ਸੁਰਜੀਤ ''ਫਾਈਵ-ਏ-ਸਾਈਡ'' ਮਹਿਲਾ ਹਾਕੀ ਗੋਲਡ ਕੱਪ 5 ਅਪ੍ਰੈਲ ਤੋਂ

04/04/2024 8:31:03 PM

ਜਲੰਧਰ, (ਵਾਰਤਾ) ਸੁਰਜੀਤ 5ਐਸ (ਫਾਈਵ-ਏ-ਸਾਈਡ) ਮਹਿਲਾ ਹਾਕੀ ਗੋਲਡ ਕੱਪ ਸ਼ੁੱਕਰਵਾਰ ਤੋਂ ਸਥਾਨਕ ਓਲੰਪੀਅਨ ਸੁਰਜੀਤ 'ਫਾਈਵ-ਏ-ਸਾਈਡ' ਐਸਟ੍ਰੋਟਰਫ ਹਾਕੀ ਸਟੇਡੀਅਮ, ਬਰਲਟਨ ਪਾਰਕ ਵਿਖੇ ਸ਼ੁਰੂ ਹੋਵੇਗਾ। ਸੁਸਾਇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਇਕਬਾਲ ਸਿੰਘ ਸੰਧੂ ਨੇ ਵੀਰਵਾਰ ਨੂੰ ਦੱਸਿਆ ਕਿ ਮਹਿਲਾ ਹਾਕੀ ਟੂਰਨਾਮੈਂਟ 'ਲੀਗ-ਕਮ-ਨਾਕਆਊਟ' ਆਧਾਰ 'ਤੇ ਖੇਡਿਆ ਜਾਵੇਗਾ, ਜਿਸ ਵਿਚ ਦੇਸ਼ ਦੀਆਂ ਅੱਠ ਟੀਮਾਂ ਹਿੱਸਾ ਲੈਣਗੀਆਂ। 

ਉਨ੍ਹਾਂ ਦੱਸਿਆ ਕਿ ਪੂਲ-ਏ ਵਿੱਚ ਪੰਜਾਬ ਇਲੈਵਨ, ਰੇਲ ਕੋਚ ਫੈਕਟਰੀ ਕਪੂਰਥਲਾ, ਸਪੋਰਟਸ ਅਥਾਰਟੀ ਆਫ਼ ਇੰਡੀਆ ਸੋਨੀਪਤ ਅਤੇ ਉੱਤਰੀ ਰੇਲਵੇ ਦਿੱਲੀ ਜਦਕਿ ਕੇਂਦਰੀ ਰੇਲਵੇ ਮੁੰਬਈ, ਸੀ.ਆਰ.ਪੀ.ਐਫ. ਦਿੱਲੀ, ਹਰਿਆਣਾ ਇਲੈਵਨ ਅਤੇ ਯੂਨੀਅਨ ਬੈਂਕ ਆਫ ਇੰਡੀਆ, ਮੁੰਬਈ ਦੀਆਂ ਟੀਮਾਂ ਨੂੰ ਪੂਲ-ਬੀ ਵਿੱਚ ਰੱਖਿਆ ਗਿਆ ਹੈ। ਸ੍ਰੀ ਸੰਧੂ ਨੇ ਦੱਸਿਆ ਕਿ ਇਸ ‘ਫਾਈਵ-ਏ-ਸਾਈਡ’ ਹਾਕੀ ਟੂਰਨਾਮੈਂਟ ਵਿੱਚ 15-5-15 ਮਿੰਟ ਦੇ ਕੁੱਲ 16 ਮੈਚ ਖੇਡੇ ਜਾਣਗੇ। ਸੈਮੀਫਾਈਨਲ, ਤੀਜੇ ਅਤੇ ਚੌਥੇ ਸਥਾਨ ਦੇ ਮੈਚ ਅਤੇ ਟੂਰਨਾਮੈਂਟ ਦਾ ਫਾਈਨਲ ਮੈਚ 7 ਅਪ੍ਰੈਲ ਨੂੰ ਖੇਡਿਆ ਜਾਵੇਗਾ।

ਇਹ ਮੈਚ ਸਟੇਡੀਅਮ ਵਿੱਚ 'ਡੇਅ ਐਂਡ ਫਲੱਡ ਲਾਈਟਾਂ' ਤਹਿਤ ਖੇਡੇ ਜਾਣਗੇ ਅਤੇ ਦਰਸ਼ਕਾਂ ਲਈ ਦਾਖਲਾ ਮੁਫ਼ਤ ਹੋਵੇਗਾ। ਉਨ੍ਹਾਂ ਦੱਸਿਆ ਕਿ ਟੀਮਾਂ ਨੂੰ 2.57 ਲੱਖ ਰੁਪਏ ਦਾ ਨਕਦ ਇਨਾਮ ਉੱਘੇ ਖੇਡ ਪ੍ਰਮੋਟਰ ਅਤੇ ਗਾਖਲ ਗਰੁੱਪ ਅਮਰੀਕਾ ਦੇ ਚੇਅਰਮੈਨ ਅਮੋਲਕ ਸਿੰਘ ਗਾਖਲ ਵੱਲੋਂ ਸਪਾਂਸਰ ਕੀਤਾ ਗਿਆ ਹੈ, ਜੋ ਹਰ ਸਾਲ ਸੁਰਜੀਤ ਹਾਕੀ ਟੂਰਨਾਮੈਂਟ ਦੀ ਜੇਤੂ ਟੀਮ ਨੂੰ 5.51 ਲੱਖ ਰੁਪਏ ਦਾ ਨਕਦ ਇਨਾਮ ਦਿੰਦੇ ਆ ਰਹੇ ਹਨ।  ਇਸੇ ਤਰ੍ਹਾਂ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਅਤੇ ਸਰਵੋਤਮ ਗੋਲਕੀਪਰ ਨੂੰ 21,000 ਰੁਪਏ ਦਾ ਨਕਦ ਰਾਸ਼ੀ ਇਨਾਮ ਸਵਰਗੀ ਸ਼੍ਰੀਮਤੀ ਸਵਦੇਸ਼ ਚੋਪੜਾ ਮੈਮੋਰੀਅਲ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ।

Tarsem Singh

This news is Content Editor Tarsem Singh