਤੀ ਵਿਕਟ ਹੀ ਹਾਸਲ ਕਰ ਸਕੇ। ਮੁਰਲੀ ਤੇ ਪੁਜਾਰਾ ਨੇ ਦੂਜੀ ਵਿਕਟ ਲਈ 209 ਦੌੜਾਂ ਦੀ ਦੋਹਰੇ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਤੇ ਆਰਾਮ ਨਾਲ ਭਾਰਤ ਦੀ ਪਹਿਲੀ ਪਾਰੀ ਨੂੰ ਅੱਗੇ ਵਧਾਇਆ। ਵਿਜੇ ਨੇ ਟੈਸਟ ਕਰੀਅਰ ਦਾ 10ਵਾਂ ਸੈਂਕੜਾ ਲਾਇਆ ਤੇ 221ਗੇਂਦਾਂ ਦੀ ਪਾਰੀ 'ਚ 11 ਚੌਕੇ ਤੇ 1 ਛੱਕਾ ਲਾ ਕੇ 128 ਦੌੜਾਂ ਬਣਾਈਆਂ। ਉਸ ਦੇ ਨਾਲ ਹੀ ਦੂਜੇ ਪਾਸੇ ਸ਼੍ਰੀਮਾਨ ਭਰੋਸੇਮੰਦ ਅਖਵਾਉਣ ਵਾਲੇ ਪੁਜਾਰਾ ਨੇ 284 ਗੇਂਦਾਂ ਦੀ ਪਾਰੀ 'ਚ 13 ਚੌਕੇ ਲਾ ਕੇ ਅਜੇਤੂ 121 ਦੌੜਾਂ ਦੀ ਪਾਰੀ ਖੇਡੀ।  ਸ਼੍ਰੀਲੰਕਾ ਦੇ ਹੱਥ 'ਚ ਪੂਰੇ ਦਿਨ ਇਕਲੌਤੀ ਵਿਕਟ ਹੀ ਆਈ, ਜਦੋਂ ਭਾਰਤ ਨੂੰ 200 ਦੇ ਪਾਰ ਪਹੁੰਚਾ ਕੇ ਵਿਜੇ ਰੰਗਨਾ ਹੇਰਾਥ ਦੀ ਗੇਂਦ 'ਤੇ ਦਿਲਰੁਵਾਨ ਪਰੇਰਾ ਨੂੰ ਕੈਚ ਦੇ ਬੈਠਾ। ਉਹ 76ਵੇਂ ਓਵਰ 'ਚ ਟੀਮ ਦੇ ਦੂਜੇ ਤੇ ਦਿਨ ਦੇ ਇਕਲੌਤੇ ਬੱਲੇਬਾਜ਼ ਦੇ ਰੂਪ 'ਚ ਆਊਟ ਹੋਇਆ। ਵਿਜੇ ਦੇ ਆਊਟ ਹੋਣ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਮੈਦਾਨ 'ਤੇ ਆਇਆ ਤੇ ਉਸ ਨੇ ਵੀ ਆਤਮ-ਵਿਸ਼ਵਾਸ ਨਾਲ ਪਾਰੀ ਨੂੰ ਅੱਗੇ ਵਧਾਇਆ ਤੇ ਦਿਨ ਦੀ ਖੇਡ ਖਤਮ ਹੋਣ ਤੋਂ ਕੁਝ ਗੇਂਦਾਂ ਪਹਿਲਾਂ ਆਪਣਾ ਅਰਧ ਸੈਂਕੜਾ ਵੀ ਪੂਰਾ ਕਰ ਲਿਆ।
ਵਿਰਾਟ ਨੇ 70 ਗੇਂਦਾਂ ਵਿਚ ਛੇ ਚੌਕੇ ਲਾ ਕੇ ਅਜੇਤੂ 54 ਦੌੜਾਂ ਬਣਾਈਆਂ ਤੇ ਪੁਜਾਰਾ ਨਾਲ ਤੀਜੀ ਵਿਕਟ ਲਈ 96 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ, ਜਿਹੜੀ ਦਿਨ ਦੀ ਦੂਜੀ ਵੱਡੀ ਸਾਂਝੇਦਾਰੀ ਰਹੀ। ਇਹ ਕਪਤਾਨ ਵਿਰਾਟ ਦਾ 15ਵਾਂ ਟੈਸਟ ਅਰਧ ਸੈਂਕੜਾ ਹੈ। ਭਾਰਤੀ ਟੀਮ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ 98 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 