ਟੀ-20 ਰੈਂਕਿੰਗ : ਰਿਜ਼ਵਾਨ ਪਹਿਲੇ ਸਥਾਨ ’ਤੇ ਕਾਬਜ਼, ਸੂਰਯਕੁਮਾਰ ਨੂੰ ਦੂਜਾ ਸਥਾਨ

10/06/2022 3:03:05 PM

ਦੁਬਈ : ਆਈ. ਸੀ. ਸੀ. ਵੱਲੋਂ ਜਾਰੀ ਟੀ-20 ਰੈਂਕਿੰਗ ਵਿੱਚ ਪਾਕਿਸਤਾਨੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਭਾਰਤ ਦੇ ਸੂਰਯਕੁਮਾਰ ਯਾਦਵ ਨੂੰ ਪਛਾੜ ਕੇ ਮੁੜ ਪਹਿਲਾ ਸਥਾਨ ਹਾਸਲ ਕੀਤਾ ਹੈ। ਦੋਵਾਂ ਦਰਮਿਆਨ ਫਰਕ ਸਿਰਫ਼ 16 ਰੈਂਕਿੰਗ ਅੰਕਾਂ ਦਾ ਹੈ। ਰਿਜ਼ਵਾਨ ਦੇ 854 ਅੰਕ ਹਨ ਅਤੇ ਸੂਰਯਕੁਮਾਰ 838 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। 

ਸੂਰਯਕੁਮਾਰ ਨੇ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਲੜੀ ਵਿੱਚ ਭਾਰਤ ਵੱਲੋਂ ਸਭ ਤੋਂ ਵੱਧ 119 ਦੌੜਾਂ ਬਣਾਈਆਂ, ਜਿਸ ਵਿੱਚ ਦੋ ਅਰਧ ਸੈਂਕੜੇ ਵੀ ਸ਼ਾਮਲ ਹਨ। ਉਧਰ ਰਿਜ਼ਵਾਨ ਨੇ ਵੀ ਇੰਗਲੈਂਡ ਖ਼ਿਲਾਫ਼ ਸੱਤ ਮੈਚਾਂ ਦੀ ਟੀ-20 ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਾਕਿਸਤਾਨ ਵੱਲੋਂ ਸਭ ਤੋਂ ਵੱਧ 316 ਦੌੜਾਂ ਬਣਾਈਆਂ ਹਾਲਾਂਕਿ ਉਸ ਨੇ ਛੇ ਮੈਚ ਹੀ ਖੇਡੇ। ਇਸੇ ਤਰ੍ਹਾਂ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਤੀਜੇ ਸਥਾਨ ’ਤੇ ਬਰਕਰਾਰ ਹੈ।

ਰੈਂਕਿੰਗ ਵਿੱਚ ਭਾਰਤ ਦਾ ਸਲਾਮੀ ਬੱਲੇਬਾਜ਼ ਕੇ.ਐੱਲ ਰਾਹੁਲ ਸੱਤ ਸਥਾਨ ਉਪਰ 14ਵੇਂ ਸਥਾਨ ’ਤੇ ਆ ਗਿਆ ਹੈ। ਗੇਂਦਬਾਜ਼ੀ ਵਿੱਚ ਆਸਟਰੇਲੀਆਈ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਪਹਿਲੇ ਸਥਾਨ ’ਤੇ ਬਰਕਰਾਰ ਹੈ ਜਦਕਿ ਅਫਗਾਨਿਸਤਾਨ ਦਾ ਸਪਿਨਰ ਰਾਸ਼ਿਦ ਖਾਨ ਦੂਜੇ ਅਤੇ ਸ੍ਰੀਲੰਕਾ ਦਾ ਵਨਿੰਦੂ ਹਾਸਾਰੰਗਾ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ 28 ਸਥਾਨ ਉੱਪਰ 20ਵੇਂ ਸਥਾਨ ’ਤੇ ਆ ਗਿਆ ਹੈ। 

Tarsem Singh

This news is Content Editor Tarsem Singh