ਵਿਸ਼ਵ ਤੀਰਅੰਦਾਜ਼ੀ ਯੂਥ ਚੈਂਪੀਅਨਸ਼ਿਪਸ 'ਚ ਭਾਰਤ ਨੇ ਜਿੱਤਿਆ ਕਾਂਸੀ ਦਾ ਤਮਗਾ

08/24/2019 12:50:03 PM

ਸਪੋਰਸਟ ਡੈਸਕ— ਸੁਖਬੀਰ ਸਿੰਘ, ਸੰਗਮਪ੍ਰੀਤ ਸਿੰਘ ਬਿਸਲਾ ਅਤੇ ਤੁਸ਼ਾਰ ਫੜਤਾਰੇ ਦੀ ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਇੱਥੇ ਵਰਲਡ ਤੀਰਅੰਦਾਜੀ ਯੂਥ ਚੈਂਪਿਅਨਸ਼ਿਪ 'ਚ ਜੂਨੀਅਰ ਕੰਪਾਊਂਡ ਪੁਰਸ਼ ਟੀਮ ਦਾ ਕਾਂਸੀ ਤਮਗਾ ਜਿੱਤਿਆ। ਭਾਰਤੀ ਟੀਮ ਆਖਰੀ ਦੌਰ ਤੋਂ ਪਹਿਲਾਂ ਇਕ ਅੰਕ ਤੋਂ ਪਿੱਛੇ ਸੀ ਪਰ ਉਸਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਕੋਲੰਬੀਆ ਦੇ ਜਗਦੀਪ ਤੇਜੀ ਸਿੰਘ ਮੇਜਿਆ, ਗੋਮੇਜ ਜੁਲੁਗਾ ਫੇਲਿਪ ਅਤੇ ਟੋਰਾਂ ਵਾਸਕਵੇਜ ਮੈਨੂਅਲ ਨੂੰ 234-231 ਨਾਲ ਹਰਾਇਆ।
ਆਖਰੀ ਦੌਰ 'ਚ ਭਾਰਤੀਆਂ ਨੇ 60 'ਚੋਂ 60 ਅੰਕ ਬਣਾਏ ਜਦ ਕਿ ਕੋਲੰਬੀਆਈ ਟੀਮ 56 ਅੰਕ ਹੀ ਬਣਾ ਸਕੀ। ਰਾਗਣੀ ਮਾਰਕੂ ਅਤੇ ਸੁਖਬੀਰ ਸਿੰਘ ਦੀ ਜੂਨੀਅਰ ਮਿਕਸ ਟੀਮ ਨੇ ਭਾਰਤ ਲਈ ਦੂਜਾ ਚਾਂਦੀ ਤਮਗਾ ਵੀ ਪੱਕਾ ਕੀਤਾ। ਉਨ੍ਹਾਂ ਨੇ ਈਰਾਨ ਦੇ ਗੀਸਾ ਬਾਇਬੋਰਡੀ ਅਤੇ ਡੈਨੀਅਲ ਹੇਦਾਰਜਾਦੇਹਦੇਹਕੋਰਡੀ ਨੂੰ 154-151 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਜਿੱਥੇ ਉਨ੍ਹਾਂ ਦਾ ਸਾਹਮਣਾ ਸ਼ਨੀਵਾਰ ਨੂੰ ਸਵਿਟਜ਼ਰਲੈਂਡ ਦੀ ਟੀਮ ਨਾਲ ਹੋਵੇਗਾ। ਵੀਰਵਾਰ ਨੂੰ 17 ਸਾਲ ਦਾ ਕੋਮਾਲਿਕਾ ਵਾਰੀ ਨੇ ਰਿਕਰਵ ਕੈਡੇਟ ਵਰਗ ਫਾਈਨਲ 'ਚ ਪਹੁੰਚ ਕੇ ਚਾਂਦੀ ਦਾ ਤਮਗਾ ਪੱਕਾ ਕੀਤਾ ਸੀ। ਉਹ ਐਤਵਾਰ ਨੂੰ ਫਾਈਨਲ 'ਚ ਜਾਪਾਨ ਦੀ ਸੋਨੋਦਾ ਵਾਕਿਆ ਨਾਲ ਭਿੜੇਗੀ।