ਫਰਾਂਸ ''ਚ ਵਿਸ਼ਵ ਕੱਪ ਦੀ ਜਿੱਤ ਦੇ ਜਸ਼ਨ ਦੌਰਾਨ ਭਾਜੜ, 27 ਜ਼ਖ਼ਮੀ

07/11/2018 11:52:16 PM

ਨਾਈਸ/ਪੈਰਿਸ— ਫਰਾਂਸ ਦੇ ਫੀਫਾ ਵਿਸ਼ਵ ਕੱਪ ਸੈਮੀਫਾਈਨਲ 'ਚ ਜਿੱਤਣ ਦਾ ਐਲਾਨ ਹੁੰਦੇ ਹੀ ਨਾਈਸ ਵਿਚ ਮੰਗਲਵਾਰ ਰਾਤ ਉਤਸ਼ਾਹਿਤ ਪ੍ਰਸ਼ੰਸਕਾਂ ਦੀ ਆਤਿਸ਼ਬਾਜ਼ੀ ਨਾਲ ਅਚਾਨਕ ਭਾਜੜ ਮਚ ਗਈ, ਜਿਸ 'ਚ 27 ਤੋਂ ਜ਼ਿਆਦਾ ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਹਾਲਾਂਕਿ ਪੈਰਿਸ ਸਮੇਤ ਪੂਰੇ ਦੇਸ਼ ਵਿਚ ਜਮ ਕੇ ਜਸ਼ਨ ਮਨਾਇਆ ਗਿਆ ਅਤੇ ਸੇਂਟ ਪੀਟਰਸਬਰਗ ਵਿਚ ਫਰਾਂਸ ਦੇ ਰਾਸ਼ਟਰਪਤੀ ਏਮਾਨੁਅਲ ਮੈਕਰਾ ਨੇ ਜਿੱਤ ਤੋਂ ਬਾਅਦ ਆਪਣੀ ਟੀਮ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ।


ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਫ੍ਰੈਂਚ ਰੀਵਿਏਰਾ ਦੇ ਤੱਟ 'ਤੇ ਨਵੇਂ ਵਸੇ ਨਾਈਸ ਸ਼ਹਿਰ ਵਿਚ ਫਰਾਂਸ ਦੇ ਵਿਸ਼ਵ ਕੱਪ ਫਾਈਨਲ ਵਿਚ ਪਹੁੰਚਣ ਦੀ ਖੁਸ਼ੀ ਵਿਚ ਕੀਤੀ ਜਾ ਰਹੀ ਆਤਿਸ਼ਬਾਜ਼ੀ ਦੌਰਾਨ ਮਚੀ ਭਾਜੜ 'ਚ 27 ਲੋਕ ਜ਼ਖ਼ਮੀ ਹੋ ਗਏ ਹਨ। ਜ਼ਿਆਦਾਤਰ ਲੋਕਾਂ ਨੂੰ ਕੱਚ ਟੁੱਟਣ ਨਾਲ ਸੱਟ ਲੱਗੀ ਅਤੇ ਕਈ ਭਾਜੜ ਦੌਰਾਨ ਡਿੱਗ ਕੇ ਜ਼ਖਮੀ ਹੋ ਗਏ। ਸਥਾਨਕ ਮੀਡੀਆ 'ਚ ਘਟਨਾ ਵਾਲੀ ਥਾਂ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਹੈਰਾਨ ਖੜ੍ਹੇ ਰਾਹਗੀਰ, ਪਲਟੀ ਹੋਈ ਟੇਬਲ ਅਤੇ ਕੁਰਸੀਆਂ, ਫਰਸ਼ 'ਤੇ ਕੱਚ ਦੇ ਟੁਕੜੇ ਨਜ਼ਰ ਆ ਰਹੇ ਹਨ। ਇਸ ਘਟਨਾ ਨੇ 2 ਸਾਲ ਪਹਿਲਾਂ ਸ਼ਹਿਰ ਵਿਚ ਹੋਏ ਆਈ. ਐੱਸ. ਅੱਤਵਾਦੀ ਹਮਲੇ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ, ਜਦੋਂ ਇਕ ਰੈਫਰੀਜਿਰੇਟ ਟਰੱਕ ਨੂੰ ਅੱਤਵਾਦੀ ਹਮਲਾਵਰ ਨੇ ਬਾਸਿਲੇ ਡੇ ਦੇ ਦਿਨ ਭੀੜ 'ਤੇ ਚੜ੍ਹਾ ਦਿੱਤਾ ਸੀ, ਜਿਸ ਵਿਚ ਕੁਚਲੇ ਜਾਣ ਨਾਲ 86 ਲੋਕਾਂ ਦੀ ਮੌਤ ਹੋ ਗਈ ਸੀ।
ਇਸ ਘਟਨਾ ਨੂੰ ਛੱਡ ਦਿੱਤਾ ਜਾਵੇ ਤਾਂ ਫਰਾਂਸ ਦੀ ਰਾਜਧਾਨੀ ਪੈਰਿਸ ਸਮੇਤ ਬਾਕੀ ਸ਼ਹਿਰਾਂ ਵਿਚ ਜੰਮ ਕੇ ਜਸ਼ਨ ਮਨਾਇਆ ਗਿਆ। ਆਪਣੇ ਦੇਸ਼ ਦੇ ਝੰਡੇ ਵਿਚ ਲਿਪਟੇ ਪ੍ਰਸ਼ੰਸਕਾਂ ਨੇ ਸੜਕਾਂ 'ਤੇ ਜਮ੍ਹਾ ਹੋ ਕੇ ਕਾਰਾਂ ਦੇ ਹਾਰਨ ਵਜਾਏ ਅਤੇ ਜਸ਼ਨ ਮਨਾਉਣ ਵਿਚ ਕੋਈ ਕਸਰ ਨਹੀਂ ਛੱਡੀ। ਸੇਨ ਨਹਿਰ ਦੇ ਤੱਟ 'ਤੇ ਸਿਟੀ ਹਾਲ ਦੇ ਬਾਹਰ ਫੈਨ ਜ਼ੋਨ ਵਿਚ ਸਮਰਥਕਾਂ ਨੇ ਇਕ-ਦੂਸਰੇ ਨੂੰ ਗਲ਼ੇ ਲਾਇਆ ਅਤੇ ਹਵਾ ਵਿਚ ਰੰਗ-ਬਿਰੰਗਾ ਧੂੰਆਂ ਛੱਡਿਆ। ਪੈਰਿਸ ਦੀ ਮੁੱਖ ਸ਼ਾਪਿੰਗ ਸਟਰੀਟ ਚੈਂਪਸ ਏਲੀਸੇਸ 'ਤੇ ਹਜ਼ਾਰਾਂ ਲੋਕ ਜਮ੍ਹਾ ਹੋ ਗਏ, ਜਿਸ ਤੋਂ ਬਾਅਦ ਤਾਂ ਬਾਰ, ਕੈਫੇ ਅਤੇ ਰੈਸਟੋਰੈਂਟਾਂ ਵਿਚ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਸੀ, ਜਿਨ੍ਹਾਂ ਨੇ ਇਸ ਵਾਰ ਬੰਪਰ ਕਮਾਈ ਕੀਤੀ। ਹਰ ਪਾਸੇ ਇਹੀ ਆਵਾਜ਼ ਆ ਰਹੀ ਸੀ ਕਿ 'ਅਸੀਂ ਫਾਈਨਲ 'ਚ ਪਹੁੰਚ ਗਏ ਹਾਂ।'