ਗੋਡੇ ਦੀ ਸੱਟ ''ਤੇ ਰੈਨਾ ਨੇ ਕਿਹਾ- ਸੌਖਾ ਨਹੀਂ ਸੀ ਸਰਜਰੀ ਦਾ ਫੈਸਲਾ

08/11/2019 4:32:17 PM

ਸਪੋਰਟਸ ਡੈਸਕ— ਭਾਰਤੀ ਟੀਮ 'ਚੋਂ ਬਾਹਰ ਚਲ ਰਹੇ ਮੱਧਕ੍ਰਮ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਕਿਹਾ ਕਿ ਦੂਜੀ ਵਾਰ ਗੋਡੇ ਦਾ ਆਪਰੇਸ਼ਨ ਕਰਾਉਣ ਦਾ ਫੈਸਲਾ ਮੁਸ਼ਕਲ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਸ ਕਾਰਨ ਉਹ ਕੁਝ ਮਹੀਨਿਆਂ ਲਈ ਕ੍ਰਿਕਟ ਤੋਂ ਦੂਰ ਹੋ ਜਾਣਗੇ। ਖੱਬੇ ਹੱਥ ਦੇ ਬੱਲੇਬਾਜ਼ ਰੈਨਾ ਨੇ ਕੁਝ ਦਿਨ ਪਹਿਲਾਂ ਗੋਡੇ ਦਾ ਆਪਰੇਸ਼ਨ ਕਰਾਇਆ ਸੀ। ਇਸ ਸੱਟ ਕਾਰਨ ਉਹ ਪਿਛਲੇ ਸੈਸ਼ਨ ਤੋਂ ਹੀ ਪਰੇਸ਼ਾਨ ਸਨ ਅਤੇ ਇਸ ਤੋਂ ਉਬਰਨ ਲਈ ਉਨ੍ਹਾਂ ਨੂੰ ਘੱਟੋ-ਘੱਟ 6 ਹਫਤਿਆਂ ਦੇ ਸਖਤ ਰਿਹੈਬਲੀਟੇਸ਼ਨ ਤੋਂ ਗੁਜ਼ਰਨਾ ਹੋਵੇਗਾ।

ਰੈਨਾ ਨੇ ਸੋਸ਼ਲ ਮੀਡੀਆ 'ਤੇ ਕਿਹਾ, ''ਇਮਾਨਦਾਰੀ ਨਾਲ ਕਹਾਂ ਤਾਂ ਦੂਜੀ ਵਾਰ ਗੋਡੇ ਦਾ ਆਪਰੇਸ਼ਨ ਕਰਾਉਣ ਦਾ ਫੈਸਲਾ ਸਹੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਇਸ ਕਾਰਨ ਮੈ ਕੁਝ ਮਹੀਨਿਆਂ ਲਈ ਬਾਹਰ ਹੋ ਜਾਵਾਂਗਾ ਪਰ ਕੁਝ ਹਫਤੇ ਤਕ ਮੈਂ ਇਸ ਦੇ ਲਈ ਤਿਆਰ ਨਹੀਂ ਸੀ। ਇਸ ਤੋਂ ਬਾਅਦ ਦਰਦ ਵਧ ਗਿਆ ਅਤੇ ਮੈਨੂੰ ਪਤਾ ਸੀ ਕਿ ਇਸ ਤੋਂ ਛੁਟਕਾਰਾ ਪਾਉਣ ਲਈ ਸਿਰਫ ਇਕ ਤਰੀਕਾ ਹੈ।'' ਉਨ੍ਹਾਂ ਕਿਹਾ, ''ਮੈਨੂੰ ਉਮੀਦ ਹੈ ਕਿ ਮੈਂ ਛੇਤੀ ਹੀ ਆਪਣੇ ਪੈਰਾਂ 'ਤੇ ਖੜ੍ਹਾ ਹੋ ਜਾਵਾਂਗਾ, ਮੈਦਾਨ 'ਤੇ ਉਤਰਾਂਗਾ ਅਤੇ ਛੇਤੀ ਹੀ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਤਿਆਰ ਹੋ ਜਾਵਾਂਗਾ।''

ਭਾਰਤ ਵੱਲੋਂ 18 ਟੈਸਟ, 226 ਵਨ-ਡੇ ਅਤੇ 78 ਟੀ-20 ਕੌਮਾਂਤਰੀ ਖੇਡਣ ਵਾਲੇ ਰੈਨਾ ਨੇ ਪਿਛਲੀ ਵਾਰ ਲੀਡਸ 'ਚ ਜੁਲਾਈ 2018 'ਚ ਇੰਗਲੈਂਡ ਦੇ ਖਿਲਾਫ ਇਕ ਰੋਜ਼ਾ ਕੌਮਾਂਤਰੀ ਮੈਚ 'ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਕਿਹਾ, ''ਇਹ ਸਮੱਸਿਆ ਕਾਫੀ ਪਹਿਲਾਂ ਸ਼ੁਰੂ ਹੋ ਗਈ ਸੀ। 2007 'ਚ ਮੈਂ ਪਹਿਲੀ ਵਾਰ ਗੋਡੇ ਦੀ ਸਰਜਰੀ ਕਰਾਈ ਸੀ ਅਤੇ ਬਾਅਦ 'ਚ ਮੈਂ ਮੈਦਾਨ 'ਤੇ ਉਤਰਿਆ ਅਤੇ ਆਪਣਾ ਸੌ ਫੀਸਦੀ ਦਿੱਤਾ, ਮੇਰੇ ਡਾਕਟਰ ਅਤੇ ਟ੍ਰੇਨਰਾਂ ਨੂੰ ਇਸ ਲਈ ਧੰਨਵਾਦ।'' ਰੈਨਾ ਨੇ ਖੁਲਾਸਾ ਕੀਤਾ, ''ਪਿਛਲੇ ਕੁਝ ਸਾਲਾਂ ਤੋਂ ਹਾਲਾਂਕਿ ਦਰਦ ਹੋ ਰਿਹਾ ਸੀ। ਇਸ ਦਰਦ ਦਾ ਮੇਰੇ ਖੇਡ 'ਤੇ ਅਸਰ ਨਹੀਂ ਪਵੇ ਇਸ ਲਈ ਟ੍ਰੇਨਰਾਂ ਨੇ ਮੇਰੀ ਮਦਦ ਕੀਤੀ ਜਿਸ ਨਾਲ ਕਿ ਮੇਰੇ ਗੋਡੇ 'ਤੇ ਜ਼ਿਆਦਾ ਜ਼ੋਰ ਨਾ ਪਵੇ।'' ਰੈਨਾ ਨੇ ਸਾਥ ਦੇਣ ਲਈ ਆਪਣੇ ਡਾਕਟਰਾਂ, ਪਰਿਵਾਰ ਅਤੇ ਦੋਸਤਾਂ ਦਾ ਧੰਨਵਾਦ ਦਿੱਤਾ।

Tarsem Singh

This news is Content Editor Tarsem Singh