ਸਾਬਕਾ ਆਸਟਰੇਲੀਆਈ ਕ੍ਰਿਕਟਰ ਨੂੰ ਅਗਵਾ ਕਰਕੇ ਕੀਤਾ ਗਿਆ ਟਾਰਚਰ, ਚਾਰ ਸ਼ਖ਼ਸ ਗਿ੍ਰਫ਼ਤਾਰ

05/05/2021 11:07:53 AM

ਸਪੋਰਟਸ ਡੈਸਕ— ਆਸਟਰੇਲੀਆਈ ਪੁਲਸ ਨੇ ਬੁੱਧਵਾਰ ਨੂੰ ਸਾਬਕਾ ਟੈਸਟ ਗੇਂਦਬਾਜ਼ ਸਟੁਅਰਟ ਮੈਕਗਿੱਲ ਨੂੰ ਅਗਵਾ ਕਰਨ ਦੇ ਮਾਮਲੇ ’ਚ 4 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਸ਼ਹਿਰ ਦੇ ਲੋਅਰ ਨਾਰਥ ਸ਼ੋਰ ’ਚ ਕ੍ਰਿਕਟ ਦੇ ਮੁਕਾਬਲੇ ਦੇ ਬਾਅਦ ਸਿਡਨੀ ’ਚ ਛਾਪੇਮਾਰੀ ਦੇ ਦੌਰਾਨ 4 ਪੁਰਸ਼ਾਂ ਨੂੰ ਹਿਰਾਸਤ ’ਚ ਲਿਆ ਗਿਆ। ਮੈਕਗਿੱਲ ਇਕ ਹੁਨਰਮੰਦ ਗੇਂਦਬਾਜ਼ ਦੇ ਰੂਪ ’ਚ ਜਾਣੇ ਜਾਂਦੇ ਹਨ ਜਿਨ੍ਹਾਂ ਨੇ ਆਸਟਰੇਲੀਆ ਲਈ 44 ਟੈਸਟ ਮੈਚ ਖੇਡੇ ਹਨ।
ਇਹ ਵੀ ਪੜ੍ਹੋ : ਆਸਟਰੇਲੀਆਈ ਖਿਡਾਰੀ ਮਾਲਦੀਵ ਲਈ ਹੋਣਗੇ ਰਵਾਨਾ : ਕ੍ਰਿਕਟ ਆਸਟਰੇਲੀਆ

ਪੁਲਸ ਨੇ ਕਿਹਾ ਕਿ 14 ਅਪ੍ਰੈਲ ਨੂੰ 50 ਸਾਲਾ ਮੈਕਗਿਲ ਦੇ ਨਾਲ ਤਿੰਨ ਪੁਰਸ਼ ਭਿੜ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕ ਵਾਹਨ ’ਚ ਬੰਨ੍ਹ ਦਿੱਤਾ ਗਿਆ। ਉਨ੍ਹਾਂ ਨੂੰ ਸ਼ਹਿਰ ਦੇ ਬਾਹਰ ਲਿਜਾਇਆ ਗਿਆ, ਜਿੱਥੇ ਕਥਿਤ ਤੌਰ ’ਤੇ ਉਨ੍ਹਾਂ ਨਾਲ ਕੁੱਟ-ਮਾਰ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਧਮਕੀ ਦੇ ਕੇ ਰਿਹਾ ਕਰ ਦਿੱਤਾ ਗਿਆ। ਐੱਨ. ਐੱਸ. ਡਬਲਯੂ ਪੁਲਸ ਮੁਖੀ ਐਂਥਨੀ ਹੋਲਟਨ ਨੇ ਮੀਡੀਆ ਨੂੰ ਦੱਸਿਆ, ਮੈਨੂੰ ਪਤਾ ਹੈ ਕਿ ਇਹ ਸਿਰਫ਼ ਇਕ ਘੰਟਾ ਸੀ ਜਿਸ ਦੌਰਾਨ ਇਹ ਸਭ ਵਾਪਰਿਆ। ਪਰ ਇਹ ਬਹੁਤ ਭਿਆਨਕ ਸਮਾਂ ਸੀ। ਹੋਲਟਨ ਨੇ ਕਿਹਾ, ਮੈਕਗਿੱਲ ਜੋ ਕਿ ਕਥਿਤ ਅਗਵਾਕਾਰਾਂ ’ਚੋਂ ਇਕ ਨੂੰ ਜਾਣਦਾ ਸੀ, ਇਸ ਘਟਨਾ ਦੇ ਬਾਅਦ ਉਨ੍ਹਾਂ ਨੂੰ ਕਾਫ਼ੀ ਧੱਕਾ ਲੱਗਾ ਸੀ।
ਇਹ ਵੀ ਪੜ੍ਹੋ : IPL ਦੇ ਮੁਲਤਵੀ ਹੋਣ ਨਾਲ BCCI ਨੂੰ ਹੋਵੇਗਾ ਵੱਡਾ ਆਰਥਿਕ ਨੁਕਸਾਨ, ਰਕਮ ਜਾਣ ਕੇ ਹੋ ਜਾਵੋਗੇ ਹੈਰਾਨ

ਪੁਲਸ ਨੇ ਬਿਆਨ ’ਚ ਕਿਹਾ ਕਿ ਲੁੱਟ ਤੇ ਗੰਭੀਰ ਜੁਰਮ ਸਬੰਧੀ ਵਿਭਾਗ ਨੇ ਇਸ ਤੋਂ ਬਾਅਦ ਜਾਂਚ ਕੀਤੀ ਤੇ 4 ਲੋਕਾਂ ਨੂੰ ਬੁੱਧਵਾਰ ਸਵੇਰੇ ਸਥਾਨਕ ਸਮੇ ਮੁਤਾਬਕ 6 ਵਜੇ ਗਿ੍ਰਫ਼ਤਾਰ  ਕੀਤਾ ਗਿਆ ਜਿਨ੍ਹਾਂ ਦੀ ਉਮਰ 27, 29, 42 ਤੇ 46 ਸਾਲ ਹੈ। ਗਿ੍ਰਫ਼ਤਾਰ ਲੋਕਾਂ ਨੂੰ ਸਥਾਨਕ ਪੁਲਸ ਥਾਣੇ ਲਿਜਾਇਆ ਗਿਆ ਤੇ ਉਨ੍ਹਾਂ ਖ਼ਿਲਾਫ਼ ਦੋਸ਼ ਲਾਏ ਜਾਣਗੇ। ਜ਼ਿਕਰਯੋਗ ਹੈ ਕਿ ਸਾਬਕਾ ਲੈੱਗ ਸਪਿਨਰ ਮੈਕਗਿੱਲ ਨੇ ਆਸਟਰੇਲੀਆ ਵੱਲੋਂ 1998 ਤੋਂ 2008 ਦੇ ਦੌਰਾਨ 44 ਟੈਸਟ ਖੇਡੇ ਤੇ 208 ਵਿਕਟਾਂ ਵੀ ਝਟਕਾਈਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh