IPL 2022 ਤੋਂ ਨਿਕਲੇ ਨਵੇਂ ਖਿਡਾਰੀਆਂ ਦਾ ਟੀਚਾ ਟੀ-20 ਵਿਸ਼ਵ ਕੱਪ

06/02/2022 1:18:22 PM

ਖੇਡ ਡੈਸਕ : ਆਈ. ਪੀ. ਐੱਲ. 2022 ਤੋਂ ਬਾਅਦ ਟੀਮ ਇੰਡੀਆ ਹੁਣ ਦੱਖਣੀ ਅਫਰੀਕਾ ਖਿਲਾਫ ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। 18 ਮੈਂਬਰੀ ਭਾਰਤੀ ਟੀਮ ਵਿਚ ਕਸ਼ਮੀਰ ਦੇ 22 ਸਾਲ ਦੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਜਗ੍ਹਾ ਦਿੱਤੀ ਗਈ ਹੈ। ਉਮਰਾਨ ਨੇ 157 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟਣ ਦੇ ਨਾਲ 22 ਵਿਕਟਾਂ ਲਈਆਂ। ਕੁਝ ਕੁ ਮੈਚਾਂ ਵਿਚ ਉਹ ਮਹਿੰਗਾ ਵੀ ਸਾਬਿਤ ਹੋਇਆ ਪਰ ਗੁਜਰਾਤ ਖਿਲਾਫ 5/25 ਦਾ ਪ੍ਰਦਰਸ਼ਨ ਉਸ ਦਾ ਸਰਵਸ੍ਰੇਸ਼ਠ ਸੀ। ਉਸ ਨੇ ਸ਼ੁਭਮਨ ਗਿੱਲ, ਹਾਰਦਿਕ ਪੰਡਯਾ ਅਤੇ ਡੇਵਿਡ ਮਿਲਰ ਦੀਆਂ ਵਿਕਟਾਂ ਲਈਆਂ ਸਨ। ਹੁਣ ਵੇਖਣਾ ਹੋਵੇਗਾ ਕਿ ਉਸ ਨੂੰ ਪਲੇਇੰਗ-11 ਵਿਚ ਜਗ੍ਹਾ ਮਿਲਦੀ ਹੈ ਜਾਂ ਉਹ ਸਿਰਫ ਨੈੱਟ ਬਾਲਰ ਹੀ ਰਹਿੰਦਾ ਹੈ। ਜੇਕਰ ਉਸ ਨੂੰ ਮੌਕਾ ਮਿਲਿਆ ਤਾਂ ਨਿਸ਼ਚਿਤ ਤੌਰ ’ਤੇ ਉਹ ਆਸਟ੍ਰੇਲੀਆ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤ ਲਈ ਫਾਇਦੇਮੰਦ ਸਾਬਤ ਹੋ ਸਕੇਗਾ। ਫਿਲਹਾਲ ਅਗਲੀ ਸੀਰੀਜ਼ ਤੋਂ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ੰਮੀ ਨੂੰ ਆਰਾਮ ਦਿੱਤਾ ਗਿਆ ਹੈ। ਅਜਿਹੇ ਵਿਚ ਟੀਮ ਇੰਡੀਆ ਵਿਚ ਤੀਜੇ ਅਤੇ ਚੌਥੇ ਗੇਂਦਬਾਜ਼ ਲਈ ਆਈ. ਪੀ. ਐੱਲ. 2022 ਕਈ ਦਾਅਵੇਦਾਰ ਸਾਹਮਣੇ ਲੈ ਕੇ ਆਇਆ ਹੈ।

