ਅਭਿਆਸ ਮੈਚ ਵਿਚ ਸਵਾਲਾਂ ਦਾ ਜਵਾਬ ਲੱਭਣ ਉਤਰੇਗੀ ਟੀਮ ਇੰਡੀਆ

02/13/2020 5:57:59 PM

ਹੈਮਿਲਟਨ : ਵਿਸ਼ਵ ਦੀ ਨੰਬਰ ਇਕ ਟੈਸਟ ਟੀਮ ਭਾਰਤ ਨੇ ਬੇਸ਼ੱਕ ਆਪਣੇ ਪਿਛਲੇ ਲਗਾਤਾਰ 7 ਟੈਸਟ ਸ਼ਾਨਦਾਰ ਅੰਦਾਜ਼ ਵਿਚ ਵੱਡੇ ਅੰਤਰ ਨਾਲ ਜਿੱਤੇ ਹਨ ਪਰ ਸ਼ੁੱਕਰਵਾਰ ਤੋਂ ਨਿਊਜ਼ੀਲੈਂਡ ਇਲੈਵਨ ਵਿਰੁੱਧ ਹੋਣ ਵਾਲੇ 3 ਦਿਨਾ ਅਭਿਆਸ ਮੈਚ ਵਿਚ ਉਹ ਕੁਝ ਸਵਾਲਾਂ ਦਾ ਜਵਾਬ ਲੱਭਣ ਦੇ ਇਰਾਦੇ ਨਾਲ ਉਤਰੇਗੀ। ਭਾਰਤ ਨੇ ਇਸ ਦੌਰੇ ਵਿਚ ਜਦੋਂ ਟੀ-20 ਸੀਰੀਜ਼ 5-0 ਨਾਲ ਜਿੱਤ ਕੇ ਇਤਿਹਾਸ ਬਣਾਇਆ ਸੀ ਤਦ ਉਸਦੇ ਸਾਹਮਣੇ ਕਿਸੇ ਵੀ ਤਰ੍ਹਾਂ ਦੀ ਅਗਰ-ਮਗਰ ਦੀ ਸਥਿਤੀ ਨਹੀਂ ਸੀ ਪਰ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ 0-3 ਦੀ ਕਲੀਨ ਸਵੀਪ ਨੇ ਉਸਦੇ ਸਾਹਮਣੇ ਸਵਾਲ ਖੜ੍ਹੇ ਕਰ ਦਿੱਤੇ ਹਨ ਤੇ ਇਸ ਅਭਿਆਸ ਮੈਚ ਵਿਚ ਉਸ ਨੂੰ ਕੁਝ ਸਵਾਲਾਂ ਦੇ ਜਵਾਬ ਲੱਭਣੇ ਪੈਣਗੇ। ਭਾਰਤ ਨੇ ਆਪਣੇ ਪਿਛਲੇ 7 ਟੈਸਟ ਪਾਰੀਆਂ ਜਾਂ 200 ਦੌੜਾਂ ਤੋਂ ਵੱਧ ਦੇ ਫਰਕ ਨਾਲ ਜਿੱਤੇ ਹਨ ਤੇ 21 ਫਰਵਰੀ ਤੋਂ ਹੋਣ ਵਾਲੀ ਦੋ ਟੈਸਟਾਂ ਦੀ ਸੀਰੀਜ਼ ਵਿਚ ਉਹ ਜਿੱਤ ਦੇ ਪ੍ਰਮੁੱਖ ਦਾਅਵੇਦਾਰ ਦੇ ਰੂਪ ਵਿਚ ਉਤਰੇਗਾ ਪਰ ਉਸ਼ ਨੂੰ ਮੇਜ਼ਬਾਨ ਟੀਮ ਦੇ ਪਲਟਵਾਰ ਤੋਂ ਚੌਕਸ ਰਹਿਣਾ ਪਵੇਗਾ, ਜਿਸ ਨੇ ਭਾਰਤ ਵਿਰੁੱਧ ਵਨ ਡੇ ਸੀਰੀਜ਼ ਵਿਚ ਪਹਿਲੀ ਵਾਰ 3-0 ਦੀ ਕਲੀਨ ਸਵੀਪ ਕਰਕੇ ਆਪਣਾ ਮਨੋਬਲ ਮਜ਼ਬੂਤ ਕਰ ਲਿਆ ਹੈ। ਕੁਝ ਪ੍ਰਮੁੱਖ ਖਿਡਾਰੀਆਂ ਦੀਆਂ ਸੱਟਾਂ ਤੇ ਖਰਾਬ ਫਾਰਮ ਨੇ ਟੀਮ ਇੰਡੀਆ ਦੇ ਸਾਹਮਣੇ ਸੰਕਟ ਪੈਦਾ ਕਰ ਦਿੱਤਾ ਹੈ।

