ਪਾਕਿਸਤਾਨੀ ਖਿਡਾਰੀਆਂ ਦਾ ਮੁੜ ਵਤਨ ਪਰਤਨ ''ਤੇ ਜ਼ੋਰਦਾਰ ਸਵਾਗਤ

06/20/2017 4:06:52 PM

ਕਰਾਚੀ— ਆਈ.ਸੀ.ਸੀ. ਚੈਂਪੀਅਨਸ ਟਰਾਫੀ 'ਚ ਪੁਰਾਣੀ ਮੁਕਾਬਲੇਬਾਜ਼ ਟੀਮ ਨੂੰ ਹਰਾ ਕੇ ਖਿਤਾਬ ਜਿੱਤਣ ਵਾਲੀ ਪਾਕਿਸਤਾਨੀ ਟੀਮ ਦਾ ਬ੍ਰਿਟੇਨ ਤੋਂ ਮੁੜ ਵਤਨ ਪਰਤਨ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ ਜਿੱਥੇ ਹਵਾਈ ਅੱਡੇ 'ਤੇ ਹੀ ਲੱਖਾਂ ਪ੍ਰਸ਼ੰਸਕ ਆਪਣੇ ਖਿਡਾਰੀਆਂ ਦੇ ਇੰਤਜ਼ਾਰ 'ਚ ਮੌਜੂਦ ਰਹੇ।

ਪਾਕਿਸਤਾਨੀ ਟੀਮ ਦੇ ਕਪਤਾਨ ਸਰਫਰਾਜ ਅਹਿਮਦ ਅਤੇ ਰੁਮੰਨ ਰਈਸ ਮੰਗਲਵਾਰ ਨੂੰ ਜਿੰਨ੍ਹਾ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੇ ਜਿੱਥੇ ਸਿੰਧ ਦੇ ਰਾਜਪਾਲ ਮੁਹੰਮਦ ਜੁਬੈਰ, ਕਰਾਚੀ ਦੇ ਮੇਅਰ ਵਸੀਮ ਅਖਤਰ ਅਤੇ ਹਜ਼ਾਰਾਂ ਪਾਕਿਸਤਾਨੀ ਪ੍ਰਸ਼ੰਸਕ ਮੌਜੂਦ ਸਨ ਅਤੇ ਉਨ੍ਹਾਂ ਫੁੱਲਾਂ ਨਾਲ ਖਿਡਾਰੀਆਂ ਦਾ ਸਵਾਗਤ ਕੀਤਾ। ਟੀਮ ਦੇ ਹੋਰ ਖਿਡਾਰੀਆਂ 'ਚ ਹਸਨ ਅਲੀ, ਬਾਬਰ ਆਜ਼ਮ, ਫਹੀਮ ਅਸ਼ਰਫ, ਫਖਰ ਜਮਾਨ ਅਤੇ ਅਹਿਮਦ ਸ਼ਹਿਜ਼ਾਦ ਅਲਾਮਾ ਇਕਬਾਲ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੇ ਜਿੱਥੇ ਲਾਹੌਰ ਦੇ ਮੇਅਰ, ਪੰਜਾਬ ਵਿਧਾਨਸਭਾ ਦੇ ਕਈ ਮੰਤਰੀ ਅਤੇ ਸਥਾਨਕ ਨਾਗਰਿਕਾਂ ਤੋਂ ਇਲਾਵਾ ਨੌਜਵਾਨ ਪ੍ਰਸ਼ੰਸਕ ਮੌਜੂਦ ਸਨ।


ਪ੍ਰਸ਼ੰਸਕਾਂ ਦੇ ਹੱਥਾਂ 'ਚ ਫੁੱਲਾਂ ਦੇ ਨਾਲ ਚੈਂਪੀਅਨਸ ਟੀਮ ਪਾਕਿਸਤਾਨ ਦੇ ਸਲੋਗਨ ਵਾਲੇ ਬੈਨਰ ਵੀ ਸਨ। ਉਨ੍ਹਾਂ ਨੇ ਇੱਥੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਅਤੇ ਮਠਿਆਈਆਂ ਵੀ ਵੰਡੀਆਂ। ਖਿਡਾਰੀਆਂ ਨਾਲ ਸੈਲਫੀ ਲੈਣ ਦੀ ਵੀ ਹੋੜ ਲੱਗੀ ਰਹੀ ਜਦਕਿ ਕੁਝ ਨੌਜਵਾਨ ਪ੍ਰਸ਼ੰਸਕਾਂ ਨੇ ਮੋਟਰਸਾਈਕਲ ਅਤੇ ਕਾਰਾਂ ਦੀ ਰੈਲੀ ਕੱਢੀ ਅਤੇ ਝੰਡੇ ਲਹਿਰਾਏ। ਚੈਂਪੀਅਨਸ ਟਰਾਫੀ 'ਚ ਹਿੱਸਾ ਲੈਣ ਤੋਂ ਬਾਅਦ ਪਾਕਿਸਤਾਨੀ ਟੀਮ ਦੇ ਖਿਡਾਰੀਆਂ ਨੂੰ ਇਕੱਠਿਆਂ ਟਿਕਟ ਉਪਲਬਧ ਨਹੀਂ ਹੋਣ ਦੇ ਕਾਰਨ ਅਲਗ-ਅਲਗ ਆਪਣੇ ਘਰਾਂ ਨੂੰ ਪਰਤਨਾ ਪਿਆ। ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨੀ ਟੀਮ ਨੇ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤਿਆ ਹੈ।