ਗਾਵਸਕਰ ਦੀ 1971 ਦੀ ਕੈਪ ਅਤੇ ਰਵੀ ਸ਼ਾਸਤਰੀ ਦੀ ਕੋਚਿੰਗ ਕਿੱਟ ਹੋਵੇਗੀ ਨਿਲਾਮ

11/01/2020 5:12:16 PM

ਨਵੀਂ ਦਿੱਲੀ (ਭਾਸ਼ਾ) : ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਵੱਲੋਂ 1971 ਦੇ ਇੰਗਲੈਂਡ ਦੌਰੇ ਦੌਰਾਨ ਪਾਈ ਗਈ ਕੈਪ ਅਤੇ ਰਾਸ਼ਟਰੀ ਟੀਮ ਦੇ ਮੌਜੂਦਾ ਕੋਚ ਰਵੀ ਸ਼ਾਸਤਰੀ ਦੀ ਕੋਚਿੰਗ ਕਿੱਟ ਕ੍ਰਿਕਟ ਦੇ ਉਨ੍ਹਾਂ ਸਾਮਾਨਾਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ ਆਨਲਾਈਨ ਨੀਲਾਮੀ ਵਿਚ ਖ਼ਰੀਦਿਆ ਜਾ ਸਕਦਾ ਹੈ। ਕ੍ਰਿਸਟੀ ਦੀ ਇਸ ਨੀਲਾਮੀ ਵਿਚ ਸਰ ਜੋਫਰੀ ਬਾਇਕਾਟ ਦਾ ਭੰਡਾਰ ਅਤੇ 20-20 ਚੈਰਿਟੀ ਕ੍ਰਿਕਟ ਨਾਲ ਜੁੜੀਆਂ ਵਸਤੂਆਂ ਸ਼ਾਮਲ ਹਨ।

ਨੀਲਾਮੀ 27 ਅਕਤੂਬਰ ਤੋਂ ਆਨਲਾਈਨ ਸ਼ੁਰੂ ਹੋ ਗਈ ਹੈ। ਸਰ ਜੋਫਰੀ ਬਾਇਕਾਟ ਦੇ ਭੰਡਾਰ ਵਿਚ ਕਈ ਯਾਦਗਾਰ ਚੀਜਾਂ ਹਨ। ਇਨ੍ਹਾਂ ਵਿਚ ਉਹ ਬੱਲਾ ਵੀ ਸ਼ਾਮਲ ਹੈ ਜਿਸ ਨਾਲ ਉਨ੍ਹਾਂ ਨੇ ਪਹਿਲੀ ਸ਼੍ਰੇਣੀ ਦੇ ਮੈਚਾਂ ਵਿਚ 100ਵਾਂ ਸੈਂਕੜਾ ਪੂਰਾ ਕੀਤਾ ਸੀ। ਉਨ੍ਹਾਂ ਨੇ ਹੈਂਡਿਗਲੇ ਵਿਚ 11 ਅਗਸਤ 1977 ਨੂੰ ਆਸਟਰੇਲੀਆ ਖ਼ਿਲਾਫ਼ ਏਸ਼ੇਜ ਟੈਸਟ ਮੈਚ ਵਿਚ ਘਰੇਲੂ ਦਰਸ਼ਕਾਂ ਦੇ ਸਾਹਮਣੇ ਇਹ ਉਪਲੱਬਧੀ ਹਾਸਲ ਕੀਤੀ ਸੀ। ਇਸ ਬੱਲੇ ਦੇ 30 ਤੋਂ 50 ਹਜ਼ਾਰ ਪੌਂਡ (ਲਗਭਗ 28.95 - 48.25 ਲੱਖ ਰੁਪਏ) ਮਿਲਣ ਦੀ ਸੰਭਾਵਨਾ ਹੈ।

ਨੀਲਾਮੀ ਵਿਚ ਮਾਈਕਲ ਹੋਲਡਿੰਗ ਦੀ ਇਕ ਸ਼ਰਟ ਵੀ ਸ਼ਾਮਲ ਹੈ ਜਿਨ੍ਹਾਂ ਨੇ 14 ਮਾਰਚ 1981 ਨੂੰ ਬ੍ਰਿਜਟਾਊਨ ਵਿਚ ਬਾਇਕਾਟ ਨੂੰ ਸਿਫ਼ਰ 'ਤੇ ਆਊਟ ਕੀਤਾ ਸੀ। ਇਸ 'ਤੇ ਹੋਲਡਿੰਗ ਦੇ ਦਸਤਖ਼ਤ ਹਨ। ਬਾਇਕਾਟ ਦੇ ਭੰਡਾਰ ਵਿਚ ਹੀ ਉਹ ਕੈਪ ਵੀ ਸ਼ਾਮਲ ਹੈ ਜਿਸ ਨੂੰ ਗਾਵਸਕਰ ਨੇ 1971 ਵਿਚ ਭਾਰਤ ਦੇ ਇੰਗਲੈਂਡ ਦੌਰੇ ਦੌਰਾਨ ਪਾਇਆ ਸੀ। ਕ੍ਰਿਸਟੀ ਦੀ ਦੂਜੀ ਨੀਲਾਮੀ 20-20 ਚੈਰਿਟੀ ਕ੍ਰਿਕਟ ਨੀਲਾਮੀ ਵਿਚ ਵੀ ਕ੍ਰਿਕਟ ਇਤਿਹਾਸ ਨਾਲ ਜੁੜੀਆਂ ਕਈ ਵਸਤੂਆਂ ਸ਼ਾਮਲ ਹਨ। ਇਹ ਨੀਲਾਮੀ 16 ਨਵੰਬਰ ਤੱਕ ਚੱਲੇਗੀ।

cherry

This news is Content Editor cherry