ਇਕ ਵਾਰ ਫਿਰ ਕ੍ਰਿਕਟ ਮੈਦਾਨ 'ਤੇ ਆਮਨੇ-ਸਾਹਮਣੇ ਹੋਣਗੇ ਸਚਿਨ ਅਤੇ ਲਾਰਾ

02/13/2020 4:27:31 PM

ਸਪੋਰਟਸ ਡੈਸਕ— ਵਰਲਡ ਕ੍ਰਿਕਟ ਦੇ ਦੋ ਵੱਡੇ ਨਾਂ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਵੈਸਟਇੰਡੀਜ਼ ਦੇ ਦਿੱਗਜ਼ ਬੱਲੇਬਾਜ਼ ਬ੍ਰਾਇਨ ਲਾਰਾ ਇਕ ਚੰਗੇ ਕੰਮ ਲਈ ਇਕ ਵਾਰ ਫਿਰ ਇਕ ਦੂਜੇ ਖਿਲਾਫ ਖੇਡਦੇ ਹੋਏ ਨਜ਼ਰ ਆਉਣਗੇ। ਇਹ ਦੋਵੇਂ ਚੈਂਪੀਅਨ ਖਿਡਾਰੀ ਟੀ-20 ਟੂਰਨਾਮੈਂਟ 'ਅਨਅਕੈਡਮੀ ਸੜਕ ਸੁਰੱਖਿਆ ਵਰਲਡ ਸੀਰੀਜ਼' ਦੇ ਪਹਿਲੇ ਮੈਚ 'ਚ ਆਮਨੇ ਸਾਹਮਣੇ ਹੋਣਗੇ ਜਦੋਂ 7 ਮਾਰਚ ਨੂੰ ਵਾਨਖੇੜੇ ਸਟੇਡੀਅਮ 'ਚ ਇੰਡੀਆ ਲੇਜੈਂਡਸ ਅਤੇ ਵੈਸਟਇੰਡੀਜ਼ ਲੈਜੇਂਡਸ ਦੀਆਂ ਟੀਮਾਂ ਆਮਨੇ ਸਾਹਮਣੇ ਹੋਣਗੀਆਂ। 

ਵੀਰਵਾਰ ਨੂੰ ਜਾਰੀ ਸੀਰੀਜ਼ ਦੇ ਪ੍ਰੋਗਰਾਮ ਮੁਤਾਬਕ ਟੁਰਨਾਮੈਂਟ 'ਚ ਕੁਲ 11 ਮੈਚ ਖੇਡੇ ਜਾਣਗੇ। ਇਸ ਸੀਰੀਜ਼ 'ਚ ਭਾਰਤ, ਆਸਟਰੇਲੀਆ, ਸ਼੍ਰੀਲੰਕਾ, ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਦੇ ਕੁਝ ਵੱਡੇ ਕ੍ਰਿਕਟਰ ਹਿੱਸਾ ਲੈਣਗੇ ਜਿਨ੍ਹਾਂ 'ਚ ਤੇਦੁਲਕਰ, ਵਰਿੰਦਰ ਸਹਿਵਾਗ, ਯੁਵਰਾਜ ਸਿੰਘ, ਜ਼ਹੀਰ ਖਾਨ, ਬ੍ਰਾਇਨ ਲਾਰਾ, ਸ਼ਿਵਨਾਰਾਇਣ ਚੰਦਰਪਾਲ, ਬ੍ਰੈਟ ਲੀ,  ਬਰੈਡ ਹਾਜ਼, ਜੌਂਟੀ ਰੋਡਸ, ਮੁੱਥਈਆ ਮੁਰਲੀਧਰਨ, ਤੀਲਕਰਤਨੇ ਦਿਲਸ਼ਾਨ ਅਤੇ ਅਜੰਤਾ ਮੈਂਡਿਸ ਸ਼ਾਮਲ ਹਨ। 
ਆਯੋਜਕਾਂ ਮੁਤਾਬਕ ਇਸ ਸੀਰੀਜ਼ ਦਾ ਟੀਚਾ ਸੜਕ ਸੁਰੱਖਿਆ ਦੇ ਬਾਰੇ 'ਚ ਜਾਗਰੂਕਤਾ ਫੈਲਾਉਣਾ ਹੈ। ਇਸ ਸੀਰੀਜ਼ ਦੇ ਦੋ ਮੈਚ ਵਾਨਖੇੜੇ ਸਟੇਡੀਅਮ, ਚਾਰ ਮੈਚ ਪੁਣੇ 'ਚ ਮਹਾਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ, ਚਾਰ ਮੈਚ ਨਵੀ ਮੁੰਬਈ ਦੇ ਮਹਾਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ ਅਤੇ ਫਾਇਨਲ 22 ਮਾਰਚ ਨੂੰ ਇੱਥੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾਵੇਗਾ। ਪੁਣੇ 'ਚ ਭਾਰਤੀ ਟੀਮ ਦੇ ਦੋ ਮੈਚ ਹੋਣਗੇ। ਇਸ 'ਚੋਂ ਇਕ ਮੈਚ 14 ਮਾਰਚ ਨੂੰ ਦੱਖਣੀ ਅਫਰੀਕਾ ਲੈਜੇਂਡਸ ਅਤੇ ਦੂਜਾ 20 ਮਾਰਚ ਨੂੰ ਆਸਟਰੇਲੀਆ ਲੇਜੰਡਸ ਖਿਲਾਫ ਹੋਵੇਗਾ।