ਇਨ੍ਹਾਂ ਤੇਜ਼ ਗੇਂਦਬਾਜ਼ਾਂ ਵਿਚਾਲੇ ਟੱਕਰ
ਸੱਟ ਤੋਂ ਉਭਰਿਆ ਭੁਵਨੇਸ਼ਵਰ ਕੁਮਾਰ ਦੀ ਰਫਤਾਰ ਵਿਚ ਕਮੀ ਦਿਸੀ। ਉਸ ਨੇ 14 ਮੈਚਾਂ ਵਿਚ ਸਿਰਫ 12 ਵਿਕਟਾਂ ਲਈਆਂ। ਅਵੇਸ਼ ਖਾਨ ਨੇ 13 ਮੈਚਾਂ ਵਿਚ 18 ਵਿਕਟਾਂ ਤਾਂ ਜ਼ਰੂਰ ਲਈਆਂ ਪਰ ਉਸ ਦੀ ਇਕਾਨਮੀ 9 ਤੋਂ ’ਤੇ ਰਹੀ। ਹਰਸ਼ਲ ਪਟੇਲ ਦਾ ਪ੍ਰਦਰਸ਼ਨ ਪਿਛਲੇ ਸੀਜ਼ਨ ਵਾਂਗ ਆਮ ਰਿਹਾ। ਉਸ ਨੇ 19 ਵਿਕਟਾਂ ਲਈਆਂ ਪਰ ਪੰਜਾਬ ਕਿੰਗਸ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਹੈਰਾਨ ਕਰ ਦਿੱਤਾ। ਅਰਸ਼ਦੀਪ ਨੇ ਡੈੱਥ ਓਵਰਾਂ ਵਿਚ ਸ਼ਾਨਦਾਰ ਯਾਰਕਰ ਦੇ ਨਾਲ ਸਭ ਤੋਂ ਵੱਧ ਕਿਫਾਇਤੀ ਅੰਕੜੇ ਆਪਣੇ ਨਾਂ ਕੀਤੇ। ਉਸ ਨੂੰ 14 ਮੈਚਾਂ ਵਿਚ 10 ਵਿਕਟਾਂ ਮਿਲੀਆਂ। ਸੀਜ਼ਨ ਵਿਚ ਮੋਹਸਿਨ ਖਾਨ ਨੇ ਵੀ ਪ੍ਰਭਾਵਿਤ ਕੀਤਾ। ਉਸ ਦੀ ਇਕਾਨਮੀ 6 ਤੋਂ ਹੇਠਾਂ ਰਹੀ। ਉਸ ਨੇ 150 ਕਿ. ਮੀ./ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟ ਕੇ 9 ਮੈਚਾਂ ਵਿਚ 14 ਵਿਕਟਾਂ ਲਈਆਂ। ਮੋਹਸਿਨ ਨੇ ਸੀਜ਼ਨ ਵਿਚ ਰਫਤਾਰ ਅਤੇ ਲੈਂਥ ਬਦਲਦੇ ਹੋਏ ਗੇਂਦਬਾਜ਼ੀ ਕੀਤੀ, ਜਿਸ ਦੀ ਖੂਬ ਸ਼ਲਾਘਾ ਹੋਈ।

ਇਹ ਵੀ ਪੜ੍ਹੋ: ਵਿਆਹ ਦੇ ਬੰਧਨ ’ਚ ਬੱਝੇ ਭਾਰਤੀ ਕ੍ਰਿਕਟਰ ਦੀਪਕ ਚਾਹਰ, ਜਯਾ ਨਾਲ ਲਏ 7 ਫੇਰੇ (ਤਸਵੀਰਾਂ)

