ਸੰਡੇ'' ਦੀ ਹਾਰ ਦੇ ਅੜਿੱਕੇ ਨੂੰ ਤੋੜੇਗੀ ਟੀਮ ਇੰਡੀਆ!

12/21/2019 1:26:35 PM

ਸਪੋਰਟਸ ਡੈਸਕ— ਭਾਰਤੀ ਟੀਮ ਵਿਸ਼ਾਖਾਪਟਨਮ 'ਚ ਜ਼ਬਰਦਸਤ ਜਿੱਤ ਨਾਲ ਵੈਸਟਇੰਡੀਜ਼ ਵਿਰੁੱਧ 3 ਮੈਚਾਂ ਦੀ ਸੀਰੀਜ਼ 'ਚ 1-1 ਦੀ ਬਰਾਬਰੀ ਹਾਸਲ ਕਰ ਚੁੱਕੀ ਹੈ ਤੇ ਐਤਵਾਰ ਨੂੰ ਜਦੋਂ ਉਹ ਮਹਿਮਾਨ ਟੀਮ ਵਿਰੁੱਧ ਕਟਕ ਦੇ ਬਾਰਾਬਤੀ ਸਟੇਡੀਅਮ 'ਚ ਹੋਣ ਵਾਲੇ ਤੀਜੇ ਤੇ ਆਖਰੀ ਵਨ ਡੇ 'ਚ ਉਤਰੇਗੀ ਤਾਂ ਉਸ ਨੂੰ 'ਸੰਡੇ ਦੇ ਅੜਿੱਕੇ' ਤੋਂ ਮੁਕਤੀ ਪਾਉਣੀ ਪਵੇਗੀ। ਭਾਰਤ ਲਈ ਇਸ ਸਾਲ ਐਤਵਾਰ (ਸੰਡੇ) ਜ਼ਿਆਦਾ ਸੁਖਦਾਈ ਨਹੀਂ ਰਿਹਾ ਹੈ ਤੇ ਉਸ ਨੂੰ ਇਸ ਦਿਨ ਖੇਡੇ ਕਈ ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਚੇਨਈ ਵਿਚ ਐਤਵਾਰ ਨੂੰ ਹੀ ਖੇਡਿਆ ਗਿਆ ਸੀ, ਜਿਸ ਵਿਚ ਭਾਰਤੀ ਟੀਮ ਨੂੰ 8 ਵਿਕਟਾਂ ਦੀ ਕਰਾਰੀ ਹਾਰ ਮਿਲੀ ਸੀ। ਸੀਰੀਜ਼ ਦਾ ਫੈਸਲਾਕੁੰਨ ਮੈਚ ਐਤਵਾਰ ਨੂੰ ਹੀ ਹੋਣ ਜਾ ਰਿਹਾ ਹੈ ਤੇ ਸੀਰੀਜ਼ ਜਿੱਤਣ ਲਈ ਭਾਰਤੀ ਟੀਮ ਨੂੰ ਸੰਡੇ ਦੇ ਅੜਿੱਕੇ ਨੂੰ ਪਿੱਛੇ ਛੱਡਣਾ ਪਵੇਗਾ।