PunjabKesari

ਓਪਨਰ ਰੋਹਿਤ ਸ਼ਰਮਾ ਦੇ ਜ਼ਖ਼ਮੀ ਹੋ ਕੇ ਇਸ ਦੌਰੇ ਵਿਚੋਂ ਬਾਹਰ ਹੋਣ ਤੋਂ ਬਾਅਦ ਭਾਰਤ ਨੂੰ ਫਿਲਹਾਲ ਓਪਨਿੰਗ ਦੀ ਸਮੱਸਿਆ ਨਾਲ ਜੂਝਣਾ ਹੈ। ਮਯੰਕ ਅਗਰਵਾਲ ਤੇ ਰੋਹਿਤ ਨੇ ਜਦੋਂ ਤੋਂ ਇਕੱਠੇ ਓਪਨਿੰਗ ਸ਼ੁਰੂ ਕੀਤੀ ਸੀ ਤਦ ਤੋਂ ਕਿਸੇ ਹੋਰ ਨੇ ਭਾਰਤ ਲਈ ਟੈਸਟ ਮੈਚਾਂ ਵਿਚ ਉਨ੍ਹਾਂ ਤੋਂ ਵੱਧ ਦੌੜਾਂ ਨਹੀਂ ਬਣਾਈਆਂ ਹਨ। ਇਸ ਦੌਰਾਨ ਦੋਵਾਂ ਦੀ ਔਸਤ 90 ਦੀ ਨੇੜੇ-ਤੇੜੇ ਰਹੀ ਹੈ। ਕੀਵੀ ਹਾਲਾਤ ਦੋਵਾਂ ਦਾ ਟੈਸਟ ਲੈਂਦੀਆਂ ਹਨ ਪਰ ਰੋਹਿਤ ਪਿੰਡਲੀ ਦੀ ਸੱਟ ਕਾਰਣ ਬਾਹਰ ਹੋ ਚੁੱਕਾ ਹੈ। ਘਰੇਲੂ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਮਯੰਕ ਦਾ ਇਸ ਦੌਰੇ ਵਿਚ ਹੁਣ ਤਕ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਹੈ। ਮਯੰਕ ਨੇ ਕ੍ਰਾਈਸਟਚਰਚ ਵਿਚ ਨਿਊਜ਼ੀਲੈਂਡ ਵਿਰੁੱਧ ਗੈਰ ਅਧਿਕਾਰਤ ਟੈਸਟ ਵਿਚ ਦੋਵਾਂ ਪਾਰੀਆਂ ਵਿਚ ਜ਼ੀਰੋ ਬਣਾਈਆਂ ਸਨ ਤੇ ਵਨ ਡੇ ਸੀਰੀਜ਼ ਵਿਚ ਉਹ 32, 3 ਤੇ 1 ਦੇ ਮਾਮੂਲੀ ਸਕੋਰ ਬਣਾ ਸਕਿਆ ਸੀ। ਇਨ੍ਹਾਂ ਮੈਚਾਂ ਵਿਚ ਮਯੰਕ ਨੂੰ ਆਪਣੇ ਸਕੋਰ ਤੋਂ ਵੱਧ ਆਪਣੇ ਆਊਟ ਹੋਣ ਦੇ ਤਰੀਕੇ 'ਤੇ ਹੈਰਾਨੀ ਹੋਈ ਹੋਵੇਗੀ। ਇਸ ਪ੍ਰਦਰਸ਼ਨ ਦੇ ਬਾਵਜੂਦ ਉਹ ਕਿਸੇ ਪਾਰੀ ਦੀ ਸ਼ੁਰੂਆਤ ਕਰੇਗਾ ਪਰ ਉਸਦਾ ਜੋੜੀਦਾਰ ਕੌਣ ਹੋਵੇਗਾ, ਇਹ ਇਸ ਸਮੇਂ ਸਭ ਤੋਂ ਵੱਡਾ ਸਵਾਲ ਹੈ।