ਸਪਿਨਰਸ ਵੀ ਘੱਟ ਨਹੀਂ
ਸੀਜ਼ਨ ਦੇ ਨਾਲ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਨੇ ਵੀ ਵਾਪਸੀ ਕੀਤੀ। ਦੋਵਾਂ ਨੂੰ ਪਿਛਲੇ ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ ਵਿਚ ਚੁਣਿਆ ਨਹੀਂ ਗਿਆ ਸੀ। ਉਨ੍ਹਾਂ ਦੀ ਜਗ੍ਹਾ ਰਾਹੁਲ ਚਾਹਰ ਅਤੇ ਮਿਸਟਰੀ ਸਪਿਨਰ ਵਰੁਣ ਚੱਕਰਵਰਤੀ ਨੂੰ ਪਹਿਲ ਦਿੱਤੀ ਗਈ ਸੀ ਪਰ ਇਹ ਦੋਵੇਂ ਅਸਫਲ ਰਹੇ ਸਨ। ਫਿਲਹਾਲ, ਚਾਹਲ ਨੇ ਇਸ ਸੀਜ਼ਨ ਦੇ 17 ਮੈਚਾਂ ਵਿਚ 27 ਵਿਕਟਾਂ ਲਈਆਂ ਅਤੇ ਪਰਪਲ ਕੈਪ ਹਾਸਲ ਕੀਤੀ। ਕੁਲਦੀਪ ਯਾਦਵ ਨੂੰ ਵੀ 14 ਮੈਚਾਂ ਵਿਚ 21 ਵਿਕਟਾਂ ਮਿਲੀਆਂ। ਉਹ ਆਸਟ੍ਰੇਲੀਆ ਦੇ ਵੱਡੇ ਮੈਦਾਨ ’ਤੇ ਮਹੱਤਵਪੂਰਨ ਹੋ ਸਕਦੇ ਹਨ। ਟੀਮ ਵਿਚ ਗੂਗਲੀ ਦੇ ਮਾਹਿਰ ਰਵੀ ਬਿਸ਼ਨੋਈ ਵੀ ਸ਼ਾਮਲ ਹਨ, ਜਿਸ ਦਾ ਆਈ. ਪੀ. ਐੱਲ. ਪ੍ਰਦਰਸ਼ਨ ਖਰਾਬ ਰਿਹਾ। ਜ਼ਖਮੀ ਰਵਿੰਦਰ ਜਡੇਜਾ ਦੀ ਥਾਂ ਖੱਬੇ ਹੱਥ ਦੇ ਸਪਿਨਰ ਅਕਸ਼ਰ ਪਟੇਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਟਾਪ ’ਤੇ ਰਹੇ ਆਲਰਾਊਂਡਰਸ
ਆਈ. ਪੀ. ਐੱਲ. 2022 ਵਿਚ ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਨੇ ਵਧੀਆ ਪ੍ਰਦਰਸ਼ਨ ਕੀਤਾ। ਪਿੱਠ ਦੀ ਸੱਟ ਤੋਂ ਉਭਰੇ ਹਾਰਦਿਕ ਨੇ ਮੁੰਬਈ ਇੰਡੀਅਨਜ਼ ਤੋਂ ਬਾਹਰ ਹੋਣ ਤੋਂ ਬਾਅਦ ਗੁਜਰਾਤ ਟਾਈਟਨਸ ਦੀ ਕਪਤਾਨੀ ਕੀਤੀ ਅਤੇ ਉਸ ਨੂੰ ਚੈਂਪੀਅਨ ਬਣਾਇਆ। ਹਾਰਦਿਕ ਨੇ ਬੱਲੇ ਨਾਲ 487 ਦੌੜਾਂ ਬਣਾਈਆਂ ਅਤੇ ਵਿਕਟਾਂ ਵੀ ਲਈਆਂ। ਰਾਜਸਥਾਨ ਖਿਲਾਫ ਫਾਈਨਲ ਮੁਕਾਬਲੇ ਵਿਚ ਉਸ ਨੇ 17 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਫਿਰ ਬੱਲੇਬਾਜ਼ੀ ਕਰਦੇ ਹੋਏ 34 ਦੌੜਾਂ ਵੀ ਬਣਾਈਆਂ। ਉਸ ਨੇ 140 ਕਿ. ਮੀ. ਪ੍ਰਤੀ ਘੰਟੇ ਤੋਂ ਵੱਧ ਦੀ ਰਫਤਾਰ ਨਾਲ ਗੇਂਦਬਾਜ਼ੀ ਕਰ ਕੇ ਆਪਣੀ ਫਿੱਟਨੈੱਸ ਵੀ ਸਾਬਤ ਕੀਤੀ। ਉਹ ਟੀਮ ਇੰਡੀਆ ਵਿਚ ਨੰਬਰ 4 ’ਤੇ ਖੇਡ ਸਕਦਾ ਹੈ। ਗੁਜਰਾਤ ਟਾਈਟਨਸ ਨੇ ਟੂਰਨਾਮੈਂਟ ’ਚ 16 ਵਿਚੋਂ ਸਿਰਫ 4 ਮੈਚ ਹਾਰੇ।

ਇਹ ਵੀ ਪੜ੍ਹੋ: ਮਹਿੰਦਰ ਸਿੰਘ ਧੋਨੀ ਸਮੇਤ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ, 28 ਜੂਨ ਨੂੰ ਹੋਵੇਗੀ ਸੁਣਵਾਈ, ਜਾਣੋ ਪੂਰਾ ਮਾਮਲਾ

