ਤਮਿਲ ਨੇ ਜਿੱਤ ਦੇ ਨਾਲ ਕੀਤਾ ਮੁਹਿੰਮ ਦਾ ਅੰਤ

10/15/2017 9:40:34 AM

ਪੁਣੇ, (ਬਿਊਰੋ)— ਸਭ ਤੋਂ ਹੇਠਾਂ ਚੱਲ ਰਹੀ ਤਮਿਲ ਤਲਾਈਵਾਸ ਦੀ ਟੀਮ ਨੇ ਪਿਛਲੇ ਚੈਂਪੀਅਨ ਪਟਨਾ ਪਾਇਰੇਟਸ ਨੂੰ ਸ਼ਨੀਵਾਰ ਨੂੰ 40-37 ਨਾਲ ਹੈਰਾਨ ਕਰਦੇ ਹੋਏ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ਵਿੱਚ ਆਪਣੀ ਮੁਹਿੰਮ ਜਿੱਤ ਦੇ ਨਾਲ ਖ਼ਤਮ ਕੀਤੀ । ਤਮਿਲ ਨੂੰ ਹਾਲਾਂਕਿ ਇਸ ਜਿੱਤ ਨਾਲ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਉਹ ਪਹਿਲਾਂ ਹੀ ਪਲੇਆਫ ਦੀ ਹੋੜ ਤੋਂ ਬਾਹਰ ਹੋ ਚੁੱਕੀ ਸੀ । ਤਮਿਲ ਲਈ ਇਹੀ ਰਾਹਤ ਦੀ ਗੱਲ ਰਹੀ ਕਿ ਉਸਨੇ ਆਪਣਾ ਆਖਰੀ ਮੈਚ ਜਿੱਤ ਲਿਆ ਅਤੇ ਉਹ ਵੀ ਚੈਂਪੀਅਨ ਟੀਮ ਦੇ ਖਿਲਾਫ ।    
ਤਮਿਲ ਨੂੰ ਪਹਿਲੇ ਹਾਫ ਵਿੱਚ 29-12 ਦੀ ਵੱਡੀ ਬੜ੍ਹਤ ਬਣਾਉਣ ਦਾ ਫਾਇਦਾ ਮਿਲਿਆ । ਪਟਨਾ ਨੇ ਦੂਜੇ ਹਾਫ ਵਿੱਚ ਆਪਣਾ ਰੰਗ ਦਿਖਾਉਂਦੇ ਹੋਏ 25 ਅੰਕ ਬਣਾਏ ਪਰ ਉਹ ਪਹਿਲੇ ਹਾਫ ਦੇ ਫਰਕ ਨੂੰ ਖਤਮ ਨਹੀਂ ਸਕੀ । ਤਮਿਲ ਦੀ ਜ਼ੋਨ ਬੀ ਵਿੱਚ 22 ਮੈਚਾਂ ਵਿੱਚ ਇਹ ਛੇਵੀਂ ਜਿੱਤ ਰਹੀ ਅਤੇ ਹੁਣ ਉਹ ਤਾਲਿਕਾ ਵਿੱਚ 46 ਅੰਕਾਂ ਦੇ ਨਾਲ ਪੰਜਵੇਂ ਸਥਾਨ ਉੱਤੇ ਆ ਗਈ ਹੈ । ਪਟਨਾ ਦੀ 21 ਮੈਚਾਂ ਵਿੱਚ ਇਹ ਸੱਤਵੀਂ ਹਾਰ ਹੈ ਅਤੇ ਉਹ 68 ਅੰਕਾਂ ਦੇ ਨਾਲ ਦੂਜੇ ਸਥਾਨ ਉੱਤੇ ਕਾਇਮ ਹੈ । ਤਮਿਲ ਦੀ ਜਿੱਤ ਵਿੱਚ ਅਜੈ ਠਾਕੁਰ ਨੇ 24 ਰੇਡ ਵਿੱਚ 14 ਅੰਕ ਬਣਾਏ । ਤਮਿਲ ਲਈ ਕੇ. ਪ੍ਰਾਪੰਜਨ ਨੇ 11 ਅੰਕ ਬਣਾਏ । ਪਟਨਾ ਲਈ ਪ੍ਰਦੀਪ ਨਰਵਾਲ 20 ਅੰਕਾਂ ਦੇ ਨਾਲ ਸਿਖਰ ਦੇ ਸਕੋਰਰ ਰਹੇ । ਨਰਵਾਲ ਨੇ 22 ਰੇਡ ਕੀਤੀ ਅਤੇ 20 ਅੰਕ ਬਣਾਏ।