ਖੇਡ ਛੱਡ ਕੇ ਡਾਂਸ ਕਰ ਰਹੀ ਹੈ ਟੇਬਲ ਟੈਨਿਸ ਸਟਾਰ ਮਣਿਕਾ ਬੱਤਰਾ

03/28/2020 3:00:15 AM

ਨਵੀਂ ਦਿੱਲੀ - ਕਿਸੇ ਖਿਡਾਰੀ ਲਈ ਆਪਣੀ ਪਸੰਦੀਦਾ ਖੇਡ ਤੋਂ ਲੰਬੇ ਸਮੇਂ ਤਕ ਦੂਰ ਰਹਿਣਾ ਆਸਾਨ ਨਹੀਂ ਹੁੰਦਾ। ਖਾਸ ਤੌਰ 'ਤੇ ਉਦੋਂ ਜਦੋਂ ਤੁਸੀਂ ਕੌਮਾਂਤਰੀ ਪੱਧਰ 'ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਦੇ ਹੋ। ਹਾਲਾਂਕਿ ਕੋਰੋਨਾ ਵਾਇਰਸ ਨੇ ਸਾਰਿਆਂ ਨੂੰ ਘਰ ਬੈਠਣ ਲਈ ਮਜਬੂਰ ਕਰ ਦਿੱਤਾ ਹੈ। ਅਜਿਹੇ ਵਿਚ ਸਾਰੇ ਖਿਡਾਰੀ ਲੰਬੇ ਸਮੇਂ ਬਾਅਦ ਘਰ ਰਹਿ ਕੇ ਖੇਡਾਂ ਤੋਂ ਇਲਾਵਾ ਬਾਕੀ ਚੀਜ਼ਾਂ 'ਤੇ ਵੀ ਧਿਆਨ ਦੇ ਰਹੇ ਹਨ। ਅਜਿਹੀ ਹੀ ਕੁਝ ਕਹਾਣੀ ਹੈ ਭਾਰਤ ਦੀ ਟੇਬਲ ਟੈਨਿਸ ਸਟਾਰ ਮਣਿਕਾ ਬੱਤਰਾ ਦੀ, ਜਿਹੜੀ ਇਨ੍ਹੀਂ ਦਿਨੀਂ ਰੈਕੇਟ ਛੱਡ ਕੇ ਆਪਣੇ ਬਚਪਨ ਦੇ ਸ਼ੌਕ 'ਤੇ ਦੁਬਾਰਾ ਹੱਥ ਅਜ਼ਮਾਉਂਦੇ ਹੋਏ ਫਿਰ ਤੋਂ ਡਾਂਸ ਕਰਨ ਲੱਗੀ ਹੈ।
ਮਣਿਕਾ ਨੇ ਕਿਹਾ ਕਿ ਉਹ ਇਨ੍ਹੀਂ ਦਿਨੀਂ ਆਪਣੇ ਆਪ ਨੂੰ ਫਿੱਟ ਰੱਖਣ ਲਈ ਡਾਂਸ ਵੱਲ ਵਾਪਸੀ ਕਰ ਚੁੱਕੀ ਹੈ, ਜਿਹੜਾ ਉਸਦਾ ਬਚਪਨ ਦਾ ਸ਼ੌਕ ਸੀ। ਮਣਿਕਾ ਨੇ ਕਿਹਾ, ''ਲਾਕਡਾਊਨ ਦੀ ਵਜ੍ਹਾ ਨਾਲ ਮੈਂ ਘਰ 'ਤੇ ਹੀ ਟ੍ਰੇਨਿੰਗ ਕਰਦੀ ਹਾਂ, ਸਕੀਪਿੰਗ ਤੇ ਸਟੈਚਿੰਗ ਤੋਂ ਇਲਾਵਾ ਮੈਂ ਡਾਂਸ ਵੀ ਕਰਦੀ ਹਾਂ। ਡਾਂਸ ਨਾ ਸਿਰਫ ਇਕ ਚੰਗੀ ਕਸਰਤ ਹੈ, ਸਗੋਂ ਮੈਨੂੰ ਇਹ ਬਚਪਨ ਤੋਂ ਹੀ ਪਸੰਦ ਹੈ।'' ਮਣਿਕਾ ਨੇ ਦੱਸਿਆ ਕਿ ਖਾਲੀ ਸਮੇਂ ਵਿਚ ਉਹ ਕਿਤਾਬਾਂ ਪੜ੍ਹਨ ਤੋਂ  ਇਲਾਵਾ ਨੈੱਟਫਲਿਕਸ 'ਤੇ ਸੀਰੀਜ਼ ਵੀ ਦੇਖਦੀ ਹੈ। ਕੋਰੋਨਾ ਵਾਇਰਸ  ਕਾਰਣ ਮੁਲਤਵੀ ਹੋ ਚੁੱਕੀਆਂ ਓਲੰਪਿਕ ਖੇਡਾਂ ਨੂੰ ਲੈ ਕੇ ਮਣਿਕਾ ਨੇ ਕਿਹਾ ਕਿ ਇਹ ਭਾਰਤੀ ਖਿਡਾਰੀਆਂ ਲਈ ਚੰਗਾ ਹੈ। ਮਣਿਕਾ ਨੇ ਕਿਹਾ, ''ਮੈਂ ਬਹੁਤ ਹਾਂ-ਪੱਖੀ ਹਾਂ। ਜੋ ਹੁੰਦਾ ਹੈ, ਚੰਗੇ ਲਈ ਹੁੰਦਾ ਹੈ। ਹੁਣ ਸਾਨੂੰ ਤਿਆਰੀ ਲਈ ਹੋਰ ਸਮਾਂ ਮਿਲੇਗਾ। ਅਸੀਂ ਹੁਣ ਪਹਿਲਾਂ ਕੁਆਲੀਫਾਈ ਕਰਨ ਲਈ ਕੰਮ ਕਰਾਂਗੇ ਤੇ ਫਿਰ ਓਲੰਪਿਕ ਵਿਚ ਤਮਗੇ ਲਿਆਉਣ ਲਈ।''

Gurdeep Singh

This news is Content Editor Gurdeep Singh