ਸਵਪਨਿਲ ਥੋਪਾੜੇ ਨਿਕਲਿਆ ਸਭ ਤੋਂ ਅੱਗੇ

08/19/2017 3:27:10 AM

ਅਹਿਮਦਾਬਾਦ— 55ਵੀਂ ਰਾਸ਼ਟਰੀ ਪੁਰਸ਼ ਚੈਲੰਜਰਜ਼ ਸ਼ਤਰੰਜ ਚੈਂਪੀਅਨਸ਼ਿਪ 'ਚ 8ਵੇਂ ਰਾਊਂਡ ਤੋਂ ਬਾਅਦ ਰੇਲਵੇ ਦੇ ਗ੍ਰੈਂਡਮਾਸਟਰ ਤੇ ਪਿਛਲੇ ਸਾਲ ਦੇ ਜੇਤੂ ਗ੍ਰੈਂਡਮਾਸਟਰ ਰੇਲਵੇ ਦੇ ਸਵਪਨਿਲ ਥੋਪਾੜੇ ਨੇ 7.5 ਅੰਕਾਂ ਨਾਲ ਸਿੰਗਲ ਬੜ੍ਹਤ ਬਰਕਰਾਰ ਰੱਖੀ ਤੇ ਉਸ ਦੀ ਲੈਅ ਇਹ ਦੱਸ ਰਹੀ ਹੈ ਕਿ ਉਹ ਆਪਣੇ ਖਿਤਾਬ ਨੂੰ ਬਚਾਉਣ ਲਈ ਪ੍ਰਤੀਬੱਧ ਹੈ। 
ਅੱਜ ਉਸ ਨੇ ਆਪਣੀ ਰਾਣੀ ਦੇ ਪਿਆਦੇ ਨੂੰ ਦੋ ਘਰ ਚਲਾ ਕੇ ਖੇਡ ਦੀ ਸ਼ੁਰੂਆਤ ਕੀਤੀ ਤੇ ਕੇਰਲਾ ਦੇ ਗ੍ਰੈਂਡਮਾਸਟਰ ਐੈੱਸ. ਐੱਲ. ਨਾਰਾਇਣਨ 'ਤੇ ਜ਼ੋਰਦਾਰ ਜਿੱਤ ਦਰਜ ਕੀਤੀ। ਦੂਜੇ ਬੋਰਡ 'ਤੇ ਰੇਲਵੇ ਦੇ ਹੋਰਨਾਂ ਚੋਟੀ ਦੇ ਖਿਡਾਰੀਆਂ ਗ੍ਰੈਂਡਮਾਸਟਰ ਹਿਮਾਂਸ਼ੂ ਸ਼ਰਮਾ ਆਪਣੀ ਬੜ੍ਹਤ ਬਰਕਾਰਰ ਨਹੀਂ ਰੱਖ ਸਕਿਆ ਤੇ ਉਸ ਨੂੰ ਪੀ. ਐੱਸ. ਪੀ. ਬੀ. ਦੇ ਗ੍ਰੈਂਡਮਾਸਟਰ ਰੋਹਿਤ ਲਲਿਤ ਤੋਂ ਇੰਗਲਿਸ਼ ਓਪਨਿੰਗ 'ਚ ਹਾਰ ਦਾ ਸਾਹਮਣਾ ਕਰਨਾ ਪਿਆ। 
ਤੀਜੇ ਬੋਰਡ 'ਤੇ ਇੰਡੀਅਨ ਆਇਲ ਦੇ ਅਭਿਜੀਤ ਕੁੰਟੇ ਤੇ ਏਅਰ ਇੰਡੀਆ ਦੇ ਸਵਯ ਮਿਸ਼ਰਾ ਵਿਚਾਲੇ ਮੈਚ ਡਰਾਅ ਰਿਹਾ। ਉਥੇ ਹੀ ਪੁਰਸ਼ ਵਰਗ ਮਹਿਲਾਵਾਂ ਦਾ ਅਹਿਸਾਸ ਕਰਾਉਂਦੀ ਪੀ. ਐੱਸ. ਪੀ. ਬੀ. ਦੀ ਮੇਰੀ ਐੱਨ. ਗੋਮਸ ਨੇ ਅੱਜ ਓਡਿਸ਼ਾ ਦੇ ਗ੍ਰੈਂਡ ਮਾਸਟਰ ਦੇਵਾਸ਼ੀਸ਼ ਦਾਸ ਨੂੰ ਬਰਾਬਰੀ 'ਤੇ ਰੋਕ ਕੇ ਟਾਪ-9 'ਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਖਿਡਾਰੀ ਬਣਨ ਦੀ ਉਮੀਦ ਬਰਕਰਾਰ ਰੱਖੀ। 
8 ਰਾਊਂਡਜ਼ ਤੋਂ ਬਾਅਦ ਰੇਲਵੇ ਦੇ ਗ੍ਰੈਂਡਮਾਸਟਰ ਸਵਪਨਿਲ ਥੋਪਾੜੇ (7.5 ) ਪਹਿਲੇ ਸਥਾਨ 'ਤੇ ਹੈ, ਜਦਕਿ ਰੇਲਵੇ ਦਾ ਹਿਮਾਂਸ਼ੂ ਸ਼ਰਮਾ, ਗੁਜਰਾਤ ਦਾ ਫੇਨਿਲ ਸ਼ਾਹ, ਪੀ. ਐੱਸ. ਪੀ. ਬੀ. ਦਾ ਲਲਿਤ ਬਾਬੂ, ਗੁਜਰਾਤ ਦਾ ਉਦਿਤ ਕਾਮਦਾਰ 6.5 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਹੇ ਹਨ।