PunjabKesari

ਨੌਜਵਾਨ ਓਪਨਰ ਪ੍ਰਿਥਵੀ ਸ਼ਾਹ ਭਾਰਤ ਲਈ ਦੋ ਟੈਸਟ ਖੇਡ ਚੁੱਕਾ ਹੈ ਤੇ ਆਪਣੇ ਡੈਬਿਊ ਟੈਸਟ ਵਿਚ ਸੈਂਕੜਾ ਵੀ ਲਾ ਚੁੱਕਾ ਹੈ। ਉਸ  ਨੂੰ ਇਸ ਤੋਂ ਬਾਅਦ ਸੱਟ ਤੇ ਡੋਪਿੰਗ ਲਈ ਪਾਬੰਦੀ ਵੀ ਝੱਲਣੀ ਪਈ ਪਰ ਹੁਣ ਉਹ ਟੈਸਟ ਟੀਮ ਵਿਚ ਵਾਪਸੀ ਲਈ ਤਿਆਰ ਹੈ। ਉਸ ਨੇ ਟੈਸਟ ਟੀਮ ਵਿਚ ਜਗ੍ਹਾ ਬਣਾਉਣ ਲਈ ਇਕ ਹੋਰ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਤੋਂ ਚੁਣੌਤੀ ਮਿਲ ਸਕਦੀ ਹੈ, ਜਿਸ ਨੇ ਭਾਰਤ-ਏ ਲਈ ਪਿਛਲੇ ਦੋ ਗੈਰ ਅਧਿਕਾਰਤ ਟੈਸਟਾਂ ਵਿਚ 83, ਅਜੇਤੂ 204 ਤੇ 136 ਵਰਗੇ ਸ਼ਾਨਦਾਰ ਸਕੋਰ ਬਣਾਏ ਹਨ। ਗਿੱਲ ਨੂੰ ਅਜੇ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਕਰਨੀ ਹੈ। ਅਭਿਆਸ ਮੈਚ ਵਿਚ ਪ੍ਰਿਥਵੀ ਤੇ ਗਿੱਲ ਦਾ ਪ੍ਰਦਰਸ਼ਨ ਇਹ ਫੈਸਲਾ ਕਰੇਗਾ ਕਿ ਇਨ੍ਹਾਂ ਵਿਚੋਂ ਕਿਹੜਾ ਬੱਲੇਬਾਜ਼ ਵੇਲਿੰਗਟਨ ਵਿਚ ਪਹਿਲੇ ਟੈਸਟ ਵਿਚ ਮਯੰਕ ਦਾ ਜੋੜੀਦਾਰ ਬਣੇਗਾ। ਪਿਛਲੇ ਕੁਝ ਸਮੇਂ ਵਿਚ ਤੇ ਘਰੇਲੂ ਟੈਸਟ ਮੈਚਾਂ ਵਿਚ ਭਾਰਤ ਦਾ ਤੇਜ਼ ਹਮਲਾ ਦੁਨੀਆ ਵਿਚ ਸਰਵਸ੍ਰੇਸ਼ਠ ਮੰਨਿਆ ਜਾ ਰਿਹਾ ਸੀ ਪਰ ਅਚਾਨਕ ਇਸ ਤੇਜ਼ ਹਮਲੇ ਵਿਚ ਦਰਾੜਾਂ ਦਿਖਾਈ ਦੇਣ ਲੱਗੀਆਂ ਹਨ। ਇਸ਼ਾਂਤ ਸ਼ਰਮਾ ਜ਼ਖ਼ਮੀ ਹੈ ਤੇ ਉਸਦਾ 15 ਫਰਵਰੀ ਨੂੰ ਫਿਟਨੈੱਸ ਟੈਸਟ ਹੋਣਾ ਹੈ ਤੇ ਬੈਂਗਲੁਰੂ ਸਥਿਤੀ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਫਿਟਨੈਸ ਟੈਸਟ ਪਾਸ ਕਰਨਕ ਤੋਂ ਬਾਅਦ ਹੀ ਉਹ ਪਹਿਲੇ ਟੈਸਟ ਵਿਚ ਖੇਡ ਸਕੇਗਾ। ਜੇਕਰ ਉਸਦੇ ਗੋਡੇ ਦੀ ਸੱਟ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੁੰਦੀ ਤਾਂ ਉਹ ਇਕ ਜਾਂ ਦੋਵੇਂ ਟੈਸਟਾਂ ਵਿਚੋਂ ਬਾਹਰ ਰਹੇਗਾ।

