ਗਲਤ ਆਊਟ ਦੇਣ ''ਤੇ ਵੀ ਨਾਰਾਜ਼ ਨਹੀਂ ਹੋਇਆ ਸੀ ਸਚਿਨ : ਟਾਫੇਲ

08/08/2020 1:35:48 AM

ਨਵੀਂ ਦਿੱਲੀ– ਸਾਬਕਾ ਆਸਟਰੇਲੀਆਈ ਕ੍ਰਿਕਟ ਅੰਪਾਇਰ ਸਾਈਮਨ ਟਾਫੇਲ ਦਾ ਕਹਿਣਾ ਹੈ ਕਿ 2007 ਦੇ ਟ੍ਰੇਂਟ ਬ੍ਰਿਜ ਟੈਸਟ ਮੈਚ ਵਿਚ ਭਾਰਤ ਦੇ ਸਟਾਰ ਬੱਲੇਬਾਜ਼ ਸਚਿਨ ਤੇਂਦਲੁਕਰ ਨੂੰ ਸੈਂਕੜੇ ਦੇ ਨੇੜੇ ਪਹੁੰਚਣ 'ਤੇ ਐੱਲ. ਬੀ. ਡਬਲਯੂ. ਆਊਟ ਦੇਣ ਦੇ ਗਲਤ ਫੈਸਲੇ ਦੇ ਬਾਵਜੂਦ ਦੋਵਾਂ ਵਿਚਾਲੇ ਰਿਸ਼ਤੇ ਖਰਾਬ ਨਹੀਂ ਹੋਏ ਸਨ ਸਗੋਂ ਇਕ-ਦੂਜੇ ਦੇ ਪ੍ਰਤੀ ਸਨਮਾਨ ਹੋਰ ਵਧ ਗਿਆ ਸੀ। ਟਾਫੇਲ ਨੂੰ ਸਾਲ 2004 ਤੋਂ 2008 ਤਕ ਲਗਾਤਾਰ 5 ਸਾਲ 'ਆਈ. ਸੀ. ਸੀ. ਅੰਪਾਇਰ ਆਫ ਦਿ ਯੀਅਰ' ਚੁਣਿਆ ਗਿਆ ਸੀ ਤੇ ਉਸਦੀ ਗਿਣਤੀ ਦੁਨੀਆ ਦੇ ਬਿਹਤਰੀਨ ਅੰਪਾਇਰਾਂ ਵਿਚ ਹੁੰਦੀ ਹੈ ਪਰ ਭਾਰਤ ਦੇ ਕ੍ਰਿਕਟ ਪ੍ਰਸ਼ੰਸਕ ਉਸਦੇ 2007 ਦੇ ਟੈਸਟ ਮੈਚ ਵਿਚ ਸਚਿਨ ਨੂੰ ਸੈਂਕੜੇ ਦੇ ਨੇੜੇ ਪਹੁੰਚਣ 'ਤੇ ਆਊਟ ਦੇਣ ਦੇ ਫੈਸਲੇ ਨੂੰ ਅੱਜ ਵੀ ਨਹੀਂ ਭੁੱਲੇ ਹਨ।


ਟਾਫੇਲ ਨੇ 2007 ਦੇ ਟ੍ਰੇਂਟ ਬ੍ਰਿਜ ਟੈਸਟ ਮੈਚ ਵਿਚ ਸਚਿਨ ਨੂੰ ਸੈਂਕੜੇ ਦੇ ਨੇੜੇ ਪਹੁੰਚਣ 'ਤੇ ਪਾਲ ਕੋਲਿੰਗਵੁਡ ਦੀ ਗੇਂਦ 'ਤੇ ਐੱਲ. ਬੀ. ਡਬਲਯੂ. ਆਊਟ ਦੇ ਦਿੱਤਾ ਸੀ ਜਦਕਿ ਰੀਪਲੇਅ ਤੋਂ ਸਾਫ ਸੀ ਕਿ ਗੇਂਦ ਆਫ ਸਟੰਪ ਤੋਂ ਇਕ ਇੰਚ ਦੂਰ ਸੀ। ਇਕ ਸ਼ੋਅ ਵਿਚ ਉਸਨੇ ਇਸ 'ਤੇ ਗੱਲ ਕਰਦੇ ਹੋਏ ਕਿਹਾ ਕਿ ਇਸ ਫੈਸਲੇ ਦੇ ਅਗਲੇ ਦਿਨ ਉਸਦੀ ਸਚਿਨ ਨਾਲ ਮੈਦਾਨ 'ਤੇ ਜਾਂਦੇ ਸਮੇਂ ਖੁੱਲ੍ਹ ਕੇ ਗੱਲ ਹੋਈ, ਜਿਸ ਨਾਲ ਉਨ੍ਹਾਂ ਵਿਚਾਲੇ ਇਕ-ਦੂਜੇ ਦੇ ਪ੍ਰਤੀ ਸਨਮਾਨ ਨਾਲ ਭਰਪੂਰ ਰਿਸ਼ਤਾ ਵਿਕਸਤ ਹੋਣ ਵਿਚ ਮਦਦ ਮਿਲੀ। ਸਾਲ 2007 ਦੇ ਟੈਸਟ ਮੈਚ ਵਿਚ ਸਚਿਨ 91 ਦੌੜਾਂ 'ਤੇ ਬੱਲੇਬਾਜ਼ੀ ਕਰ ਰਿਹਾ ਸੀ ਤਦ ਟਾਫੇਲ ਨੇ ਉਸ ਨੂੰ ਆਊਟ ਦੇ ਦਿੱਤਾ ਸੀ। ਟਾਫੇਲ ਨੇ ਉਸ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ,''ਮੈਂ ਥੋੜ੍ਹਾ ਵਿਚਾਰ ਕਰਨ ਤੋਂ ਬਾਅਦ ਸਚਿਨ ਨੂੰ ਆਊਟ ਦੇ ਦਿੱਤਾ ਸੀ। ਜ਼ਾਹਿਰ ਹੈ ਸਚਿਨ ਉਸ ਫੈਸਲੇ ਤੋਂ ਖੁਸ਼ ਨਹੀਂ ਸੀ। ਉਹ ਮੈਦਾਨ ਤੋਂ ਤੁਰੰਤ ਚਲਾ ਗਿਆ ਸੀ। ਮੈਂ ਦੇਖ ਸਕਦਾ ਸੀ ਕਿ ਉਹ ਖੁਸ਼ ਨਹੀਂ ਸੀ।''


ਉਸ ਨੇ ਕਿਹਾ,''ਬਾਅਦ ਵਿਚ ਇਹ ਸਪੱਸ਼ਟ ਹੋਇਆ ਕਿ ਫੈਸਲੇ ਵਿਚ ਗਲਤੀ ਹੋਈ ਹੈ। ਇਸ ਤੋਂ ਬਾਅਦ ਮੈਨੂੰ ਪਤਾ ਸੀ ਕਿ ਇਸ ਨੂੰ ਲੈ ਕੇ ਵਿਸ਼ਵ ਕ੍ਰਿਕਟ ਤੋਂ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਮਿਲਣ ਵਾਲੀ ਹੈ। ਇਸ ਤੋਂ ਬਾਅਦ ਮੈਂ ਕ੍ਰਿਕਇੰਫੋ ਨਹੀਂ ਖੋਲੀ, ਮੈਂ ਕੋਈ ਵੀ ਅਖਬਾਰ ਨਹੀਂ ਪੜ੍ਹੀ। ਮੈਨੂੰ ਪਤਾ ਸੀ ਕਿ ਮੀਡੀਆ ਵਿਚ ਮਹੀਨਿਆਂ ਤਕ ਨਿਸ਼ਾਨੇ 'ਤੇ ਰਹਾਂਗਾ।'' ਟਾਫੇਲ ਨੇ ਕਿਹਾ,''ਅਗਲੀ ਸਵੇਰ ਮੈਦਾਨ ਵਿਚ ਉਤਰਨ ਤੋਂ ਬਾਅਦ ਮੇਰੀ ਸਚਿਨ ਨਾਲ ਮੁਲਾਕਾਤ ਹੋਈ। ਮੈਂ ਉਸ ਨੂੰ ਕਿਹਾ ਦੇਖੋ, ਕੱਲ ਮੈਂ ਗਲਤ ਸਮਝਿਆ ਸੀ, ਤੁਸੀਂ ਇਸ ਨੂੰ ਜਾਣਦੇ ਹੋ। ਮੈਂ ਇਸ ਨੂੰ ਦੇਖਿਆ ਹੈ, ਮੈਂ ਗਲਤ ਫੈਸਲਾ ਦਿੱਤਾ ਸੀ। ਉਸ ਨੇ (ਸਚਿਨ ਨੇ) ਕਿਹਾ ਕਿ ਸਾਈਮਨ ਮੈਂ ਜਾਣਦਾ ਹਾਂ ਕਿ ਤੁਸੀਂ ਇਕ ਚੰਗੇ ਅੰਪਾਇਰ ਹੋ, ਤੁਸੀਂ ਅਕਸਰ ਗਲਤੀ ਨਹੀਂ ਕਰਦੇ। ਇਸ ਦੇ ਬਾਰੇ ਵਿਚ ਚਿੰਤਾ ਨਾ ਕਰੋ।'' ਟਾਫੇਲ ਨੇ ਕਿਹਾ,''ਮੈਂ ਉਸ ਨੂੰ (ਸਚਿਨ ਨੂੰ) ਜਾਂ ਖੁਦ ਨੂੰ ਬਿਹਤਰ ਮਹਿਸੂਸ ਕਰਾਉਣ ਲਈ ਅਜਿਹਾ ਨਹੀਂ ਕਹਿ ਰਿਹਾ ਸੀ। ਇਹ ਖੇਡ ਹੈ ਤੇ ਮੈਂ ਇਹ ਮੰਨਣਾ ਚਾਹੁੰਦਾ ਸੀ ਕਿ ਮੈਂ ਸੱਚਾਈ ਜਾਣਦਾ ਹਾਂ।''

Gurdeep Singh

This news is Content Editor Gurdeep Singh