ਭਾਰਤ ਨੇ ਇਸ ਸਾਲ 27 ਵਨ ਡੇ ਖੇਡੇ ਹਨ, ਜਿਨ੍ਹਾਂ 'ਚੋਂ ਉਸ ਨੇ 3 ਵਨ ਡੇ ਮੈਚ ਸੰਡੇ ਨੂੰ ਗੁਆਏ ਹਨ। ਭਾਰਤ ਨੂੰ ਇਸ ਸਾਲ 10 ਮਾਰਚ ਨੂੰ ਮੋਹਾਲੀ 'ਚ ਆਸਟਰੇਲੀਆ ਵਿਰੁੱਧ ਐਤਵਾਰ ਨੂੰ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਸ਼ਵ ਕੱਪ ਦੌਰਾਨ 30 ਜੂਨ ਨੂੰ ਇੰਗਲੈਂਡ ਵਿਰੁੱਧ ਬਰਮਿੰਘਮ 'ਚ ਐਤਵਾਰ ਨੂੰ ਹੋਏ ਮੁਕਾਬਲੇ 'ਚ ਵੀ ਭਾਰਤ ਨੂੰ 31 ਦੌੜਾਂ ਨਾਲ ਹਾਰ ਝੱਲਣੀ ਪਈ ਸੀ। ਇਸ ਤੋਂ ਬਾਅਦ ਭਾਰਤ ਨੂੰ 15 ਦਸੰਬਰ ਨੂੰ ਚੇਨਈ 'ਚ ਵੈਸਟਇੰਡੀਜ਼ ਵਿਰੁੱਧ ਐਤਵਾਰ ਨੂੰ ਹੋਏ ਮੁਕਾਬਲੇ 'ਚ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਭਾਰਤ ਨੇ 18 ਦਸੰਬਰ ਨੂੰ ਬੁੱਧਵਾਰ ਦੇ ਦਿਨ ਵਿਸ਼ਾਖਾਪਟਨਮ 'ਚ ਓਪਨਰਾਂ ਰੋਹਿਤ ਸ਼ਰਮਾ ਤੇ ਲੋਕੇਸ਼ ਰਾਹੁਲ ਦੇ ਸੈਂਕੜਿਆਂ ਤੇ ਕੁਲਦੀਪ ਯਾਦਵ ਦੀ ਹੈਟ੍ਰਿਕ ਨਾਲ ਸ਼ਾਨਦਾਰ ਜਿੱਤ ਹਾਸਲ ਕਰ ਕੇ ਸੀਰੀਜ਼ 'ਚ ਬਰਾਬਰੀ ਹਾਸਲ ਕਰ ਲਈ ਹੈ। ਹੁਣ ਸੀਰੀਜ਼ ਦਾ ਫੈਸਲਾਕੁੰਨ ਮੈਚ ਐਤਵਾਰ ਨੂੰ ਕਟਕ 'ਚ ਖੇਡਿਆ ਜਾਣਾ ਹੈ।
ਇਸ ਸਾਲ ਦੇ ਟੀ-20 ਮੈਚਾਂ ਨੂੰ ਦੇਖਿਆ ਜਾਵੇ ਤਾਂ ਭਾਰਤ ਨੇ 16 ਟੀ-20 ਮੁਕਾਬਲੇ ਖੇਡੇ ਹਨ, ਜਿਨ੍ਹਾਂ 'ਚੋਂ ਉਸ ਨੇ 5 ਮੈਚ ਐਤਵਾਰ ਨੂੰ ਹੀ ਗੁਆਏ ਹਨ। ਭਾਰਤ ਨੂੰ 8 ਫਰਵਰੀ ਨੂੰ ਨਿਊਜ਼ੀਲੈਂਡ ਹੱਥੋਂ ਹੈਮਿਲਟਨ 'ਚ ਐਤਵਾਰ ਨੂੰ ਹੋਏ ਮੁਕਾਬਲੇ 'ਚ 4 ਦੌੜਾਂ ਨਾਲ ਹਾਰ ਮਿਲੀ ਸੀ। ਇਸ ਤੋਂ ਬਾਅਦ ਭਾਰਤ 24 ਫਰਵਰੀ ਨੂੰ ਐਤਵਾਰ ਦੇ ਹੀ ਦਿਨ ਆਸਟਰੇਲੀਆ ਹੱਥੋਂ ਵਿਸ਼ਾਖਾਪਟਨਮ 'ਚ 3 ਵਿਕਟਾਂ ਨਾਲ ਹਾਰ ਗਿਆ ਸੀ। ਭਾਰਤ ਨੂੰ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਸੀਰੀਜ਼ 'ਚ 22 ਸਤੰਬਰ ਨੂੰ ਐਤਵਾਰ ਨੂੰ ਹੋਏ ਮੁਕਾਬਲੇ 'ਚ ਬੈਂਗਲੁਰੂ 'ਚ 9 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੰਗਲਾਦੇਸ਼ ਵਿਰੁੱਧ ਘਰੇਲੂ ਸੀਰੀਜ਼ 'ਚ 3 ਨਵੰਬਰ ਨੂੰ ਦਿੱਲੀ 'ਚ ਐਤਵਾਰ ਨੂੰ ਹੋਏ ਮੁਕਾਬਲੇ 'ਚ ਟੀਮ ਇੰਡੀਆ ਨੂੰ 7 ਵਿਕਟਾਂ ਨਾਲ ਹਾਰ ਮਿਲੀ। ਵੈਸਟਇੰਡੀਜ਼ ਨੇ 8 ਦਸੰਬਰ ਐਤਵਾਰ ਨੂੰ ਤਿਰੁਆਨੰਤਪੁਰਮ 'ਚ ਟੀਮ ਇੰਡੀਆ ਨੂੰ 8 ਵਿਕਟਾਂ ਨਾਲ ਹਰਾਇਆ। ਟੀ-20 'ਚ ਭਾਰਤ ਨੂੰ ਇਸ ਸਾਲ 7 ਮੈਚਾਂ 'ਚ ਹਾਰ ਮਿਲੀ ਹੈ, ਜਿਨ੍ਹਾਂ 'ਚੋਂ 5 ਮੈਚਾਂ ਦੀ ਹਾਰ ਐਤਵਾਰ ਦੇ ਹੀ ਦਿਨ ਆਈ ਹੈ। ਭਾਰਤ ਨੂੰ ਵੈਸਟਇੰਡੀਜ਼ ਤੋਂ ਵਨ ਡੇ ਸੀਰੀਜ਼ ਜਿੱਤਣ ਲਈ ਕਟਕ 'ਚ ਐਤਵਾਰ ਨੂੰ ਪੂਰਾ ਜ਼ੋਰ ਲਾਉਣਾ ਹੋਵੇਗਾ।