IPL 2021 : KKR ਦੀ ਪੁਆਇੰਟ ਟੇਬਲ ''ਚ ਸਥਿਤੀ ਮਜ਼ਬੂਤ, ਆਰੇਂਜ ਤੇ ਪਰਪਲ ਕੈਪ ''ਤੇ ਵੀ ਮਾਰੋ ਇਕ ਨਜ਼ਰ

09/21/2021 1:53:28 PM

ਸਪੋਰਟਸ ਡੈਸਕ- ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਖ਼ਿਲਾਫ਼ 10 ਓਵਰ 'ਚ 9 ਵਿਕਟਾਂ ਰਹਿੰਦੇ ਹੋਏ ਜਿੱਤ ਦਰਜ ਕਰਕੇ ਪੁਆਇੰਟ ਟੇਬਲ 'ਚ ਵੱਡੀ ਲੀਡ ਹਾਸਲ ਕੀਤੀ ਹੈ। ਕੇ. ਕੇ. ਆਰ. ਦੀ ਟੀਮ 7ਵੇਂ ਸਥਾਨ ਤੋਂ ਸਿੱਧੇ 2 ਸਥਾਨ ਦੇ ਵਾਧੇ ਦੇ ਨਾਲ 5ਵੇਂ ਨੰਬਰ 'ਤੇ ਆ ਗਈ ਹੈ।
ਇਹ ਵੀ ਪੜ੍ਹੋ : PBKS vs RR : ਮੈਚ ਤੋਂ ਪਹਿਲਾਂ ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ, ਸੰਭਾਵੀ ਪਲੇਇੰਗ ਇਲੈਵਨ 'ਤੇ ਵੀ ਇਕ ਝਾਤ

ਮਿਸਟ੍ਰੀ ਸਪਿਨਰ ਵਰੁਣ ਚੱਕਰਵਰਤੀ ਤੇ ਆਲਰਾਊਂਡਰ ਆਂਦਰੇ ਰਸੇਲ ਨੇ 3-3 ਵਿਕਟਾਂ ਝਟਕਾਈਆਂ ਤੇ ਆਰ. ਸੀ. ਬੀ. ਨੂੰ ਘੱਟ ਸਕੋਰ 'ਤੇ ਰੋਕਣ 'ਚ ਅਹਿਮ ਯੋਗਦਾਨ ਦਿੱਤਾ। ਜਦਕਿ ਇਸ ਤੋਂ ਬਾਅਦ ਸ਼ੁੱਭਮਨ ਗਿੱਲ ਨੇ 34 ਗੇਂਦਾਂ 'ਚ 48 ਦੌੜਾਂ ਦੀ ਤਾਬੜਤੋੜ ਪਾਰੀ ਖੇਡੀ ਜਦਕਿ ਵੈਂਕਟੇਸ਼ ਅਈਅਰ ਦੀ ਅਜੇਤੂ 41 ਦੌੜਾਂ ਦੀ ਪਾਰੀ ਨੇ ਟੀਮ ਨੂੰ ਵੱਡੀ ਜਿੱਤ ਦਿਵਾਉਣ 'ਚ ਮਦਦ ਕੀਤੀ।

ਕੇ. ਕੇ. ਆਰ. ਦੇ ਰਾਜਸਥਾਨ ਰਾਇਲਜ਼ ਤੇ ਪੰਜਾਬ ਕਿੰਗਜ਼ ਦੇ ਬਰਾਬਰ 6 ਅੰਕ ਹਨ ਪਰ ਨੈੱਟ ਰਨ ਰੇਟ ਦੇ ਕਾਰਨ ਕੇ. ਕੇ. ਆਰ. 5ਵੇਂ, ਰਾਜਸਥਾਨ ਛੇਵੇਂ ਤੇ ਪੰਜਾਬ ਕਿੰਗਜ਼ ਸਤਵੇਂ ਸਥਾਨ ਤੇ ਹਨ। ਆਖ਼ਰੀ ਸਥਾਨ 'ਤੇ ਸਨਰਾਈਜ਼ਰਜ਼ ਹੈਦਰਾਬਾਦ ਹੈ ਜਿਸ ਨੇ ਆਈ. ਪੀ. ਐੱਲ. 2021 'ਚ 7 'ਚੋਂ ਸਿਰਫ਼ ਇਕ ਮੈਚ ਜਿੱਤਿਆ ਹੈ। 

