ਟੈਸਟ ਬੱਲੇਬਾਜ਼ੀ ਰੈਂਕਿੰਗ : ਕੋਹਲੀ ਪਹਿਲੇ ਨੰਬਰ ''ਤੇ ਕਾਇਮ, ਪੁਜਾਰਾ ਤੀਜੇ ਸਥਾਨ ''ਤੇ

02/17/2019 10:59:30 PM

ਦੁਬਈ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਈ. ਸੀ. ਸੀ. ਦੀ ਤਾਜ਼ਾ ਟੈਸਟ ਬੱਲੇਬਾਜ਼ੀ ਰੈਂਕਿੰਗ 'ਚ ਆਪਣਾ ਟਾਪ ਸਥਾਨ ਅਤੇ ਉਸ ਦੇ ਸਾਥੀ ਚੇਤੇਸ਼ਵਰ ਪੁਜਾਰਾ ਨੇ ਤੀਜਾ ਸਥਾਨ ਬਰਕਰਾਰ ਰੱਖਿਆ ਹੈ, ਜਦਕਿ ਸ਼੍ਰੀਲੰਕਾ ਦੇ ਕੁਸ਼ਲ ਪਰੇਰਾ ਨੇ 58 ਸਥਾਨ ਦੀ ਲੰਮੀ ਛਾਲ ਮਾਰੀ। ਕੋਹਲੀ 922 ਰੇਟਿੰਗ ਅੰਕਾਂ ਨਾਲ ਟਾਪ 'ਤੇ ਹੈ। ਉਸ ਤੋਂ ਬਾਅਦ ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ (897 ਅੰਕ) ਅਤੇ ਚੇਤੇਸ਼ਵਰ ਪੁਜਾਰਾ (881 ਅੰਕ) ਦਾ ਨੰਬਰ ਆਉਂਦਾ ਹੈ। ਕੋਹਲੀ ਤੇ ਪੁਜਾਰਾ ਨੂੰ ਛੱਡ ਕੇ ਕੋਈ ਵੀ ਹੋਰ ਭਾਰਤੀ ਟਾਪ-10 'ਚ ਸ਼ਾਮਲ ਨਹੀਂ। ਸ਼੍ਰੀਲੰਕਾ ਦੀ ਦੱਖਣੀ ਅਫਰੀਕਾ ਖਿਲਾਫ ਡਰਬਨ ਟੈਸਟ 'ਚ ਜਿੱਤ ਦਾ ਨਾਇਕ ਰਿਹਾ ਪਰੇਰਾ 51 ਅਤੇ ਅਜੇਤੂ 153 ਦੌੜਾਂ ਦੀਆਂ ਪਾਰੀਆਂ ਦੇ ਦਮ 'ਤੇ ਆਪਣੇ ਕੈਰੀਅਰ ਦੀ ਸਭ ਤੋਂ ਵਧੀਆ 40ਵੀਂ ਰੈਂਕਿੰਗ 'ਤੇ ਪਹੁੰਚ ਗਿਆ ਹੈ। ਪਰੇਰਾ ਨੇ ਵਿਸ਼ਵ ਫਰਨਾਂਡੋ (ਅਜੇਤੂ 6) ਨਾਲ ਆਖਰੀ ਵਿਕਟ ਲਈ 78 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਕੇ 83 ਸਾਲ ਪੁਰਾਣਾ ਰਿਕਾਰਡ ਤੋੜਿਆ।
ਗੇਂਦਬਾਜ਼ਾਂ ਦੀ ਸੂਚੀ 'ਚ ਪੈਟ ਕਮਿੰਸ ਪੁੱਜਿਆ ਟਾਪ 'ਤੇ


ਗੇਂਦਬਾਜ਼ਾਂ ਦੀ ਸੂਚੀ 'ਚ ਆਸਟਰੇਲੀਆ ਦੇ ਪੈਟ ਕਮਿੰਸ ਨੇ ਕੈਗਿਸੋ ਰਬਾਡਾ ਨੂੰ ਪਿੱਛੇ ਛੱਡ ਕੇ ਟਾਪ ਸਥਾਨ ਹਾਸਲ ਕਰ ਲਿਆ ਹੈ। ਮੈਕਗ੍ਰਾਥ (2006) ਤੋਂ ਬਾਅਦ ਕਮਿੰਸ ਪਹਿਲਾ ਆਸਟਰੇਲੀਆਈ ਗੇਂਦਬਾਜ਼ ਹੈ, ਜੋ ਨੰਬਰ ਇਕ 'ਤੇ ਪੁੱਜਿਆ। ਕਮਿੰਸ ਤੋਂ ਬਾਅਦ ਇੰਗਲੈਂਡ  ਦੇ ਜੇਮਸ ਐਂਡਰਸਨ ਅਤੇ ਦੱਖਣੀ ਅਫਰੀਕਾ ਦੇ ਰਬਾਡਾ ਦਾ ਨੰਬਰ ਆਉਂਦਾ ਹੈ। 
ਭਾਰਤੀ ਗੇਂਦਬਾਜ਼ਾਂ 'ਚ ਰਵਿੰਦਰ ਜਡੇਜਾ 794 ਅੰਕਾਂ ਨਾਲ 5ਵੇਂ ਸਥਾਨ 'ਤੇ ਹੈ। ਜਡੇਜਾ ਆਲਰਾਊਂਡਰਾਂ ਦੀ ਸੂਚੀ 'ਚ ਵੀ ਤੀਜੇ ਸਥਾਨ 'ਤੇ ਹੈ। ਇਸ ਸੂਚੀ 'ਚ ਵੈਸਟਇੰਡੀਜ਼ ਦਾ ਜੇਸਨ ਹੋਲਡਰ ਪਹਿਲੇ ਤੇ ਬੰਗਲਾਦੇਸ਼ ਦਾ ਸ਼ਾਕਿਬ ਅਲ ਹਸਨ ਦੂਜੇ ਸਥਾਨ 'ਤੇ ਹੈ।

Gurdeep Singh

This news is Content Editor Gurdeep Singh