ਫਾਈਨਲ ਵਿਚ ਗੁਜਰਾਤ ਦੇ ਸਾਹਮਣੇ ਰਾਜਸਥਾਨ ਦੇ ਜੋਸ ਬਟਲਰ ਦੀ ਸਖਤ ਚੁਣੌਤੀ ਸੀ ਪਰ ਹਾਰਦਿਕ ਨੇ ਰਾਸ਼ਿਦ ਖਾਨ ਨਾਲ ਬਟਲਰ ਨੂੰ ਕਾਬੂ ਵਿਚ ਰੱਖਿਆ। ਹਾਰਦਿਕ ਦਾ ਆਈ. ਪੀ. ਐੱਲ. ਖਿਤਾਬ ਜਿੱਤਣਾ ਉਸ ਨੂੰ ਭਾਰਤੀ ਟੀਮ ਦੀ ਉਪ-ਕਪਤਾਨੀ ਲਈ ਕੇ. ਐੱਲ. ਰਾਹੁਲ ਅਤੇ ਰਿਸ਼ਭ ਪੰਤ ਦੀ ਲਾਈਨ ਵਿਚ ਖਡ਼੍ਹਾ ਕਰ ਰਿਹਾ ਹੈ। ਕੇ. ਐੱਲ. ਰਾਹੁਲ ਅਤੇ ਰਿਸ਼ਭ ਪੰਤ ਸੀਜ਼ਨ ਦੇ ਆਪਣੇ ਆਖਰੀ ਮੈਚਾਂ ਵਿਚ ਪ੍ਰਭਾਵਿਤ ਕਰਨ ਵਿਚ ਅਸਫਲ ਰਹੇ ਸਨ। ਪੰਡਯਾ ਤੋਂ ਇਲਾਵਾ ਦਿਨੇਸ਼ ਕਾਰਤਿਕ ਨੇ ਆਈ. ਪੀ. ਐੱਲ. ਸੀਜ਼ਨ ਵਿਚ 183 ਦੇ ਸਟ੍ਰਾਈਕ ਰੇਟ ਨਾਲ ਫਿਨਿਸ਼ਰ ਦੇ ਰੂਪ ਵਿਚ ਭਾਰਤੀ ਟੀਮ ਵਿਚ ਵਾਪਸੀ ਕੀਤੀ। ਇਹ 37 ਸਾਲ ਦਾ ਵਿਕਟਕੀਪਰ-ਬੱਲੇਬਾਜ਼ ਆਖਰੀ ਵਾਰ 2019 ਇਕ ਦਿਨਾ ਵਿਸ਼ਵ ਕੱਪ ਵਿਚ ਭਾਰਤ ਲਈ ਖੇਡਿਆ ਸੀ। ਕਾਰਤਿਕ ਅਤੇ ਪੰਡਯਾ ਦੀ ਜੋਡ਼ੀ ਕਮਾਲ ਕਰ ਸਕਦੀ ਹੈ। ਟੀਮ ਇੰਡੀਆ ਨੂੰ ਵੈਂਕਟੇਸ਼ ਅਈਅਰ ਤੋਂ ਉਮੀਦ ਸੀ ਪਰ ਉਹ ਬੱਲੇ ਨਾਲ ਤਾਂ ਫਲਾਪ ਰਿਹਾ ਹੀ ਨਾਲ ਹੀ ਗੇਂਦਬਾਜ਼ੀ ਕਰਦੇ ਹੋਏ ਕੋਈ ਵਿਕਟ ਵੀ ਨਹੀਂ ਲੈ ਸਕਿਆ ਪਰ ਬਾਵਜੂਦ ਇਸ ਦੇ ਵੈਂਕਟੇਸ਼ ਨੂੰ ਟੀਮ ਇੰਡੀਆ ਵਿਚ ਰੱਖਿਆ ਗਿਆ ਹੈ। ਉਸ ਦੀ ਜਗ੍ਹਾ ਰਾਹੁਲ ਤ੍ਰਿਪਾਠੀ ਨੂੰ ਮੌਕਾ ਦਿੱਤਾ ਜਾ ਸਕਦਾ ਸੀ, ਜਿਸ ਨੇ ਸੀਜ਼ਨ ਵਿਚ 158 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਸੰਜੂ ਸੈਮਸਨ ਨੇ ਵਧੀਆ ਪ੍ਰਦਰਸ਼ਨ ਕੀਤਾ। ਉਸ ਨੇ 147 ਦੀ ਸਟ੍ਰਾਇਕ ਰੇਟ ਨਾਲ ਦੌੜਾਂ ਬਣਾਈਆਂ ਪਰ ਉਸ ਨੂੰ ਟੀਮ ਇੰਡੀਆ ’ਚ ਜਗ੍ਹਾ ਨਹੀਂ ਮਿਲੀ। ਉਥੇ ਹੀ ਟੀਮ ਇੰਡੀਆ ਲਈ ਸਭ ਤੋਂ ਵੱਡਾ ਪ੍ਰਸ਼ਨ ਚਿੰਨ੍ਹ ਵਿਰਾਟ ਕੋਹਲੀ ਦਾ ਲਗਾਤਾਰ ਖਰਾਬ ਫਾਰਮ ਹੈ। ਕੋਹਲੀ ਦੀ ਇਸ ਸੀਜ਼ਨ ਵਿਚ 116 ਦਾ ਸਟ੍ਰਾਈਕ ਰੇਟ ਅਤੇ 22 ਦੀ ਔਸਤ ਰਹੀ। ਉਹ ਦੱਖਣੀ ਅਫਰੀਕਾ ਖਿਲਾਫ ਟੀ-20 ਮੈਚਾਂ ਦੀ ਸੀਰੀਜ਼ ਵਿਚ ਨਹੀਂ ਖੇਡੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News