ਦੂਜੇ ਪਾਸੇ ਚੋਟੀ ਦੇ ਚਾਰ 'ਚ ਕੋਈ ਬਦਲਾਅ ਨਹੀਂ ਹੋਇਆ। ਚੇਨਈ ਸੁਪਰਕਿੰਗਜ਼ ਪਹਿਲੇ, ਦਿੱਲੀ ਕੈਪੀਟਲਸ ਦੂਜੇ, ਆਰ. ਸੀ. ਬੀ. ਤੀਜੇ ਤੇ ਮੰਬਈ ਇੰਡੀਅਨਜ਼ ਚੌਥੇ ਸਥਾਨ 'ਤੇ ਹੈ। ਚੇਨਈ ਤੇ ਦਿੱਲੀ ਦੇ 12-12 ਜਦਕਿ ਆਰ. ਸੀ. ਬੀ. ਤੇ ਮੁੰਬਈ ਦੇ ਕ੍ਰਮਵਾਰ 10 ਤੇ 8 ਅੰਕ ਹਨ। ਚੋਟੀ ਦੇ ਚਾਰ 'ਚ ਸਾਰੀਆਂ ਟੀਮਾਂ ਨੇ ਅਜੇ ਤਕ 8-8 ਮੈਚ ਖੇਡੇ ਹਨ।

ਆਰੇਂਜ ਕੈਪ
ਚੋਟੀ ਦੇ ਪੰਜ ਬੱਲੇਬਾਜ਼ਾਂ ਦੀ ਸੂਚੀ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ਦੇ ਓਪਨਰ ਸ਼ਿਖਰ ਧਵਨ 380 ਦੌੜਾਂ ਦੀ ਲੀਡ ਦੇ ਨਾਲ ਆਰੇਂਜ ਕੈਪ ਆਪਣੇ ਕੋਲ ਰੱਖੇ ਹੋਏ ਹੈ। ਜਦਕਿ ਦੂਜੇ ਨੰਬਰ 'ਤੇ 331 ਦੌੜਾਂ ਦੇ ਨਾਲ ਕੇ. ਐੱਲ. ਰਾਹੁਲ ਹਨ। ਉਸ ਤੋਂ ਬਾਅਦ ਫ਼ਾਫ ਡੁਪਲੇਸਿਸ 320 ਦੌੜਾਂ ਦੇ ਨਾਲ ਤੀਜੇ ਸਥਾਨ 'ਤੇ ਹਨ। ਪ੍ਰਿਥਵੀ ਸਾਹ ਤੇ ਰਿਤੂਰਾਜ ਗਾਇਕਵਾੜ ਕ੍ਰਮਵਾਰ 308 ਤੇ 284 ਦੌੜਾਂ ਦੇ ਨਾਲ ਚੌਥੇ ਤੇ ਪੰਜਵੇਂ ਸਥਾਨ ਤੇ ਹਨ।

ਪਰਪਲ ਕੈਪ
ਹਰਸ਼ਲ ਪਟੇਲ ਕੇ. ਕੇ. ਆਰ. ਖ਼ਿਲਾਫ਼ ਇਕ ਵੀ ਵਿਕਟ ਲੈਣ 'ਚ ਕਾਮਯਾਬ ਨਹੀਂ ਹੋਏ ਪਰ ਉਹ ਅਜੇ ਵੀ ਆਈ. ਪੀ. ਐੱਲ. 2021 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਉਹ 8 ਮੈਚਾਂ 'ਚ 17 ਵਿਕਟਾਂ ਦੇ ਨਾਲ ਪਰਪਲ ਕੈਪ 'ਤੇ ਕਬਜ਼ਾ ਜਮਾਏ ਹੋਏ ਹਨ। ਦਿੱਲੀ ਦੇ ਅਵੇਸ਼ ਖ਼ਾਨ 14 ਵਿਕਟਾਂ ਦੇ ਨਾਲ ਦੂਜੇ ਜਦਕਿ ਰਾਜਸਥਾਨ ਰਾਇਲਸ ਦੇ ਕ੍ਰਿਸ ਮੌਰਿਸ 14 ਵਿਕਟਾਂ ਦੇ ਨਾਲ ਤੀਜੇ ਸਥਾਨ 'ਤੇ ਹਨ। ਮੁੰਬਈ ਦੇ ਰਾਹੁਲ ਚਾਹਰ 11 ਵਿਕਟਾਂ ਦੇ ਨਾਲ ਚੌਥੇ ਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਸਪਿਨਰ ਰਾਸ਼ਿਦ ਖ਼ਾਨ 10 ਵਿਕਟਾਂ ਦੇ ਨਾਲ ਪੰਜਵੇਂ ਸਥਾਨ 'ਤੇ ਹਨ।

ਇਹ ਵੀ ਪੜ੍ਹੋ : ਰਾਜਾ ਭਾਰਤ ਦੇ 70ਵੇਂ ਗ੍ਰੈਂਡ ਮਾਸਟਰ ਬਣੇ, ਆਨੰਦ ਨੇ ਦਿੱਤੀ ਵਧਾਈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh