T20 WC 2022 : ਭਾਰਤ ਨੇ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾਇਆ, ਇੰਗਲੈਂਡ ਨਾਲ ਹੋਵੇਗਾ ਸੈਮੀਫਾਈਨਲ

11/06/2022 5:04:55 PM

ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ ਦੇ ਆਖਰੀ ਲੀਗ ਮੈਚ 'ਚ ਅੱਜ ਮੈਲਬੌਰਨ ਵਿਖੇ ਭਾਰਤ ਤੇ ਜ਼ਿੰਬਾਬਵੇ ਦਾ ਆਹਮੋ-ਸਾਹਮਣਾ ਹੋਇਆ। ਭਾਰਤ ਨੇ ਇਹ ਮੈਚ 71 ਦੌੜਾਂ ਨਾਲ ਜਿੱਤ ਲਿਆ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 186 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਜ਼ਿੰਬਾਬਵੇ ਨੂੰ ਜਿੱਤ ਲਈ 187 ਦੌੜਾਂ ਦਾ ਟੀਚਾ ਦਿੱਤਾ ਹੈ।ਟੀਚੇ ਦਾ ਪਿੱਛਾ ਕਰਦੇ ਹੋਏ ਜ਼ਿੰਬਾਬਵੇ ਦੀ ਟੀਮ 17.2 ਓਵਰਾਂ 'ਚ ਆਲ ਆਊਟ ਹੋ ਕੇ ਸਿਰਫ਼ 115 ਦੌੜਾਂ ਹੀ ਬਣਾ ਸਕੀ। ਸਿੱਟੇ ਵਜੋਂ ਭਾਰਤ 71 ਦੌੜਾਂ ਨਾਲ ਇਹ ਮੈਜ ਜਿੱਤ ਗਿਆ। ਹੁਣ ਭਾਰਤ ਦਾ ਸੈਮੀਫਾਈਨਲ 'ਚ ਇੰਗਲੈਂਡ ਨਾਲ ਮੁਕਾਬਲਾ ਹੋਵੇਗਾ ਜੋ 10 ਨਵੰਬਰ ਨੂੰ ਖੇਡਿਆ ਜਾਵੇਗਾ।

ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਰੋਹਿਤ ਸ਼ਰਮਾ 15 ਦੌੜਾਂ ਦੇ ਨਿੱਜੀ ਸਕੋਰ 'ਤੇ ਮੁਜ਼ਾਰਬਾਨੀ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਵਿਰਾਟ ਕੋਹਲੀ 26 ਦੌੜਾਂ ਦੇ ਨਿੱਜੀ ਸਕੋਰ 'ਤੇ ਸੀਨ ਵਿਲੀਅਮਸ ਵਲੋਂ ਆਊਟ ਹੋ ਗਏ। 

ਭਾਰਤ ਦੀ ਤੀਜੀ ਵਿਕਟ ਕੇ. ਐੱਲ. ਰਾਹੁਲ ਦੇ ਤੌਰ 'ਤੇ ਡਿੱਗੀ। ਰਾਹੁਲ 51 ਦੌੜਾਂ ਦੇ ਨਿੱਜੀ ਸਕੋਰ 'ਤੇ ਸਿਕੰਦਰ ਰਜ਼ਾ ਵਲੋਂ ਆਊਟ ਹੋਏ। ਭਾਰਤ ਦੀ ਚੌਥੀ ਵਿਕਟ ਰਿਸ਼ਭ ਪੰਤ ਦੇ ਤੌਰ 'ਤੇ ਡਿੱਗੀ। ਪੰਤ 3 ਦੌੜਾਂ ਦੇ ਨਿੱਜੀ ਸਕੋਰ 'ਤੇ ਸੀਨ ਵਿਲੀਅਮਸ ਦਾ ਸ਼ਿਕਾਰ ਬਣੇ। ਹਾਰਦਿਕ ਪੰਡਯਾ 18 ਦੌੜਾਂ ਬਣਾ ਆਊਟ ਹੋਏ। ਇਸ ਤੋਂ ਇਲਾਵਾ ਸੂਰਯਕੁਮਾਰ ਯਾਦਵ ਨੇ ਅਜੇਤੂ ਰਹਿੰਦੇ ਹੋਏ 6 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 61 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜ਼ਿੰਬਾਬਵੇ ਵਲੋਂ ਨਗਾਰਵਾ ਨੇ 1, ਮੁਜ਼ਰਬਾਨੀ ਨੇ 1, ਸਿਕੰਦਰ ਰਜ਼ਾ ਨੇ 1 ਤੇ ਸੀਨ ਵਿਲੀਅਮਸ ਨੇ 2 ਵਿਕਟਾਂ ਝਟਕਾਈਆਂ।

ਇਹ ਵੀ ਪੜ੍ਹੋ : T20 World Cup: ਨੀਦਰਲੈਂਡ ਨੇ ਦੱਖਣੀ ਅਫ਼ਰੀਕਾ ਨੂੰ ਹਰਾਇਆ, ਭਾਰਤ ਸੈਮੀਫਾਈਨਲ ’ਚ ਪੁੱਜਾ

