ਸੁਜੀਤ, ਅੰਤਿਮ ਅਤੇ ਅਮਨ ਨੂੰ ਏਸ਼ੀਆਈ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ''ਚ ਮਿਲਿਆ ਮੁਸ਼ਕਲ ਡਰਾਅ

Tuesday, Sep 29, 2026 - 03:31 PM (IST)

ਸੁਜੀਤ, ਅੰਤਿਮ ਅਤੇ ਅਮਨ ਨੂੰ ਏਸ਼ੀਆਈ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ''ਚ ਮਿਲਿਆ ਮੁਸ਼ਕਲ ਡਰਾਅ

ਨਾਗੋਯਾ : ਏਸ਼ੀਆਈ ਖੇਡਾਂ ਦੀ ਕੁਸ਼ਤੀ ਪ੍ਰਤੀਯੋਗਤਾ ਵਿੱਚ ਸੁਜੀਤ ਕਲਕਲ, ਅੰਤਿਮ ਪੰਘਾਲ ਅਤੇ ਓਲੰਪਿਕ ਕਾਂਸੀ ਤਗਮਾ ਜੇਤੂ ਅਮਨ ਸਹਿਰਾਵਤ ਵਰਗੇ ਭਾਰਤੀ ਪਹਿਲਵਾਨਾਂ ਨੂੰ ਮੁਸ਼ਕਿਲ ਡਰਾਅ ਦਾ ਸਾਹਮਣਾ ਕਰਨਾ ਪਵੇਗਾ, ਜਿੱਥੇ ਹਰੇਕ ਭਾਰ ਵਰਗ ਦੇ ਸਾਰੇ ਮੁਕਾਬਲੇ (ਕੁਆਲੀਫਿਕੇਸ਼ਨ, ਸੈਮੀਫਾਈਨਲ ਅਤੇ ਮੈਡਲ ਮੈਚ) ਇੱਕ ਹੀ ਦਿਨ ਖੇਡੇ ਜਾਣਗੇ। ਪੁਰਸ਼ਾਂ ਦੇ 65 ਕਿਲੋਗ੍ਰਾਮ ਫ੍ਰੀਸਟਾਈਲ ਵਰਗ 'ਚ ਸ਼ਾਨਦਾਰ ਫਾਰਮ 'ਚ ਚੱਲ ਰਹੇ ਅੰਡਰ-23 ਵਿਸ਼ਵ ਚੈਂਪੀਅਨ ਸੁਜੀਤ ਦੇ ਹਿੱਸੇ ਵਿੱਚ ਜਾਪਾਨ ਦੇ ਓਲੰਪਿਕ ਚੈਂਪੀਅਨ ਕੋਤਾਰੋ ਕਿਯੋਕਾ ਅਤੇ ਈਰਾਨ ਦੇ ਅੱਬਾਸ ਇਬ੍ਰਾਹਿਮਜ਼ਾਦੇਹ ਸ਼ਾਮਲ ਹਨ। 

ਔਰਤਾਂ ਦੇ 53 ਕਿਲੋਗ੍ਰਾਮ ਵਰਗ ਵਿੱਚ ਹਾਂਗਝੋਊ ਖੇਡਾਂ ਦੀ ਕਾਂਸੀ ਤਗਮਾ ਜੇਤੂ ਅੰਤਿਮ ਪੰਘਾਲ ਦੇ ਸੈਮੀਫਾਈਨਲ ਵਿੱਚ ਚੀਨ ਦੀ ਝਾਂਗ ਜਿਨ ਨਾਲ ਭਿੜਨ ਦੀ ਸੰਭਾਵਨਾ ਹੈ। ਇਸੇ ਤਰ੍ਹਾਂ 57 ਕਿਲੋਗ੍ਰਾਮ ਵਰਗ ਵਿੱਚ ਪੈਰਿਸ ਓਲੰਪਿਕ ਦੇ ਕਾਂਸੀ ਤਗਮਾ ਜੇਤੂ ਅਮਨ ਸਹਿਰਾਵਤ ਨੂੰ ਵੀ ਸ਼ੁਰੂਆਤੀ ਗੇੜ 'ਚ ਹੀ ਉਜ਼ਬੇਕਿਸਤਾਨ ਦੇ ਗੁਲੋਮਜੋਨ ਅਬਦੁੱਲਾਏਵ ਜਾਂ ਜਾਪਾਨ ਦੇ ਯਾਮਾਤੋ ਓਗਾਵਾ ਵਰਗੇ ਮਜ਼ਬੂਤ ਖਿਡਾਰੀਆਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।

ਹੋਰ ਭਾਰਤੀ ਪਹਿਲਵਾਨਾਂ ਵਿੱਚ ਸਾਗਰ ਜਗਲਾਨ (74 ਕਿਲੋਗ੍ਰਾਮ) ਦਾ ਸਾਹਮਣਾ ਮੌਜੂਦਾ ਏਸ਼ੀਆਈ ਚੈਂਪੀਅਨ ਮੰਗੋਲੀਆ ਦੇ ਤੁਲਗਾ ਤੁਮੁਰ ਓਚਿਰ ਨਾਲ ਅਤੇ ਦੀਪਕ ਪੂਨੀਆ (97 ਕਿਲੋਗ੍ਰਾਮ) ਦਾ ਮੁਕਾਬਲਾ ਚੀਨ ਦੇ ਝੋਊ ਜੁਨਪੇਂਗ ਨਾਲ ਹੋਵੇਗਾ, ਜਦਕਿ 125 ਕਿਲੋਗ੍ਰਾਮ ਵਿੱਚ ਰਜਤ ਰੂਹਾਲ ਟੀਮ ਦਾ ਹਿੱਸਾ ਹਨ। ਮਹਿਲਾ ਵਰਗ ਵਿੱਚ ਨਿਸ਼ਾ ਦਹੀਆ (68 ਕਿਲੋਗ੍ਰਾਮ) ਦਾ ਸਾਹਮਣਾ ਉੱਤਰੀ ਕੋਰੀਆ ਦੀ ਪਾਕ ਸੋਲ ਗੁਮ ਨਾਲ ਅਤੇ ਡੈਬਿਊ ਕਰ ਰਹੀ ਦੀਪਾਂਸ਼ੀ (50 ਕਿਲੋਗ੍ਰਾਮ) ਦਾ ਸਾਹਮਣਾ ਜਾਪਾਨ ਦੀ ਪੂਰਵ ਵਿਸ਼ਵ ਤੇ ਓਲੰਪਿਕ ਚੈਂਪੀਅਨ ਯੂਈ ਸੁਸਾਕੀ ਨਾਲ ਹੋਵੇਗਾ। ਗ੍ਰੀਕੋ-ਰੋਮਨ ਵਰਗ ਵਿੱਚ ਸੁਨੀਲ ਕੁਮਾਰ ਅਤੇ ਨਿਤੇਸ਼ ਸਿਵਾਚ ਭਾਰਤ ਦੀਆਂ ਮੁੱਖ ਉਮੀਦਾਂ ਹਨ। ਜ਼ਿਕਰਯੋਗ ਹੈ ਕਿ ਭਾਰਤ ਨੇ 2022 ਏਸ਼ੀਆਈ ਖੇਡਾਂ ਵਿੱਚ ਕੁਸ਼ਤੀ 'ਚ ਕੁੱਲ 6 ਤਗਮੇ (1 ਚਾਂਦੀ ਅਤੇ 5 ਕਾਂਸੀ) ਜਿੱਤੇ ਸਨ।
 


author

Tarsem Singh

Content Editor

Related News