ਹੈਰਾਨੀਜਨਕ : ਸਾਬਕਾ ਪ੍ਰੇਮਿਕਾ ਦੇ ਵਕੀਲਾਂ ਦੀ ਗਲਤੀ ਨਾਲ ਲਿਏਂਡਰ ਪੇਸ ਨੂੰ ਹੋਵੇਗਾ 90 ਲੱਖ ਦਾ ਫਾਇਦਾ

09/14/2017 2:21:05 PM

ਨਵੀਂ ਦਿੱਲੀ— ਭਾਰਤੀ ਟੈਨਿਸ ਸਟਾਰ ਲਿਏਂਡਰ ਪੇਸ ਦੇ ਲਗਭਗ 90 ਲੱਖ ਰੁਪਏ ਬਚ ਸਕਦੇ ਹਨ। ਸਾਬਕਾ ਪ੍ਰੇਮਿਕਾ ਅਤੇ ਇਕ ਬੇਟੀ ਦੀ ਮਾਂ ਰੀਆ ਪਿੱਲੈ ਨਾਲ ਉਨ੍ਹਾਂ ਦਾ ਕਾਫੀ ਦਿਨਾਂ ਤੋਂ ਵਿਵਾਦ ਚਲ ਰਿਹਾ ਹੈ। ਮਾਮਲਾ 10 ਸਾਲ ਦੀ ਬੇਟੀ ਨੂੰ ਆਪਣੇ ਕੋਲ ਰੱਖਣ ਦੇ ਅਧਿਕਾਰ ਦੇ ਲਈ ਅਦਾਲਤ 'ਚ ਹੈ। ਜ਼ਿਕਰਯੋਗ ਹੈ ਕਿ ਰੀਆ ਨੇ ਪੇਸ 'ਤੇ ਘਰੇਲੂ ਹਿੰਸਾ ਅਤੇ ਧੋਖਾ ਦੇਣ ਦਾ ਦੋਸ਼ ਲਾਉਂਦੇ ਹੋਏ ਇਕ ਕਰੋੜ ਰੁਪਏ ਦੇ ਮੁਆਵਜ਼ੇ ਦਾ ਦਾਅਵਾ ਠੋਕਿਆ ਹੋਇਆ ਹੈ। ਪਰ ਮੰਗਲਵਾਰ ਨੂੰ ਰੀਆ ਨੂੰ ਬੇਹੱਦ ਅਜੀਬ ਹਾਲਾਤ ਦਾ ਸਾਹਮਣਾ ਕਰਨਾ ਪਿਆ। ਹਾਲਾਤ ਇਹ ਹੈ ਕਿ ਜੇਕਰ ਉਹ ਜਿੱਤਦੀ ਵੀ ਹੈ ਤਾਂ ਉਸ ਨੂੰ ਮੰਗੀ ਗਈ ਰਕਮ ਦਾ ਦਸਵਾਂ ਹਿੱਸਾ ਹੀ ਮਿਲ ਸਕੇਗਾ।

ਦਰਅਸਲ ਇਸ ਪੂਰੇ ਮਾਮਲੇ 'ਤੇ ਰੀਆ ਦੇ ਵਕੀਲਾਂ ਤੋਂ ਵੱਡੀ ਗਲਤੀ ਹੋਈ ਹੈ। ਵਕੀਲ ਨੇ ਇਕ ਸਿਫਰ ਘੱਟ ਲਗਾਉਂਦੇ ਹੋਏ ਅਦਾ ਕੀਤੀ ਜਾਣ ਵਾਲੀ ਰਕਮ 'ਚ ਸਿਰਫ 10 ਲੱਖ ਰੁਪਏ ਹੀ ਭਰੇ। ਮੁੰਬਈ ਦੇ ਬਾਂਦਰਾ ਮੈਜਿਸਟ੍ਰੇਟ ਕੋਰਟ 'ਚ ਮੰਗਲਵਾਰ ਨੂੰ ਇਹ ਗਲਤੀ ਸਾਹਮਣੇ ਆਉਣ ਦੇ ਬਾਅਦ ਸੋਸ਼ਲ ਮੀਡੀਆ 'ਤੇ ਇਹ ਮਾਮਲਾ ਕਾਫੀ ਵਾਇਰਲ ਹੋਇਆ ਹੈ।

ਰੀਆ ਦੇ ਵਕੀਲਾਂ ਗੁੰਜਨ ਮੰਗਲਾ ਅਤੇ ਅਮਲਾ ਉਸਮਾਨ ਨੇ ਕੋਰਟ ਦੇ ਸਾਹਮਣੇ ਗਲਤੀ ਸਵੀਕਾਰ ਕੀਤੀ ਅਤੇ ਕਿਹਾ ਕਿ ਦਰਅਸਲ ਇਕ ਕਰੋੜ ਦੀ ਰਕਮ ਮੁਆਵਜ਼ੇ ਦੇ ਤੌਰ 'ਤੇ ਮੰਗੀ ਗਈ ਸੀ। ਉਨ੍ਹਾਂ ਦੀ ਗਲਤੀ ਨਾਲ ਇਹ ਗੜਬੜੀ ਹੋਈ। ਇਸ ਲਈ ਇਸ ਨੂੰ ਨਾ ਮੰਨਿਆ ਜਾਵੇ ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਦਲੀਲ ਮੰਨੀ ਜਾਂਦੀ ਹੈ ਜਾਂ ਨਹੀਂ।

ਸੁਪਰੀਮ ਕੋਰਟ ਪਹੁੰਚਿਆ ਮਾਮਲਾ : ਸੁਪਰੀਮ ਕੋਰਟ ਨੇ ਜੁਲਾਈ 'ਚ ਮੁੰਬਈ ਦੀ ਅਦਾਲਤ ਨੂੰ ਇਹ ਮਾਮਲਾ 6 ਮਹੀਨਿਆਂ ਦੇ ਅੰਦਰ ਨਬੇੜਨ ਦਾ ਹੁਕਮ ਦਿੱਤਾ ਸੀ। ਮਾਮਲਾ 2014 'ਚ ਕੋਰਟ 'ਤੇ ਪਹੁੰਚਿਆ ਜਦੋਂ ਲਿਏਂਡਰ ਨੇ ਬੇਟੀ ਨੂੰ ਸਿਰਫ ਆਪਣੇ ਕੋਲ ਰਖਣ ਦਾ ਅਧਿਕਾਰ ਮੰਗਿਆ ਸੀ, ਜਦਕਿ ਰੀਆ ਨੇ ਬੇਟੀ ਦੀ ਸੰਭਾਲ ਅਤੇ ਮੁਆਵਜ਼ੇ 'ਚ ਇਕ ਕਰੋੜ ਰੁਪਏ ਹਰਜ਼ਾਨੇ ਦੇ ਤੌਰ 'ਤੇ ਮੰਗੇ। ਇਸ ਮਾਮਲੇ 'ਤੇ ਲਿਏਂਡਰ ਪੇਸ ਦੀ ਦਲੀਲ ਹੈ ਕਿ ਰੀਆ ਨੂੰ ਪੈਸੇ ਮੰਗਣ ਦਾ ਅਧਿਕਾਰ ਨਹੀਂ ਹੈ, ਕਿਉਂਕਿ ਕਾਨੂੰਨੀ ਤੌਰ 'ਤੇ ਦੋਵੇਂ ਕਦੀ ਪਤੀ-ਪਤਨੀ ਨਹੀਂ ਰਹੇ।