ਸਚਿਨ ਦਾ ਵੀਡੀਓ ਸ਼ੇਅਰ ਕਰਨਾ ਅੰਪਾਇਰ ਧਰਮਸੇਨਾ ਨੂੰ ਪਿਆ ਮਹਿੰਗਾ, ਲੋਕ ਕਰਨ ਲੱਗੇ ਟ੍ਰੋਲ

07/25/2019 12:23:49 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮਹਾਨ ਬੱਲੇਬਾਜ਼ ਅਤੇ ਕ੍ਰਿਕਟ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਗੇਂਦਬਾਜ਼ ਵੱਲੋਂ ਸੁੱਟੀ ਗਈ ਗੇਂਦ ਬੱਲੇਬਾਜ਼ ਦੇ ਸਟੰਪ 'ਤੇ ਲੱਗ ਕੇ ਵਿਕਕੀਪਰ ਦੇ ਗਲਬਜ਼ ਵਿਚ ਚਲੀ ਜਾਂਦੀ ਹੈ ਪਰ ਫਿਰ ਵੀ ਅੰਪਾਇਰ ਨੇ ਬੱਲੇਬਾਜ਼ ਨੂੰ ਨਾਟਆਊਟ ਦਿੱਤੀ। ਜਿਸ ਤੋਂ ਬਾਅਦ ਮਾਸਟਰ ਬਲਾਸਟਰ ਸਚਿਨ ਨੇ ਆਪਣੇ ਪ੍ਰਸ਼ੰਸਕਾਂ ਤੋਂ ਪੁੱਛਿਆ ਕਿ ਜੇਕਰ ਉਹ ਅੰਪਾਇਰ ਹੁੰਦੇ ਤਾਂ ਇਸ ਨੂੰ ਆਊਟ ਦਿੰਦੇ ਜਾਂ ਨਾਟਆਊਟ।

ਦੱਸ ਦਈਏ ਕਿ ਸਚਿਨ ਨੇ ਟਵਿੱਟਰ 'ਤੇ 31 ਸੈਕੰਡ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵਾਇਰਲ ਵੀਡੀਓ ਵਿਚ ਇਕ ਖੱਬੇ ਹੱਥ ਦਾ ਬੱਲੇਬਾਜ਼ ਬੋਲਡ ਹੋ ਗਿਆ ਹੈ ਪਰ 2 ਸਟੰਪਸ ਵਿਚ ਰੱਖੀ ਬੇਲ ਉੱਖੜ ਕੇ ਇਕ ਸਟੰਪ 'ਤੇ ਜਾ ਟਿਕੀ ਅਤੇ ਹੇਠ ਨਹੀਂ ਡਿੱਗੀ। ਇਸ ਵੀਡੀਓ ਵਿਚ ਸਾਫ ਦਿਸ ਰਿਹਾ ਹੈ ਕਿ ਬੇਲ ਨੇ ਗੇਂਦ ਲੱਗਣ ਤੋਂ ਬਾਅਦ ਆਪਣੀ ਜਗ੍ਹਾ ਛੱਡ ਦਿੱਤੀ ਪਰ ਉਹ ਮਿਡਲ ਸਟੰਪ ਤੋਂ ਵੱਖ ਹੋ ਕੇ ਬੱਲੇਬਾਜ਼ ਦੇ ਆਫ ਸਟੰਪ 'ਤੇ ਜਾ ਕੇ ਟਿਕ ਗਈ।

ਅੰਪਾਇਰ ਨੇ ਦਿੱਤਾ ਬੱਲੇਬਾਜ਼ ਨੂੰ ਨਾਟਆਊਟ
ਦੱਸ ਦਈਏ ਕਿ ਫੀਲਡਿੰਗ ਟੀਮ ਨੇ ਇਸ 'ਤੇ ਅੰਪਾਇਰ ਨੂੰ ਨਾਟਆਊਟ ਦੀ ਅਪੀਲ ਕੀਤੀ। ਇਸ ਵਿਚਾਲੇ ਅੰਪਾਇਰ ਨੇ ਬੇਲ ਨੂੰ ਇਕ ਵਾਰ ਫਿਰ ਸਹੀ ਕੀਤਾ ਅਤੇ ਮੁੱਖ ਅੰਪਾਇਰ ਨਾਲ ਸਲਾਹ ਕਰ ਕੇ ਬੱਲੇਬਾਜ਼ ਨੂੰ ਨਾਟਆਊਟ ਕਰਾਰ ਦੇ ਦਿੱਤਾ। ਵਿਰੋਧੀ ਟੀਮ ਦੇ ਖਿਡਾਰੀ ਅੰਪਾਇਰ ਦੇ ਇਸ ਫੈਸਲੇ ਤੋਂ ਕਾਫੀ ਨਾਰਾਜ਼ ਹੋਏ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਅੰਪਾਇਰ ਕੁਮਾਰ ਧਰਮਸੇਨਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਪ੍ਰਸ਼ੰਸਕਾਂ ਨੇ ਕਿਹਾ ਜੇਕਰ ਇੱਥੇ ਅੰਪਾਇਰ ਧਰਮਸੇਨਾ ਹੁੰਦੇ ਤਾਂ ਬੱਲੇਬਾਜ਼ ਨੂੰ ਆਊਟ ਦੇ ਦਿੰਦੇ। ਇਸ ਵੀਡੀਓ ਨੂੰ ਦੇਖ ਕੇ ਸਚਿਨ ਦੇ ਪ੍ਰਸ਼ੰਸਕ ਮਜ਼ੇਦਾਰ ਰਿਪਲਾਈ ਕਰਨ 'ਚ ਲੱਗੇ ਹਨ।

ਇਕ ਯੂਜ਼ਰ ਨੇ ਲਿਖਿਆ, ''ਬੱਲੇਬਾਜ਼ ਗ੍ਰਿਫਤਾਰ ਹੋਇਆ ਪਰ ਜ਼ਮਾਨਤ 'ਤੇ ਛੁੱਟ ਗਿਆ।'' ਉੱਥੇ ਹੀ ਇਕ ਯੂਜ਼ਰ ਨੇ ਜਵਾਬ ਦਿੱਤਾ ਕਿ ਬੱਲੇਬਾਜ਼ ਨੂੰ ਆਊਟ ਦੇਣਾ ਚਾਹੀਦਾ ਸੀ ਪਰ ਉਸ ਨੂੰ ਮੈਦਾਨ ਤੋਂ ਬਾਹਰ ਨਹੀਂ ਭੇਜਣਾ ਚਾਹੀਦਾ, ਬੈਟ-ਪੈਡ ਦੇ ਨਾਲ ਉਸ ਨੂੰ ਖੜਾ ਰਹਿਣ ਦੇਣ ਚਾਹੀਦਾ ਹੈ।