ਇਰਾਕ ਅਤੇ ਹੋਂਡੂਰਾਸ ਦੀਆਂ ਉਮੀਦਾ ਕਾਇਮ

10/12/2017 4:27:07 PM

ਕੋਲਕਾਤਾ,(ਵਾਰਤਾ)— ਇਰਾਕ ਅਤੇ ਹੋਂਡੂਰਾਸ ਨੇ ਬੁੱਧਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਫੀਫਾ ਅੰਡਰ-17 ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਦੇ ਨਾਕ ਆਊਟ ਦੌਰ 'ਚ ਪੁੱਜਣ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ। ਇਰਾਕ ਨੇ ਕੋਲਕਾਤਾ 'ਚ ਚਿਲੀ ਨੂੰ 3-0 ਨਾਲ ਹਰਾ ਕੇ ਗਰੁੱਪ ਐੱਫ 'ਚ ਆਪਣੀ ਦੂਜੀ ਜਿੱਤ ਦਰਜ ਕੀਤੀ ਅਤੇ 2 ਮੈਚਾਂ 'ਚ ਆਪਣੇ ਅੰਕਾਂ ਦੀ ਗਿਣਤੀ ਚਾਰ ਪਹੁੰਚਾ ਦਿੱਤੀ। ਇਰਾਕ ਨੂੰ ਆਪਣਾ ਆਖਰੀ ਗਰੁੱਪ ਮੈਚ ਆਪਣੇ ਗਰੁੱਪ ਤੋਂ ਨਾਕਆਉਟ 'ਚ ਪਹੁੰਚ ਚੁੱਕੀ ਚੋਟੀ ਦੀ ਟੀਮ ਇੰਗਲੈਂਡ ਨਾਲ 14 ਅਕਤੂਬਰ ਨੂੰ ਖੇਡਣਾ ਹੈ। ਇਰਾਕ ਨੂੰ ਇਸ ਮੈਚ ਤੋਂ ਇਕ ਅੰਕ ਦੀ ਜ਼ਰੂਰਤ ਰਹੇਗੀ ਅਤੇ ਉਸ ਨੂੰ ਵੱਡੀ ਹਾਰ ਤੋਂ ਬਚਣ ਦੀ ਕੋਸ਼ਿਸ਼ ਵੀ ਕਰਨੀ ਹੋਵੇਗੀ।

ਦੂਜੇ ਪਾਸੇ ਹੋਂਡੂਰਾਸ ਨੇ ਨਵੀਂ ਟੀਮ ਨਿਊ ਕੈਲੇਡੋਨੀਆ ਨੂੰ ਗੁਹਾਟੀ 'ਚ 5-0 ਦੇ ਫਰਕ ਨਾਲ ਹਰਾ ਕੇ ਦੋ ਮੈਚਾਂ 'ਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਅਤੇ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ। ਹੋਂਡੂਰਾਸ ਦੇ ਆਪਣੇ ਗਰੁੱਪ 'ਚ ਜਾਪਾਨ ਦੇ ਬਰਾਬਰ 3 ਅੰਕ ਹਨ ਪਰ ਉਹ ਗੋਲ ਔਸਤ 'ਚ ਪਛੜ ਕੇ ਤੀਜੇ ਸਥਾਨ ਉੱਤੇ ਹੈ। ਹੋਂਡੂਰਾਸ ਦੀ ਵੀ ਪ੍ਰੇਸ਼ਾਨੀ ਇਹ ਹੈ ਕਿ ਉਸ ਦਾ ਆਖਰੀ ਗਰੁੱਪ ਮੁਕਾਬਲਾ ਚੋਟੀ ਦੀ ਟੀਮ ਫ਼ਰਾਂਸ ਨਾਲ ਹੈ। ਜਾਪਾਨ ਕੋਲ ਦੂਜੇ ਦੌਰ 'ਚ ਜਾਣ ਦੇ ਮੌਕੇ ਜ਼ਿਆਦਾ ਹਨ ਕਿਉਂਕਿ ਉਸ ਦਾ ਆਖਰੀ ਮੁਕਾਬਲਾ ਨਿਊ ਕੈਲੇਡੋਨੀਆ ਦੀ ਕਮਜ਼ੋਰ ਟੀਮ ਨਾਲ ਹੈ।