312 ਦੌੜਾਂ ਬਣਾ ਚੁੱਕੀ ਹੈ ਤੇ ਉਸ ਦੇ ਕੋਲ 8 ਵਿਕਟਾਂ ਸੁਰੱਖਿਅਤ ਰਹਿੰਦਿਆਂ ਹੁਣ 107 ਦੌੜਾਂ ਦੀ ਮਜ਼ਬੂਤ ਬੜ੍ਹਤ ਹੋ ਗਈ ਹੈ। ਬੱਲੇਬਾਜ਼ ਪੁਜਾਰਾ (121) ਤੇ ਵਿਰਾਟ (54) ਦੋਵੇਂ ਅਜੇਤੂ ਕ੍ਰੀਜ਼ 'ਤੇ ਹਨ। ਇਸ ਤੋਂ ਪਹਿਲਾਂ ਸਵੇਰੇ ਭਾਰਤ ਨੇ ਆਪਣੀ ਪਾਰੀ ਨੂੰ ਕੱਲ ਦੀਆਂ 11 ਦੌੜਾਂ 'ਤੇ ਇਕ ਵਿਕਟ ਤੋਂ ਅੱਗੇ ਵਧਾਇਆ ਸੀ। ਉਸ ਸਮੇਂ ਵਿਜੇ (2) ਤੇ ਪੁਜਾਰਾ (2) ਕ੍ਰੀਜ਼ 'ਤੇ ਸਨ। ਦੂਜੇ ਦਿਨ ਦੀ ਖੇਡ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦੇ ਨਾਂ ਰਹੀ, ਜਿਨ੍ਹਾਂ ਨੇ ਆਪਣੇ-ਆਪਣੇ ਸਕੋਰ ਨੂੰ ਸੈਂਕੜਿਆਂ 'ਚ ਬਦਲਿਆ। ਵਿਜੇ ਨੇ 187 ਗੇਂਦਾਂ 'ਚ ਆਪਣੀਆਂ 100 ਦੌੜਾਂ ਚਾਹ ਦੇ ਸਮੇਂ ਤੋਂ ਠੀਕ ਪਹਿਲਾਂ ਪੂਰੀਆਂ ਕੀਤੀਆਂ, ਜਦਕਿ 29 ਸਾਲਾ ਪੁਜਾਰਾ ਨੇ ਟੈਸਟ ਕ੍ਰਿਕਟ 'ਚ ਆਪਣਾ 14ਵਾਂ ਸੈਂਕੜਾ ਵੀ ਪੂਰਾ ਕਰ ਲਿਆ। ਉਸ ਨੇ 246 ਗੇਂਦਾਂ 'ਚ 100 ਦੌੜਾਂ ਬਣਾਈਆਂ। 
ਵਿਜੇ ਤੇ ਪੁਜਾਰਾ ਇਸ ਦੇ ਨਾਲ ਟੈਸਟ ਕ੍ਰਿਕਟ 'ਚ ਲਗਾਤਾਰ ਸੈਂਕੜੇ ਵਾਲੀ ਸਾਂਝੇਦਾਰੀ ਕਰਨ ਵਾਲੀ ਪੰਜਵੀਂ ਜੋੜੀ ਵੀ ਬਣ ਗਈ ਹੈ, ਜਦਕਿ ਭਾਰਤੀ ਕ੍ਰਿਕਟਰਾਂ 'ਚ ਅਜਿਹਾ ਕਰਨ ਵਾਲੀ ਇਹ ਜੋੜੀ ਸੰਜੇ ਮਾਂਜਰੇਕਰ ਤੇ ਮੁਹੰਮਦ ਅਜ਼ਹਰੂਦੀਨ ਤੋਂ ਬਾਅਦ ਦੂਜੀ ਜੋੜੀ ਹੈ। ਇਸ ਤੋਂ ਇਲਾਵਾ ਘਰੇਲੂ ਟੈਸਟ ਸੀਰੀਜ਼ 'ਚ ਵਿਜੇ-ਪੁਜਾਰਾ ਦੀ ਜੋੜੀ ਵਿਚਾਲੇ ਇਹ ਨੌਵੀਂ ਸੈਂਕੜੇ ਵਾਲੀ ਸਾਂਝੇਦਾਰੀ ਵੀ ਹੈ। ਸ਼੍ਰੀਲੰਕਾ ਵਲੋਂ ਸੁਰੰਗਾ ਲਕਮਲ 58 ਦੌੜਾਂ, ਦਾਨੁਸ਼ ਸ਼ਨਾਕਾ 43 ਦੌੜਾਂ ਤੇ ਦਿਲਰੁਵਾਨ ਪਰੇਰਾ 117 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਲੈ ਸਕੇ, ਜਦਕਿ ਗਮਾਗੇ ਨੂੰ 47 ਦੌੜਾਂ 'ਤੇ ਅਤੇ ਹੇਰਾਥ ਨੂੰ 45 ਦੌੜਾਂ 'ਤੇ ਇਕ-ਇਕ ਵਿਕਟ ਮਿਲੀ।