ਟਾਂਡਾ ਦੇ ਸੁਭਕਰਮਨ ਘੋਤੜਾ ਨੇ ਬਣਾਇਆ ਕੌਮੀ ਰਿਕਾਰਡ, 60.76 ਮੀਟਰ ਦੂਰ ਸੁੱਟਿਆ ਡਿਸਕਸ

06/09/2022 3:36:38 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਕੁਝ ਦਿਨ ਪਹਿਲਾਂ ਫੈੱਡਰੇਸ਼ਨ 'ਚ ਸੋਨ ਤਗਮਾ ਹਾਸਲ ਕਰਨ ਵਾਲੇ ਪਿੰਡ ਜਲਾਲਪੁਰ ਵਾਸੀ ਅਥਲੀਟ ਸੁਭਕਰਮਨ ਸਿੰਘ ਘੋਤੜਾ ਨੇ  ਹਰਿਆਣਾ ਦੇ ਪੰਚਕੂਲਾ ਵਿੱਚ ਹੋਈਆਂ ਨੈਸ਼ਨਲ ਖੇਲੋ ਇੰਡੀਆ ਯੂਥ ਖੇਡਾਂ ਵਿੱਚ 60.76 ਮੀਟਰ ਦੂਰ ਡਿਸਕਸ ਸੁੱਟ ਕੇ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਹੈ। ਟਾਂਡਾ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨ ਵਾਲੇ ਸੁਭਕਰਮਨ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਕੋਚ ਬਲਦੀਪ ਸਿੰਘ ਮਾਨਕਰਾਏ ਨੂੰ ਦਿੱਤਾ। ਉਸ ਨੇ ਦੱਸਿਆ ਕਿ ਉਹ ਓਲੰਪਿਕ ਵਿੱਚ ਦੇਸ਼ ਲਈ ਤਮਗਾ ਜਿੱਤਣ ਦੇ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਲਈ ਲਗਾਤਾਰ ਮਿਹਨਤ ਕਰ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕੋਲੰਬੀਆ ਵਿੱਚ ਹੋਣ ਵਾਲੀ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੀ ਤਿਆਰੀ ਕਰ ਰਿਹਾ ਹੈ।

ਸੁਭਕਰਮਨ ਦੇ ਪਿਤਾ ਸੀ.ਬੀ.ਆਈ ਇੰਸਪੈਕਟਰ ਸੁਖਵਿੰਦਰ ਸਿੰਘ ਖੁਦ ਇੰਟਰਵਰਸਿਟੀ ਜੈਵਲਿਨ ਥਰੋਅ ਖਿਡਾਰੀ ਰਹੇ ਹਨ ਅਤੇ ਮਾਤਾ ਸੰਦੀਪ ਕੌਰ ਘੋਤੜਾ ਅਧਿਆਪਕ ਹੈ। ਆਪਣੇ ਬੇਟੇ ਦੀ ਕਾਮਯਾਬੀ 'ਤੇ ਮਾਣ ਮਹਿਸੂਸ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਟੀਚੇ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਪੀ.ਆਈ.ਐੱਸ. ਜਲੰਧਰ ਦੇ ਹੋਸਟਲ 'ਚ ਰਹਿ ਰਹੇ ਡਿਪਸ ਸਕੂਲ ਸੋਰਾਂਸੀ ਜਲੰਧਰ ਵਿਖੇ 12ਵੀਂ ਦੇ ਵਿਦਿਆਰਥੀ ਸੁਭਕਰਮਨ ਨੂੰ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਦੇ ਮੁੱਖੀ ਗੁਰਸੇਵਕ ਮਾਰਸ਼ਲ, ਲੁਬਾਣਾ ਸਮਾਜ ਦੇ ਆਗੂ ਜਸਵੰਤ ਸਿੰਘ ਬਿੱਟੂ, ਲਖਵਿੰਦਰ ਸੇਠੀ, ਟਾਂਡਾ ਐਥਲੈਟਿਕ ਸੈਂਟਰ ਦੇ ਕੋਚ ਕੁਲਵੰਤ ਸ. ਸਿੰਘ., ਕੋਚ ਬ੍ਰਿਜ ਮੋਹਨ ਸ਼ਰਮਾ, ਰਜਿੰਦਰ ਸਿੰਘ ਮਾਰਸ਼ਲ, ਤਜਿੰਦਰ ਸਿੰਘ ਢਿੱਲੋਂ ਨੇ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ। 

cherry

This news is Content Editor cherry