ਪਾਣੀ ਦੇ ਡਰ ਨੂੰ ਦੂਰ ਕਰ ਕੇ 5 ਸਾਲ ਦੀ ਉਮਰ ''ਚ ਸ਼ੁਰੂ ਕੀਤੀ ਸਵਿਮਿੰਗ

12/24/2019 2:22:52 AM

ਪਟਿਆਲਾ (ਪ੍ਰਤਿਭਾ)- ਪਾਣੀ ਨੂੰ ਦੇਖਦਿਆਂ ਹੀ ਰੋਣ ਵਾਲੀ ਨੰਨ੍ਹੀ ਜਿਹੀ ਬੱਚੀ ਨੇ 5 ਸਾਲ ਦੀ ਉਮਰ ਵਿਚ ਸਵਿਮਿੰਗ ਸ਼ੁਰੂ ਕੀਤੀ। ਅੱਜ 8 ਸਾਲ ਦੀ ਉਮਰ ਵਿਚ ਅਲਾਇਨਾ ਸ਼ਰਮਾ 20 ਮੈਡਲ ਜਿੱਤ ਚੁੱਕੀ ਹੈ। ਹਰ ਸਟਰਾਕ ਵਿਚ ਕੰਪੀਟ ਕਰਨ ਵਾਲੀ ਇਸ ਛੋਟੀ ਜਿਹੀ ਸਵਿਮਰ ਦਾ ਸੁਪਨਾ ਦੇਸ਼ ਲਈ ਮੈਡਲ ਜਿੱਤਣ ਦਾ ਹੈ। ਇਸ ਲਈ ਉਹ ਪੂਰੀ ਮਿਹਨਤ ਕਰਦੀ ਹੈ। ਅੰਡਰ-11 ਉਮਰ ਵਰਗ ਦੀ ਖਿਡਾਰਨ ਅਲਾਇਨਾ ਦੀ ਸ਼ੁਰੂਆਤ ਸਵਿਮਿੰਗ ਵਿਚ ਉਸ ਦੇ ਡਰ ਕਾਰਣ ਹੋਈ। 2016 ਵਿਚ ਅਲਾਇਨਾ ਨੂੰ ਉਸ ਦੇ ਪਿਤਾ ਸੁੰਦਰ ਸ਼ਰਮਾ ਜਦੋਂ ਇਕ ਨਹਿਰ ਕੋਲ ਲੈ ਕੇ ਗਏ ਤਾਂ ਉਸ ਨੇ ਜ਼ੋਰ-ਜ਼ੋਰ ਨਾਲ ਰੋਣਾ ਸ਼ੁਰੂ ਕਰ ਦਿੱਤਾ। ਉਸ ਦੇ ਪਿਤਾ ਸਮੇਤ ਉਨ੍ਹਾਂ ਦੀ ਮਾਤਾ ਮੰਜੂ ਫੁਲਾਰਾ ਸ਼ਰਮਾ ਅਤੇ ਦਾਦਾ-ਦਾਦੀ ਸਾਰੇ ਸਵਿਮਿੰਗ ਜਾਣਦੇ ਹਨ। ਸਾਰੇ ਪ੍ਰੋਫੈਸ਼ਨਲ ਸਵਿਮਰ ਨਹੀਂ ਸਨ। ਬੇਟੀ ਨੂੰ ਪਾਣੀ ਤੋਂ ਇਸ ਤਰ੍ਹਾਂ ਡਰਦੇ ਦੇਖ ਕੇ ਉਨ੍ਹਾਂ ਨੂੰ ਵਧੀਆ ਨਹੀਂ ਲੱਗਾ। ਉਨ੍ਹਾਂ ਉਸ ਨੂੰ ਇਕ ਪ੍ਰਾਈਵੇਟ ਸਵਿਮਿੰਗ ਪੂਲ ਵਿਚ ਉਤਾਰ ਦਿੱਤਾ। ਇਸ ਤੋਂ ਬਾਅਦ ਅਲਾਇਨਾ ਦਾ ਡਰ ਖਤਮ ਹੋ ਗਿਆ। ਉਸ ਨੇ ਸਵਿਮਿੰਗ ਸਿੱਖਣੀ ਸ਼ੁਰੂ ਕਰ ਦਿੱਤੀ।
ਪਹਿਲੇ ਸਾਲ ਹੀ ਜਿੱਤਿਆ ਗੋਲਡ ਮੈਡਲ
ਸਵਿਮਿੰਗ ਦੀ ਟਰੇਨਿੰਗ ਲੈਂਦਿਆਂ ਕੁਝ ਮਹੀਨਿਆਂ ਬਾਅਦ ਹੀ ਅਲਾਇਨਾ ਦਾ ਪਹਿਲਾ ਮੁਕਾਬਲਾ ਜ਼ਿਲਾ ਪੱਧਰੀ ਸਵਿਮਿੰਗ ਚੈਂਪੀਅਨਸ਼ਿਪ ਸੀ। ਆਪਣੇ ਵਰਗ ਵਿਚ ਬਹੁਤ ਛੋਟੀ ਉਮਰ ਦੀ 5 ਸਾਲਾ ਅਲਾਇਨਾ ਨੇ ਡੂੰਘੀ ਡਾਈਵ ਮਾਰਦੇ ਹੋਏ ਕੰਪੀਟੀਸ਼ਨ ਵਿਚ ਸਭ ਨੂੰ ਪਛਾੜ ਕੇ ਆਪਣੇ ਵਰਗ 'ਚ ਪਹਿਲਾ ਗੋਲਡ ਮੈਡਲ ਜਿੱਤਿਆ। ਇਸ ਤੋਂ ਬਾਅਦ ਅਲਾਇਨਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਤਿੰਨ ਸਾਲਾਂ 'ਚ 20 ਮੈਡਲ ਜਿੱਤ ਚੁੱਕੀ ਹੈ।
ਹੁਣ ਸੂਬਾ ਪੱਧਰ 'ਤੇ ਜਿੱਤਣਾ ਹੈ ਗੋਲਡ ਮੈਡਲ
ਨੰਨ੍ਹੀ ਅਲਾਇਨਾ ਦਾ ਕਹਿਣਾ ਹੈ ਕਿ ਸੂਬਾ ਪੱਧਰੀ ਮੁਕਾਬਲਿਆਂ ਲਈ ਅੰਡਰ-11 ਉਮਰ ਵਰਗ ਨਹੀਂ ਸੀ। ਇਸੇ ਸਾਲ ਇਹ ਵਰਗ ਸ਼ੁਰੂ ਹੋਇਆ ਹੈ। ਹੁਣ ਅਗਲੇ ਸੈਸ਼ਨ ਵਿਚ ਉਹ ਸੂਬਾ ਪੱਧਰ 'ਤੇ ਖੇਡਣਾ ਚਾਹੁੰਦੀ ਹੈ। ਗੋਲਡ ਮੈਡਲ ਜਿੱਤਣਾ ਹੀ ਉਸ ਦਾ ਸੁਪਨਾ ਹੈ। ਉਸ ਨੇ ਹੁਣ ਤੱਕ 10 ਗੋਲਡ, 6 ਸਿਲਵਰ ਅਤੇ 4 ਬ੍ਰਾਊਨਜ਼ ਮੈਡਲ ਆਪਣੇ ਨਾਂ ਕੀਤੇ ਹਨ। ਇਸੇ ਲੜੀ ਨੂੰ ਜਾਰੀ ਰੱਖਦੇ ਹੋਏ ਉਹ ਖੁਦ ਨੂੰ ਸਾਬਤ ਕਰਨਾ ਚਾਹੁੰਦੀ ਹੈ। ਅਲਾਇਨਾ ਪ੍ਰੈਕਟਿਸ ਦੇ ਨਾਲ-ਨਾਲ ਆਪਣੇ ਖਾਣ-ਪੀਣ ਦਾ ਵੀ ਖਿਆਲ ਰੱਖਦੀ ਹੈ ਅਤੇ ਜੰਕ ਫੂਡ ਤੋਂ ਪ੍ਰਹੇਜ਼ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਖਾਣੇ ਨਾਲ ਉਸ ਦੇ ਪ੍ਰਦਰਸ਼ਨ 'ਤੇ ਫਰਕ ਪੈ ਸਕਦਾ ਹੈ। ਇਸ ਲਈ ਸਾਰੇ ਖਿਡਾਰੀਆਂ ਨੂੰ ਵਧੀਆ ਅਤੇ ਪੌਸ਼ਟਿਕ ਖਾਣਾ ਹੀ ਖਾਣਾ ਚਾਹੀਦਾ ਹੈ।


Gurdeep Singh

Content Editor

Related News