ਸੁਸ਼ੀਲ ਤੇ ਸਾਕਸ਼ੀ ਬਣੇ ਰਾਸ਼ਟਰੀ ਚੈਂਪੀਅਨ

11/17/2017 11:35:28 PM

ਇੰਦੌਰ—ਓਲੰਪਿਕ 'ਚ ਲਗਾਤਾਰ ਦੋ ਤਮਗੇ ਜਿੱਤਣ ਵਾਲੇ ਇਕਲੌਤੇ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਨੇ 3 ਸਾਲ ਦੇ ਲੰਬੇ ਸਮੇਂ ਬਾਅਦ ਮੈਟ 'ਤੇ ਸਫਲ ਵਾਪਸੀ ਕਰਦਿਆਂ 62ਵੀਂ ਪੁਰਸ਼ ਫ੍ਰੀ ਸਟਾਈਲ ਤੇ ਗ੍ਰੀਕੋ ਰੋਮਨ ਸਟਾਈਲ ਵਿਚ ਸ਼ੁੱਕਰਵਾਰ ਨਵਾਂ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ। 
ਸੁਸ਼ੀਲ ਤੋਂ ਇਲਾਵਾ ਇਸ ਚੈਂਪੀਅਨਸ਼ਿਪ 'ਚ ਉੱਤਰੀ ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਵੀ ਰਾਸ਼ਟਰੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਸਾਕਸ਼ੀ ਨੇ 62 ਕਿ. ਗ੍ਰਾ. ਵਰਗ 'ਚ ਪੂਜਾ ਤੋਮਰ ਨੂੰ ਇਕਤਰਫਾ ਅੰਦਾਜ਼ 'ਚ 10-0 ਨਾਲ ਹਰਾਇਆ। 'ਦੰਗਲ' ਫੇਮ ਗੀਤਾ ਫੋਗਟ ਨੇ ਵੀ ਰਵੀਰਾ ਨੂੰ ਚਿੱਤ ਕਰ ਕੇ ਸੋਨ ਤਮਗਾ ਜਿੱਤਿਆ।
ਚੈਂਪੀਅਨਸ਼ਿਪ ਦੇ ਦੂਜੇ ਦਿਨ ਸਾਰਿਆਂ ਦੀਆਂ ਨਜ਼ਰਾਂ ਸਿਰਫ ਤੇ ਸਿਰਫ ਸੁਸ਼ੀਲ ਤੇ ਸਾਕਸ਼ੀ 'ਤੇ ਲੱਗੀਆਂ ਹੋਈਆਂ ਸਨ। ਬੀਜਿੰਗ ਓਲੰਪਿਕ 2008 'ਚ ਕਾਂਸੀ ਤਮਗਾ ਅਤੇ ਲੰਡਨ ਓਲੰਪਿਕ 2012 'ਚ ਚਾਂਦੀ ਤਮਗਾ ਜਿੱਤਣ ਵਾਲਾ ਸੁਸ਼ੀਲ 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜਿੱਤਣ ਤੋਂ ਬਾਅਦ ਪਹਿਲੀ ਵਾਰ ਕਿਸੇ ਟੂਰਨਾਮੈਂਟ 'ਚ ਉਤਰ ਰਿਹਾ ਸੀ।


ਸੁਸ਼ੀਲ ਦੇ ਦਬਦਬੇ ਦਾ ਆਲਮ ਇਹ ਰਿਹਾ ਕਿ ਫਾਈਨਲ ਸਮੇਤ ਉਸ ਦੇ ਤਿੰਨ ਵਿਰੋਧੀ ਪਹਿਲਵਾਨਾਂ ਨੇ ਉਸ ਨੂੰ ਵਾਕਓਵਰ ਦੇ ਦਿੱਤਾ। ਸੁਸ਼ੀਲ ਨੇ ਆਪਣੇ ਸ਼ੁਰੂਆਤੀ ਦੋ ਮੁਕਾਬਲੇ ਜਿੱਤੇ ਤੇ ਅਗਲੇ ਤਿੰਨਾਂ ਮੁਕਾਬਲਿਆਂ 'ਚ ਉਸ ਨੂੰ ਵਾਕਓਵਰ ਮਿਲ ਗਿਆ। ਸੁਸ਼ੀਲ ਦੀ ਕੁਸ਼ਤੀ ਦੇਖਣ ਲਈ ਸਟੇਡੀਅਮ ਖਚਾਖਚ ਭਰਿਆ ਹੋਇਆ ਸੀ ਤੇ ਸੁਸ਼ੀਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ।  ਸੁਸ਼ੀਲ ਨੇ ਆਪਣੇ ਪਹਿਲੇ ਦੋ ਰਾਊਂਡ ਦੇ ਮੁਕਾਬਲੇ ਜਿੱਤਣ 'ਚ ਢਾਈ ਮਿੰਟ ਤੋਂ ਵੀ ਘੱਟ ਦਾ ਸਮਾਂ ਲਾਇਆ। ਉਸ ਨੇ ਪਹਿਲੇ ਰਾਊਂਡ 'ਚ ਮਿਜ਼ੋਰਮ ਦੇ ਲਾਲਮਲਸਾਵਮਾ ਨੂੰ 48 ਸੈਕੰਡ ਵਿਚ ਹੀ ਲਗਾਤਾਰ 10 ਅੰਕ ਹਾਸਲ ਕਰ ਕੇ ਚਿੱਤ ਕਰ ਦਿੱਤਾ। ਉਸ ਨੇ ਦੂਜੇ ਰਾਊਂਡ 'ਚ ਮੁਕੁਲ ਮਿਸ਼ਰਾ ਨੂੰ 1 ਮਿੰਟ 45 ਸੈਕੰਡ 'ਚ ਚਿੱਤ ਕਰ ਦਿੱਤਾ।   ਓਲੰਪਿਕ ਤਮਗਾ ਜੇਤੂ ਪਹਿਲਵਾਨ ਦਾ ਫਾਈਨਲ ਵਿਚ ਆਪਣੇ ਛਤਰਸਾਲ ਸਟੇਡੀਅਮ ਅਖਾੜੇ ਦੇ ਸਾਥੀ ਪਹਿਲਵਾਨ ਪ੍ਰਵੀਨ ਰਾਣਾ ਨਾਲ ਮੁਕਾਬਲਾ ਸੀ ਤੇ ਰਾਣਾ ਨੇ ਵੀ ਸੁਸ਼ੀਲ ਨੂੰ ਵਾਕਓਵਰ ਦੇ ਦਿੱਤਾ। ਸੁਸ਼ੀਲ ਨੇ ਇਸ ਤਰ੍ਹਾਂ ਸੋਨ ਤਮਗੇ ਨਾਲ ਮੈਟ 'ਤੇ ਸਫਲ ਵਾਪਸੀ ਕੀਤੀ।
ਇਸ ਵਿਚਾਲੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਤੇ ਆਮਿਰ ਖਾਨ ਦੀ ਫਿਲਮ 'ਦੰਗਲ' ਨਾਲ ਪ੍ਰਸਿੱਧੀ ਹਾਸਲ ਕਰਨ ਵਾਲੀ ਗੀਤਾ ਫੋਗਟ ਨੇ ਹਰਿਆਣਾ ਦੀ ਰਵੀਰਾ ਨੂੰ ਚਿੱਤ ਕਰ ਕੇ ਸੋਨ ਤਮਗਾ ਜਿੱਤਿਆ। ਚੈਂਪੀਅਨਸ਼ਿਪ ਦੇ ਪਹਿਲੇ ਦਿਨ ਵਿਨੇਸ਼ ਫੋਗਟ ਤੇ ਰਿਤੂ ਫੋਗਟ ਨੇ ਵੀ ਸੋਨ ਤਮਗੇ ਜਿੱਤੇ ਸਨ।