ਏਸ਼ੀਆਈ ਤਮਗ਼ਾ ਜੇਤੂ ਤੇ ਸਾਬਕਾ ਓਲੰਪੀਅਨ ਸੂਰਤ ਸਿੰਘ ਮਾਥੁਰ ਦਾ ਕੋਵਿਡ-19 ਨਾਲ ਦਿਹਾਂਤ

06/13/2021 1:01:03 PM

ਸਪੋਰਟਸ ਡੈਸਕ— ਭਾਰਤ ਲਈ 1951 ਏਸ਼ੀਆਈ ਖੇਡਾਂ ’ਚ ਮੈਰਾਥਨ ਕਾਂਸੀ ਤਮਗਾ ਜਿੱਤਣ ਵਾਲੇ ਤੇ 1952 ਦੇ ਓਲੰਪਿਕ ’ਚ ਹਿੱਸਾ ਲੈਣ ਵਾਲੇ ਸੂਰਤ ਸਿੰਘ ਮਾਥੁਰ ਦਾ ਕੋਵਿਡ-19 ਮਹਾਮਾਰੀ ਦੀ ਲਪੇਟ ’ਚ ਆਉਣ ਨਾਲ ਦਿਹਾਂਤ ਹੋ ਗਿਆ। ਉਹ 90 ਸਾਲ ਦੇ ਸਨ। ਉਨ੍ਹਾਂ ਦੇ ਭਤੀਜੇ ਅਨਿਲ ਮਾਥੁਰ ਨੇ ਦੱਸਿਆ, ‘‘ਮੇਰੇ ਚਾਚਾ ਦਾ ਸ਼ੁੱਕਰਵਾਰ ਨੂੰ ਕੋਵਿਡ-19 ਕਾਰਨ ਦਿਹਾਂਤ ਹੋ ਗਿਆ।’’
ਇਹ ਵੀ ਪੜ੍ਹੋ : PSL-6 ’ਚ ਫ਼ਾਫ਼ ਡੁ ਪਲੇਸਿਸ ਨਾਲ ਵਾਪਰਿਆ ਵੱਡਾ ਹਾਦਸਾ, ਲਿਜਾਇਆ ਗਿਆ ਹਸਪਤਾਲ

ਭਾਰਤੀ ਐਥਲੈਟਿਕਸ ਮਹਾਸੰਘ (ਏ. ਐੱਫ਼ ਆਈ.) ਨੇ ਕਿਹਾ, ‘‘ਉਹ ਸਾਡੇ ‘ਹਾਲ ਆਫ਼ ਫ਼ੇਮ’ ਅਥਲੀਟ ਰਹੇ ਹਨ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਭਾਰਤ ਨੂੰ ਮਾਣ ਦਿਵਾਉਣ ਲਈ ਧੰਨਵਾਦ।’’ ਮਾਥੁਰ 1952 ਦੇ ਹੇਲਸਿੰਕੀ ਖੇਡਾਂ ’ਚ ਓਲੰਪਿਕ ਮੈਰਾਥਨ ਦੌੜ ਪੂਰੀ ਕਰਨ ਵਾਲੇ ਆਜ਼ਾਦ ਭਾਰਤ ਦੇ ਪਹਿਲੇ ਅਥਲੀਟ ਸਨ। ਛੋਟਾ ਸਿੰਘ ਹਾਲਾਂਕਿ 1948 ਦੀਆਂ ਲੰਡਨ ਖੇਡਾਂ ’ਚ ਓਲੰਪਿਕ ਮੈਰਾਥਨ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਆਜ਼ਾਦ ਭਾਰਤ ਦੇ ਪਹਿਲੇ ਦੌੜਾਕ ਸਨ, ਪਰ ਉਹ ਦੌੜ ਪੂਰੀ ਨਾ ਕਰ ਸਕੇ।
ਇਹ ਵੀ ਪੜ੍ਹੋ : WTC Final : ਰਿਸ਼ਭ ਪੰਤ ਨੇ ਅਭਿਆਸ ਮੈਚ ’ਚ ਲਾਇਆ ਸ਼ਾਨਦਾਰ ਸੈਂਕੜਾ

1952 ’ਚ ਮਾਥੁਰ 22 ਸਾਲ ਦੇ ਸਨ ਤੇ ਉਨ੍ਹਾਂ ਨੇ ਦੋ ਘੰਟੇ 58 ਮਿੰਟ ਤੇ 9.2 ਸਕਿੰਟ ’ਚ ਮੈਰਾਥਨ ਪੂਰੀ ਕੀਤੀ ਸੀ। ਉਹ 52ਵੇਂ ਸਥਾਨ ’ਤੇ ਰਹੇ ਸਨ। ਦਿੱਲੀ ’ਚ 1951 ’ਚ ਪਹਿਲੇ ਏਸ਼ੀਆਈ ਖੇਡਾਂ ’ਚ, ਛੋਟਾ ਸਿੰਘ ਨੇ ਸੋਨ ਤਮਗ਼ਾ ਜਿੱਤਿਆ ਸੀ ਜਦਕਿ ਮਾਥੁਰ ਨੇ ਕਾਂਸੀ ਤਮਗ਼ਾ ਹਾਸਲ ਕੀਤਾ ਸੀ। ਏਸ਼ੀਆਈ ਖੇਡਾਂ (1951) ਤੋਂ ਇਲਾਵਾ, ਮਾਥੁਰ ਨੇ ਆਪਣੇ ਛੋਟੇ ਕਰੀਅਰ ਦੇ ਦੌਰਾਨ ਰਾਸ਼ਟਰੀ ਚੈਂਪੀਅਨਸ਼ਿਪ ’ਚ ਦੋ ਸੋਨ ਤਮਗ਼ੇ, ਇਕ ਚਾਂਦੀ ਤੇ ਇਕ ਕਾਂਸੀ ਤਮਗ਼ੇ ਜਿੱਤੇ ਸਨ। ਖੇਡ ਤੋਂ ਸੰਨਿਆਸ ਲੈਣ ਦੇ ਬਾਅਦ ਮਾਥੁਰ ਉੱਤਰ-ਪੱਛਮੀ ਦਿੱਲੀ ਦੇ ਮਾਜਰੀ ਕਰਾਲਾ ਪਿੰਡ ’ਚ ਰਹਿੰਦੇ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh