ਟਾਟਾ ਸਟੀਲ ਮਾਸਟਰਸ ਸ਼ਤਰੰਜ 2020 : ਆਨੰਦ ਨੇ ਨੀਦਰਲੈਂਡ ਦੇ ਵਾਨ ਫਾਰੇਸਟ ਨਾਲ ਡਰਾਅ ਖੇਡਿਆ

01/19/2020 12:05:19 PM

ਵਿਜਕ ਆਨ ਜੀ (ਨੀਦਰਲੈਂਡ) (ਨਿਕਲੇਸ਼ ਜੈਨ) : ਵਿਸ਼ਵ ਦੀ ਸਭ ਤੋਂ ਵੱਡੀ ਤੇ ਪੁਰਾਣੀ 82ਵੀਂ ਟਾਟਾ ਸਟੀਲ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤ ਦਾ ਵਿਸ਼ਵਨਾਥਨ ਆਨੰਦ ਛੇਵੇਂ ਰਾਊਂਡ ਵਿਚ ਕਾਲੇ ਮੋਹਰਿਆਂ ਨਾਲ ਮੇਜ਼ਬਾਨ ਨੀਦਰਲੈਂਡ ਦੇ ਵਾਨ ਫਾਰੇਸਟ ਨਾਲ ਖੇਡ ਰਿਹਾ ਸੀ। ਖੇਡ ਦੀ ਸ਼ੁਰੂਆਤ ਤੋਂ ਹੀ ਆਨੰਦ ਨੇ ਹਮਲਾਵਰ ਰੁਖ਼ ਅਪਣਾਇਆ ਤੇ 2 ਪਿਆਦੇ ਬਲੀਦਾਨ ਕਰ ਦਿੱਤੇ ਪਰ ਫੋਰ ਨਾਈਟਸ ਓਪਨਿੰਗ ਵਿਚ ਹੋਇਆ ਇਹ ਮੁਕਾਬਲਾ 34 ਚਾਲਾਂ 'ਚ ਡਰਾਅ ਰਿਹਾ। ਟਾਟਾ ਸਟੀਲ 13 ਰਾਊਂਡ ਦਾ ਵੱਡਾ ਟੂਰਨਾਮੈਂਟ ਹੈ, ਅਜਿਹੀ ਹਾਲਤ ਵਿਚ ਬਚੇ ਹੋਏ ਬਾਕੀ 7 ਰਾਊਂਡਜ਼ ਵਿਚ ਆਨੰਦ ਜਾਂ ਕਾਰਲਸਨ ਲਈ ਵਾਪਸੀ ਕਰਨਾ ਕੋਈ ਮੁਸ਼ਕਿਲ ਕੰਮ ਨਹੀਂ ਹੈ।

ਰਾਊਂਡ 6 ਤੋਂ ਬਾਅਦ 4 ਅੰਕ ਬਣਾ ਕੇ ਅਮਰੀਕਾ ਦਾ ਵੇਸਲੀ ਸੋਅ ਤੇ ਈਰਾਨ ਦਾ ਅਲੀਰੇਜ ਫਿਰੋਜ਼ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਚੱਲ ਰਹੇ ਹਨ, ਜਦਕਿ ਅਮਰੀਕਾ ਦਾ ਫਾਬਿਆਨੋ ਕਾਰੂਆਨਾ, ਨੀਦਰਲੈਂਡ ਦਾ ਵਾਨ ਫਾਰੇਸਟ ਤੇ ਰੂਸ ਦਾ ਡੇਨੀਅਲ ਡੂਬੋਵ 3.5 ਅੰਕ ਬਣਾ ਕੇ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਹੇ ਹਨ, ਜਦਕਿ ਭਾਰਤ ਦਾ ਵਿਸ਼ਵਨਾਥਨ ਤੇ ਵਿਸਵ ਚੈਂਪੀਅਨ ਨਾਰਵੇ ਦਾ ਮੈਗਨਸ ਕਾਰਲਸਨ 3 ਅੰਕ ਬਣਾ ਕੇ ਖੇਡ ਰਹੇ ਹਨ।