ਐਕਸੀਡੈਂਟ ਦੀ ਝੂਠੀ ਅਫਵਾਹ ਨੂੰ ਲੈ ਕੇ ਰੈਨਾ ਨੇ ਟਵਿੱਟਰ ''ਤੇ ਕੱਢੀ ਭੜਾਸ

02/12/2019 1:21:02 PM

ਨਵੀਂ ਦਿੱਲੀ : ਭਾਰਤੀ ਟੀਮ ਤੋਂ ਬਾਹਰ ਚਲ ਰਹੇ ਧਾਕੜ ਬੱਲੇਬਾਜ਼ ਸੁਰੇਸ਼ ਰੈਨਾ ਨੇ ਕ੍ਰਿਕਟ ਪ੍ਰਸ਼ੰਸਕਾਂ ਤੋਂ ਅਪੀਲ ਕੀਤੀ ਹੈ ਕਿ ਉਸ ਨੂੰ ਲੈ ਕੇ ਚਲ ਰਹੀਆਂ ਗਲਤ ਖਬਰਾਂ ਨੂੰ ਨਜ਼ਰ-ਅੰਦਾਜ਼ ਕਰਨ। ਰੈਨਾ ਨੇ ਸੋਮਵਾਰ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਲਿਖ ਕੇ ਪ੍ਰਸ਼ੰਸਕਾਂ ਨੂੰ ਅਫਵਾਹਾਂ ਤੋਂ ਬਚਣ ਲਈ ਕਿਹਾ ਹੈ। ਰੈਨਾ ਨੇ ਲਿਖਿਆ, ''ਪਿਛਲੇ ਕੁਝ ਦਿਨਾ ਤੋਂ ਮੈਨੂੰ ਲੈ ਕੇ ਯੂ. ਟਿਊਬ 'ਤੇ ਕਈ ਗਲਤ ਖਬਰਾਂ ਦਿਖਾਈਆਂ ਜਾ ਰਹੀਆਂ ਹਨ। ਉਸ ਨੇ ਕਿਹਾ ਕਿ ਇਕ ਕਾਰ ਹਾਦਸੇ ਵਿਚ ਮੈਨੂੰ ਸੱਟ ਲੱਗਣ ਦੀ ਫਰਜੀ ਖਬਰਾਂ ਨੂੰ ਨਜ਼ਰਅੰਦਾਜ਼ ਕਰਨ। ਭਗਵਾਨ ਦੀ ਕਿਰਪਾ ਨਾਲ ਮੈਂ ਬਿਲਕੁਲ ਠੀਕ ਹਾਂ। ਜਿਸ ਚੈਨਲ ਨੇ ਇਸ ਖਬਰਾਂ ਦੀਆਂ ਅਫਵਾਹਾਂ ਉਡਾਈਆਂ ਹਨ, ਉਹ ਰਿਪੋਰਟ ਕੀਤੇ ਗਏ ਹਨ ਅਤੇ ਆਸ਼ਾ ਹੈ ਕਿ ਜਲਦੀ ਹੀ ਸਖਤ ਕਾਰਵਾਈ ਕੀਤੀ ਜਾਵੇਗੀ।'' ਕਈ ਮੌਕਿਆਂ 'ਤੇ ਆਪਣੀ ਤੂਫਾਨੀ ਪਾਰੀ ਨਾਲ ਭਾਰਤੀ ਟੀਮ ਨੂੰ ਜਿੱਤ ਦਿਵਾਉਣ ਵਾਲੇ ਰੈਨਾ ਪਿਛਲੇ ਕੁਝ ਸਮੇਂ ਤੋਂ ਖਰਾਬ ਫਾਰਮ ਨਾਲ ਜੂਝ ਰਹੇ ਹਨ। ਪਿਛਲੇ ਸਾਲ ਨਿਦਾਸ ਟਰਾਫੀ ਦੌਰਾਨ ਟੀ-20 ਵਿਚ ਰੈਨਾ ਦੀ ਵਾਪਸੀ ਹੋਈ ਸੀ ਪਰ ਉਹ ਟੀਮ ਵਿਚ ਆਪਣਾ ਸਥਾਨ ਬਰਕਰਾਰ ਨਹੀਂ ਰੱਖ ਸਕੇ।

ਸੁਰੇਸ਼ ਰੈਨਾ ਇਕ ਇੰਟਰਵਿਊ ਦੌਰਾਨ 2019 ਵਿਸ਼ਵ ਕੱਪ ਵਿਚ ਖੇਡਣ ਦੀ ਇੱਛਾ ਜਤਾ ਚੁਕੇ ਹਨ ਪਰ ਮੌਜੂਦਾ ਹਾਲਾਤ ਨੂੰ ਦੇਖਦਿਆਂ ਟੀਮ ਵਿਚ ਉਸ ਦੀ ਚੋਣ ਹੋਣਾ ਬੇਹੱਦ ਮੁਸ਼ਕਲ ਦਿਖਾਈ ਦੇ ਰਹੀ ਹੈ। ਹਾਲਾਂਕਿ ਰੈਨਾ ਦੇ ਪ੍ਰਸ਼ੰਸਕ ਉਸ ਨੂੰ ਵਿਸ਼ਵ ਕੱਪ ਵਿਚ ਦੇਖਣਾ ਚੁਹੰਦੇ ਹਨ ਅਤੇ ਉਹ ਸੋਸ਼ਲ ਮੀਡੀਆ 'ਤੇ ਲਗਾਤਾਰ ਰੈਨਾ ਨੂੰ ਟੀਮ ਵਿਚ ਸ਼ਾਮਲ ਕਰਨ ਦੀ ਗੱਲ ਕਰ ਰਹੇ ਹਨ। ਰੈਨਾ ਨੇ ਆਪਣਾ ਆਖਰੀ ਵਨ ਡੇ ਮੁਕਾਬਲਾ ਪਿਛਲੇ ਸਾਲ ਇੰਗਲੈਂਡ ਖਿਲਾਫ ਖੇਡਿਆ ਸੀ। ਇਸ ਮੈਚ ਵਿਚ ਉਸ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ।

ਰੈਨਾ ਦੇ ਵਨ ਡੇ ਕਰੀਅਰ ਦੀ ਗੱਲ ਕਰੇ ਤਾਂ ਉਹ ਹੁਣ ਤੱਕ ਭਾਰਤ ਲਈ 226 ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਉਸ ਦੇ ਬੱਲੇ ਤੋਂ 5615 ਦੌੜਾਂ ਨਿਕਲੀਆਂ, ਜਿਸ ਵਿਚ 5 ਸੈਂਕੜੇ ਅਤੇ 36 ਅਰਧ ਸੈਂਕੜੇ ਵੀ ਸ਼ਾਮਲ ਹਨ। ਬੱਲੇਬਾਜ਼ੀ ਤੋਂ ਇਲਾਵਾ ਰੈਨਾ ਗੇਂਦ ਨਾਲ ਵੀ ਟੀਮ ਲਈ ਕਈ ਵਾਰ ਮਹੱਤਵਪੂਰਨ ਸਾਬਤ ਹੋ ਚੁੱਕੇ ਹਨ। ਵਨ ਡੇ ਕ੍ਰਿਕਟ ਵਿਚ ਰੈਨਾ ਦੇ ਨਾਂ 36 ਵਿਕਟਾਂ ਦਰਜ ਹਨ।