ਆਸਟਰੇਲੀਆਈ ਕ੍ਰਿਕਟ ਨੂੰ ਸਮਿਥ ਦੀ ਜ਼ਰੂਰਤ : ਵਾ

09/18/2018 3:59:11 PM

ਸਿਡਨੀ— ਸਾਬਕਾ ਕਪਤਾਨ ਸਟੀਵ ਵਾ ਨੇ ਅੱਜ ਕਿਹਾ ਕਿ ਆਸਟਰੇਲੀਆਈ ਕ੍ਰਿਕਟ ਨੂੰ ਦਾਗੀ ਸਾਬਕਾ ਕਪਤਾਨ ਸਟੀਵ ਸਮਿਥ ਦੀ ਜ਼ਰੂਰਤ ਹੈ ਅਤੇ ਪੂਰੀ ਸੰਭਾਵਨਾ ਹੈ ਕਿ ਖੁਲ੍ਹੇ ਦਿਲ ਨਾਲ ਉਸ ਦਾ ਸਵਾਗਤ ਕੀਤਾ ਜਾਵੇਗਾ ਪਰ ਡੇਵਿਡ ਵਾਰਨਰ ਲਈ ਰਾਹ ਮੁਸ਼ਕਲ ਹੋ ਸਕਦੀ ਹੈ। ਮਾਰਚ 'ਚ ਦੱਖਣੀ ਅਫਰੀਕਾ 'ਚ ਗੇਂਦ ਨਾਲ ਛੇੜਛਾੜ ਮਾਮਲੇ 'ਚ ਭੂਮਿਕਾ ਦੇ ਕਾਰਨ ਇਨ੍ਹਾਂ ਦੋਹਾਂ 'ਤੇ ਕੌਮਾਂਤਰੀ ਅਤੇ ਰਾਜ ਕ੍ਰਿਕਟ ਤੋਂ ਇਕ-ਇਕ ਸਾਲ ਲਈ ਪਾਬੰਦੀ ਲਗਾ ਦਿੱਤੀ ਗਈ ਸੀ ਜਦਕਿ ਸਲਾਮੀ ਬੱਲੇਬਾਜ਼ ਕੈਮਰਨ ਬੇਨਕਰਾਫਟ 'ਤੇ 9 ਮਹੀਨਿਆਂ ਲਈ ਪਾਬੰਦੀ ਲਗਾਈ ਗਈ ਹੈ। 

ਵਾ ਨੇ 64 ਟੈਸਟ ਖੇਡ ਚੁੱਕੇ ਸਮਿਥ ਦੇ ਸੰਦਰਭ 'ਚ ਪੱਤਰਕਾਰਾਂ ਨੂੰ ਕਿਹਾ, ''ਸਾਨੂੰ ਆਸਟਰੇਲੀਆਈ ਕ੍ਰਿਕਟ 'ਚ ਉਸ ਦੀ ਵਾਪਸੀ ਦੀ ਜ਼ਰੂਰਤ ਹੈ।'' ਉਨ੍ਹਾਂ ਕਿਹਾ, ''ਤੁਸੀਂ ਰਾਤੋ-ਰਾਤ ਵੱਡੇ ਪੱਧਰ ਦੇ ਖਿਡਾਰੀ ਨੂੰ ਗੁਆ ਕੇ ਉਸ ਦੇ ਬਦਲ ਦੀ ਉਮੀਦ ਨਹੀਂ ਕਰ ਸਕਦੇ ਅਤੇ ਉਹ ਅਜੇ ਵੀ ਯੁਵਾ ਹੈ।'' ਇਨ੍ਹਾਂ ਤਿੰਨਾਂ ਖਿਡਾਰੀਆਂ ਨੇ ਇਸ ਮਾਮਲੇ 'ਚ ਆਪਣੀ ਭੂਮਿਕਾ ਸਵੀਕਾਰ ਕੀਤੀ ਸੀ। ਵਾ ਨੇ ਕਿਹਾ ਕਿ ਪ੍ਰਸ਼ੰਸਕ ਅਜੇ ਵੀ ਉਸ ਨੂੰ ਚਾਹੁੰਦੇ ਹਨ।'' ਇਸ ਸਾਬਕਾ ਕਪਤਾਨ ਨੇ ਕਿਹਾ, ''ਆਸਟਰੇਲੀਆ ਦੀ ਜਨਤਾ ਮੁਆਫ ਕਰਨ ਵਾਲੀ ਹੈ। ਉਸ ਨੇ (ਸਮਿਥ ਨੇ) ਗਲਤੀ ਕੀਤੀ ਅਤੇ ਇਸ ਲਈ ਵੱਡੀ ਕੀਮਤ ਵੀ ਚੁਕਾਈ।'' ਵਾ ਨੇ ਕਿਹਾ ਕਿ ਵਾਰਨਰ ਲਈ ਵਾਪਸੀ ਕਰਨਾ ਆਸਾਨ ਨਹੀਂ ਹੋਵੇਗਾ ਪਰ ਉਨ੍ਹਾਂ ਨਾਲ ਹੀ ਉਮੀਦ ਜਤਾਈ ਕਿ ਇਸ ਸਲਾਮੀ ਬੱਲੇਬਾਜ਼ ਨੂੰ ਵੀ ਦੂਜਾ ਮੌਕਾ ਮਿਲੇਗਾ।