ਸਮਿਥ-ਵਾਰਨਰ ਨਹੀਂ ਖੇਡੇ ਤਾਂ ਇਹ ਭਾਰਤ ਦੀ ਗਲਤੀ ਨਹੀਂ : ਗਾਵਸਕਰ

01/07/2019 6:17:54 PM

ਸਿਡਨੀ : ਭਾਰਤ ਦੀ ਆਸਟਰੇਲੀਆ ਵਿਚ ਇਤਿਹਾਸਕ ਜਿੱਤ ਦੀ ਸਾਬਕਾ ਕ੍ਰਿਕਟਰਾਂ ਨੇ ਰੱਜ ਕੇ ਸ਼ਲਾਘਾ ਕੀਤੀ ਅਤੇ ਆਪਣੇ ਜਮਾਨੇ ਦੇ ਧਾਕੜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਉਨ੍ਹਾਂ ਆਲੋਚਕਾਂ ਨੂੰ ਵੀ ਕਰਾਰਾ ਜਵਾਬ ਦਿੱਤਾ ਜਿਨ੍ਹਾਂ ਨੇ ਕਮਜੋਰ ਆਸਟਰੇਲੀਆਈ ਟੀਮ ਦੀ ਗੱਲ ਕਹਿ ਕੇ ਇਸ ਨੂੰ ਘੱਟ ਸਮਝਣ ਦੀ ਕੋਸ਼ਿਸ਼ ਕੀਤੀ।

ਭਾਰਤ ਨੇ 4 ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ ਜੋ ਉਸ ਦੀ ਆਸਟਰੇਲੀਆਈ ਧਰਤੀ 'ਤੇ ਟੈਸਟ ਸੀਰੀਜ਼ ਵਿਚ ਪਹਿਲੀ ਜਿੱਤ ਹੈ। ਆਸਟਰੇਲੀਆ ਨੇ 4 ਮੈਚਾਂ ਦੀ ਸੀਰੀਜ਼ ਵਿਚ ਲੱਚਰ ਪ੍ਰਦਰਸ਼ਨ ਕੀਤਾ ਅਤੇ ਜੇਕਰ ਮੌਸਮ ਖਰਾਬ ਨਹੀਂ ਹੁੰਦਾ ਤਾਂ ਭਾਰਤ ਦਾ ਜਿੱਤ ਦਾ ਫਰਕ ਇਸ ਤੋਂ ਬਿਹਤਰ ਹੁੰਦਾ। ਕਿਹਾ ਜਾ ਰਿਹਾ ਹੈ ਕਿ ਗੇਂਦ ਨਾਲ ਛੇੜਛਾੜ ਕਾਰਨ ਪਾਬੰਦੀ ਝਲ ਰਹੇ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦੀ ਗੈਰ-ਹਾਜ਼ਰੀ ਕਾਰਨ ਭਾਰਤ ਨੂੰ ਇਹ ਜਿੱਤ ਮਿਲੀ ਪਰ ਗਾਵਸਕਰ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।

ਗਾਵਸਕਰ ਨੇ ਮੈਚ ਤੋਂ ਬਾਅਦ ਕਿਹਾ, ''ਆਸਟਰੇਲੀਆ ਟੀਮ ਜੇਕਰ ਡੇਵਿਡ ਵਾਰਨਰ ਅਤੇ ਸਟੀਵ ਸਮਿਥ ਦੇ ਬਿਨਾ ਖੇਡੀ ਤਾਂ ਇਹ ਭਾਰਤ ਦੀ ਗਲਤੀ ਨਹੀਂ ਹੈ। ਆਸਟਰੇਲੀਆ ਉਨ੍ਹਾਂ 'ਤੇ ਘਟ ਸਮੇਂ ਦੀ ਪਾਬੰਦੀ ਲਗਾ ਸਕਦਾ ਸੀ ਪਰ ਯਕੀਨੀ ਤੌਰ 'ਤੇ ਮੰਨਿਆ ਗਿਆ ਕਿ ਇਕ ਸਾਲ ਦੀ ਪਾਬੰਦੀ ਆਸਟਰੇਲੀਆਈ ਕ੍ਰਿਕਟ ਲਈ ਚੰਗਾ ਸਾਬਤ ਹੋਵੇਗਾ ਕਿਉਂਕਿ ਉਹ ਇਕ ਉਦਾਹਰਣ ਪੇਸ਼ ਕਰਨਾ ਚਾਹੁੰਦੇ ਸੀ।''

ਉਸ ਨੇ ਕਿਹਾ, ''ਭਾਰਤ ਦੇ ਸਾਹਮਣੇ ਜੋ ਟੀਮ ਉਤਾਰੀ ਗਈ ਉਹ ਉਸ ਨਾਲ ਖੇਡਿਆ ਅਤੇ ਬਹੁਤ ਵੱਡੀ ਉਪਲੱਬਧੀ ਹੈ। ਕੋਹਲੀ ਦੀ ਟੀਮ ਅਤੇ ਭਾਰਤ ਦੀਆਂ ਪੁਰਾਣੀਆਂ ਟੀਮਾਂ ਵਿਚ ਫਰਕ ਫਿੱਟਨੈਸ ਦਾ ਹੈ। ਅਸੀਂ ਵੀ ਜਿੱਤ ਲਈ ਖੇਡੇ ਸੀ ਪਰ ਫਿੱਟਨੈਸ ਦਾ ਮਾਮਲੇ ਵਿਚ ਇਹ ਟੀਮ ਵੱਖ ਪੱਧਰ 'ਤੇ ਹੈ ਅਤੇ ਕਪਤਾਨ ਇਸ ਵਿਚ ਉਦਾਹਰਣ ਪੇਸ਼ ਕਰਦਾ ਹੈ। ਸਾਡੇ ਸਮੇਂ ਵਿਚ ਅਸੀਂ ਨਿਜੀ ਤੌਰ 'ਤੇ ਆਪਣੀ ਫਿੱਟਨੈਸ 'ਤੇ ਧਿਆਨ ਦਿੰਦੇ ਸੀ।''