PunjabKesari

ਭਾਰਤ ਦੀ ਇਸ ਸਮੇਂ ਸਭ ਤੋਂ ਵੱਡੀ ਚਿੰਤਾ ਉਸਦੇ ਚੋਟੀ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਫਾਰਮ ਹੈ, ਜਿਹੜਾ ਆਪਣੇ ਕਰੀਅਰ ਵਿਚ ਪਹਿਲੀ ਵਾਰ ਕਿਸੇ ਵਨ ਡੇ ਸੀਰੀਜ਼ ਵਿਚ ਕੋਈ ਵਿਕਟ ਹਾਸਲ ਨਹੀਂ ਕਰ ਸਕਿਆ। ਇਹ ਉਸਦਾ ਭਾਰਤ ਦੇ 2019 ਵਿਚ ਅਗਸਤ-ਸਤੰਬਰ ਵਿਚ ਵੈਸਟਇੰਡੀਜ਼ ਦੌਰੇ ਵਿਚ ਦੂਜੇ ਟੈਸਟ ਤੋਂ ਬਾਅਦ ਪਹਿਲਾ ਟੈਸਟ ਹੋਵੇਗਾ। ਉਸ ਸੀਰੀਜ਼ ਵਿਚ ਉਸਦਾ ਪ੍ਰਦਰਸ਼ਨ ਜ਼ਬਰਦਸਤ ਰਿਹਾ ਸੀ ਤੇ ਉਸ ਨੇ 9.23 ਦੀ ਸ਼ਾਨਦਾਰ ਅਸੌਤ ਨਾਲ 13 ਵਿਕਟਾਂ ਲਈਆਂ ਸਨ, ਜਿਨ੍ਹਾਂ ਵਿਚ ਹੈਟ੍ਰਿਕ ਸ਼ਾਮਲ ਸੀ। ਉਸ ਤੋਂ ਬਾਅਦ ਉਸ ਨੂੰ ਪਿੱਠ ਦੀ ਸੱਟ ਦੇ ਕਾਰਣ ਮੈਦਾਨ ਵਿਚੋਂ ਬਾਹਰ ਹੋਣਾ ਪਿਆ ਸੀ ਤੇ ਮੈਦਾਨ ਵਿਚ ਪਰਤਣ ਤੋਂ ਬਾਅਦ ਉਸਦੀ ਵਾਪਸੀ ਸੁਖਦਾਇਕ ਨਹੀਂ ਰਹੀ ਹੈ। ਦੁਨੀਆ ਦਾ ਨੰਬਰ ਇਕ ਵਨ ਡੇ ਗੇਂਦਬਾਜ਼ ਬੁਮਰਾਹ ਹੈਰਾਨੀਜਨਕ ਤੌਰ ਨਾਲ ਨਿਊਜ਼ੀਲੈਂਡ ਵਿਰੁੱਧ 3 ਮੈਚਾਂ ਦੀ ਸੀਰੀਜ਼ ਵਿਚ ਕੋਈ ਵੀ ਵਿਕਟ ਨਹੀਂ ਲੈ ਸਕਿਆ। ਪਿਛਲੇ 6 ਮੈਚਾਂ ਵਿਚ ਉਹ ਪੰਜ ਮੈਚਾਂ ਵਿਚ ਵਿਕਟਾਂ ਲੈਣ ਦੇ ਲਿਹਾਜ ਨਾਲ ਖਾਲੀ ਹੱਥ ਰਿਹਾ ਹੈ।

PunjabKesari

ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦਾ ਇਲੈਵਨ ਵਿਚ ਖੇਡਣਾ ਤੈਅ ਹੈ ਪਰ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਤਿੰਨ ਦਿਨਾ ਅਭਿਆਸ ਮੈਚ ਵਿਚ ਬੁਮਰਾਹ ਦਾ ਪ੍ਰਦਰਸ਼ਨ ਕਿਹੋ ਜਿਹਾ ਰਹਿੰਦਾ ਹੈ ਤੇ 15 ਫਰਵਰੀ ਨੂੰ ਇਸ਼ਾਂਤ ਦੇ ਫਿਟਨੈੱਸ ਟੈਸਟ ਦਾ ਨਤੀਜਾ ਕੀ ਰਹਿੰਦਾ ਹੈ। ਟੀਮ ਦੇ ਹੋਰ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਦਾ ਘਰੇਲੂ ਪੱਧਰ 'ਤੇ ਪ੍ਰਦਰਸ਼ਨ ਤਾਂ ਚੰਗਾ ਰਿਹਾ ਸੀ ਪਰ ਵਿਦੇਸ਼ੀ ਧਰਤੀ 'ਤੇ ਉਹ ਨਿਵੇਸ਼ ਕਰਦਾ ਹੈ। ਅਨਕੈਪਡ ਨਵਦੀਪ ਸੈਣੀ ਕੋਲ ਗਤੀ ਹੈ ਪਰ ਜੇਕਰ ਉਸ ਨੂੰ ਆਖਰੀ ਇਲੈਵਨ ਵਿਚ ਜਗ੍ਹਾ ਬਣਾਉਣੀ ਹੈ ਤਾਂ  ਉਸ ਨੂੰ ਅਭਿਆਸ ਮੈਚ ਵਿਚ ਪ੍ਰਭਾਵਸ਼ਾਲੀ ਪ੍ਰਦਰਸਨ ਕਰਨਾ ਪਵੇਗਾ। ਭਾਰਤ ਨੂੰ ਆਪਣੀ ਸਪਿਨ ਗੇਂਦਬਾਜ਼ੀ ਵਿਚ ਲੈਪਟ ਆਰਮ ਸਪਿਨਰ ਰਵਿੰਦਰ ਜਡੇਜਾ ਤੇ ਆਫ ਸਪਿਨਰ ਆਰ. ਅਸ਼ਵਿਨ ਵਿਚੋਂ ਵੀ ਚੋਣ ਕਰਨੀ ਹੈ। ਪਿਛਲੇ ਵੈਸਟਇੰਡੀਜ਼ ਦੌਰੇ ਵਿਚ ਜਡੇਜਾ ਨੂੰ ਆਖਰੀ-11 ਵਿਚ ਜਗ੍ਹਾ ਮਿਲੀ ਸੀ ਜਦਕਿ ਅਸ਼ਵਿਨ ਬਾਹਰ ਰਿਹਾ ਸੀ। ਜਡੇਜਾ ਨੇ ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਵਿਰੁੱਧ ਘਰੇਲੂ ਸੀਰੀਜ਼ ਵਿਚ ਅਸ਼ਵਿਨ ਦੀ ਤਰ੍ਹਾਂ ਪ੍ਰਭਾਵਸ਼ਾਲੀ  ਪ੍ਰਦਰਸ਼ਨ ਕੀਤਾ ਸੀ ਪਰ ਬੱਲੇ ਨਾਲ ਉਸਦੇ ਯੋਗਦਾਨ ਨੇ ਉਸ ਨੂੰ ਅਸ਼ਵਿਨ 'ਤੇ ਪਹਿਲ ਦਿਵਾ ਸਕਦਾ ਹੈ। ਬੁਮਰਾਹ ਦੀ ਖਰਾਬ ਫਾਰਮ, ਇਸ਼ਾਂਤ ਦਾ ਪੂਰੀ ਤਰ੍ਹਾਂ ਫਿੱਟ ਨਾ ਹੋਣਾ, ਭਾਰਤ ਨੂੰ ਪੰਜ ਗੇਂਦਬਾਜ਼ਾਂ ਨਾਲ ਉਤਰਨ ਲਈ ਮਜਬੂਰ ਕਰ ਸਕਦਾ ਹੈ ਤੇ ਅਜਿਹੀ ਸਥਿਤੀ ਵਿਚ ਅਸ਼ਵਿਨ ਆਖਰੀ-11 ਵਿਚ ਰਸਤਾ ਬਣਾ ਸਕਦਾ ਹੈ। ਅਭਿਆਸ ਮੈਚ ਵਿਚ ਆਪਣੇ ਸਵਾਲਾਂ ਦਾ ਜਵਾਬ ਲੱਭਣ ਤੋਂ ਬਾਅਦ ਵਿਸ਼ਵ ਦੀ ਨੰਬਰ ਇਕ ਟੀਮ ਇਹ ਤੈਅ ਕਰ ਸਕੇਗਗੀ ਕਿ ਉਸ ਨੂੰ ਪਹਿਲੇ ਟੈਸਟ ਵਿਚ ਕਿਸ ਤਰ੍ਹਾਂ ਦੀ ਯੋਜਨਾ ਨਾਲ ਉਤਰਨਾ ਹੈ।


Related News