ਟੀਚੇ ਦਾ ਪਿੱਛਾ ਕਰਦੇ ਹੋਏ ਜ਼ਿੰਬਾਬਵੇ ਦੀ ਪਹਿਲੀ ਵਿਕਟ ਮਧੇਵੇਰੇ ਦੇ ਤੌਰ 'ਤੇ ਡਿੱਗੀ ।ਮਧੇਵੇਰੇ ਬਿਨਾ ਖਾਤਾ ਖੋਲੇ ਭੁਵਨੇਸ਼ਵਰ ਕੁਮਾਰ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਭਾਰਤ ਨੂੰ ਦੂਜੀ ਸਫਲਤਾ ਅਰਸ਼ਦੀਪ ਸਿੰਘ ਦੇ ਦਿਵਾਈ। ਅਰਸ਼ਦੀਪ ਨੇ ਚਕਬਾਲਾ ਨੂੰ ਸਿਫਰ ਦੇ ਸਕੋਰ 'ਤੇ ਬੋਲਡ ਕਰਕੇ ਪਵੇਲੀਅਨ ਭੇਜ ਦਿੱਤਾ। ਜ਼ਿੰਬਾਬਵੇ ਦੀ ਤੀਜੀ ਵਿਕਟ ਸੀਨ ਵਿਲੀਅਮਸ ਦੇ ਤੌਰ 'ਤੇ ਡਿੱਗੀ। ਵਿਲੀਅਮਸ 11 ਦੌੜਾਂ  ਦੇ ਨਿੱਜੀ ਸਕੋਰ 'ਤੇ ਸ਼ੰਮੀ ਵਲੋਂ ਆਊਟ ਹੋਏ। ਜ਼ਿੰਬਾਬਵੇ ਨੂੰ ਚੌਥਾ ਝਟਕਾ ਕ੍ਰੇਗ ਇਰਵਿਨ ਦੇ ਤੌਰ 'ਤੇ ਲੱਗਾ। ਇਰਵਿਨ 13 ਦੌੜਾਂ ਬਣਾ ਹਾਰਦਿਕ ਦਾ ਸ਼ਿਕਾਰ ਬਣੇ। ਜ਼ਿੰਬਾਬਵੇ ਨੂੰ ਪੰਜਵਾਂ ਝਟਕਾ ਟੋਨੀ ਦੇ ਤੌਰ 'ਤੇ ਲੱਗਾ। ਟੋਨੀ 5 ਦੌੜਾਂ ਬਣਾ ਸ਼ੰਮੀ ਵਲੋਂ ਆਊਟ ਹੋ ਕੇ ਪਵੇਲੀਅਨ ਪਰਤੇ। ਜ਼ਿੰਬਾਬਵੇ ਨੂੰ ਛੇਵਾਂ ਝਟਕਾ ਰੀਆਨ ਬਰਲ ਦੇ ਤੌਰ 'ਤੇ ਲੱਗਾ। ਰੀਆਨ 35 ਦੌੜਾਂ ਬਣਾ ਅਸ਼ਵਿਨ ਵਲੋਂ ਬੋਲਡ ਹੋ ਕੇ ਆਊਟ ਹੋ ਗਏ। ਜ਼ਿੰਬਾਬਵੇ ਦੀ ਸਤਵੀਂ ਵਿਕਟ ਮਸਾਕਦਜ਼ਾ ਦੇ ਤੌਰ 'ਤੇ ਡਿੱਗੀ। ਉਹ 1 ਦੌੜ ਬਣਾ ਅਸ਼ਵਿਨ ਵਲੋਂ ਆਊਟ ਹੋਏ। ਖ਼ਬਰ ਲਿਖੇ ਜਾਣ ਸਮੇਂ ਤੱਕ ਜ਼ਿੰਬਾਬਵੇ ਨੇ 7 ਵਿਕਟਾਂ ਦੇ ਨੁਕਸਾਨ 'ਤੇ 106 ਦੌੜਾਂ ਬਣਾ ਲਈਆਂ ਸਨ। ਭਾਰਤ ਵਲੋਂ ਭੁਵਨੇਸ਼ਵਰ ਕੁਮਾਰ ਨੇ 1, ਅਰਸ਼ਦੀਪ ਸਿੰਘ ਨੇ 1, ਮੁਹੰਮਦ ਸ਼ੰਮੀ ਨੇ 2, ਹਾਰਦਿਕ ਪੰਡਯਾ ਨੇ 2 ਤੇ ਰਵੀਚੰਦਰਨ ਅਸ਼ਵਿਨ ਨੇ 3 ਵਿਕਟਾਂ ਲਈਆਂ।

ਦੋਵੇਂ ਟੀਮਾਂ ਦੀਆਂ ਪਲੇਇੰਗ ਇਲੈਵਨ

ਭਾਰਤ : ਕੇ. ਐੱਲ. ਰਾਹੁਲ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਰਿਸ਼ਭ ਪੰਤ (ਵਿਕਟਕੀਪਰ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ੰਮੀ, ਅਰਸ਼ਦੀਪ ਸਿੰਘ

ਜ਼ਿੰਬਾਬਵੇ : ਵੇਸਲੇ ਮਧੇਵੇਰੇ, ਕ੍ਰੇਗ ਇਰਵਿਨ (ਕਪਤਾਨ), ਰੇਗਿਸ ਚੱਕਾਬਵਾ (ਵਿਕਟਕੀਪਰ), ਸੀਨ ਵਿਲੀਅਮਜ਼, ਸਿਕੰਦਰ ਰਜ਼ਾ, ਟੋਨੀ ਮੁਨਿਓਂਗਾ, ਰਿਆਨ ਬਰਲ, ਟੇਂਡਾਈ ਚਤਾਰਾ, ਰਿਚਰਡ ਨਗਾਰਵਾ, ਵੇਲਿੰਗਟਨ ਮਸਾਕਾਦਜ਼ਾ, ਬਲੇਸਿੰਗ ਮੁਜ਼ਾਰਬਾਨੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh