ਘਰ ''ਚ ਰਹੋ ਤੇ ਸਿਰਫ ਟੀ. ਵੀ. ਨਾ ਦੇਖੋ, ਉਸਾਰੂ ਕੰਮ ਵੀ ਕਰੋ

04/01/2020 2:28:33 AM

ਨਾਸਿਕ (ਨਿਕਲੇਸ਼ ਜੈਨ)- ਭਾਰਤ ਦਾ ਨੰਬਰ-2 ਸ਼ਤਰੰਜ ਖਿਡਾਰੀ ਵਿਦਿਤ ਗੁਜਰਾਤੀ ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਕਾਰਣ ਬਾਕੀ ਲੋਕਾਂ ਵਾਂਗ ਆਪਣੇ ਘਰ 'ਚ ਹੈ। ਜਦੋਂ 'ਜਗ ਬਾਣੀ' ਨੇ ਉਸ ਨਾਲ ਗੱਲਬਾਤ ਕੀਤੀ ਤਾਂ ਉਸ ਤੋਂ ਜਾਣਿਆ ਕਿ ਵਿਸ਼ਵਨਾਥਨ ਆਨੰਦ ਦੇ ਉੱਤਰਾਧਿਕਾਰੀ ਵਜੋਂ ਦੇਖੇ ਜਾ ਰਹੇ ਇਸ ਨੌਜਵਾਨ ਖਿਡਾਰੀ ਦੇ ਦਿਨ ਕਿਹੋ ਜਿਹੇ ਬਤੀਤ ਹੋ ਰਹੇ ਹਨ। ਵਿਦਿਤ ਨੇ ਸਾਰਿਆਂ ਨੂੰ ਇਸ ਮੌਕੇ 'ਤੇ ਘਰ 'ਚ ਹੀ ਰਹਿ ਕੇ ਉਸਾਰੂ ਕੰਮ ਕਰਨ ਦੀ ਅਪੀਲ ਵੀ ਕੀਤੀ।
ਸਵਾਲ : ਇਸ ਸਮੇਂ ਟੂਰਨਾਮੈਂਟ ਨਹੀਂ ਹੋ ਰਹੇ ਹਨ ਤਾਂ ਤੁਸੀਂ ਕੀ ਕਰ ਰਹੇ ਹੋ?
ਉੱਤਰ : ਦਰਅਸਲ ਕੋਰੋਨਾ ਦੇ ਫੈਲਣ ਤੋਂ ਪਹਿਲਾਂ ਲਗਾਤਾਰ ਟੂਰਨਾਮੈਂਟ ਖੇਡ ਰਿਹਾ ਸੀ ਤੇ ਲਗਭਗ ਹਰ ਹਫਤੇ ਮੈਨੂੰ ਸਫਰ ਕਰਨਾ ਪੈ ਰਿਹਾ ਸੀ, ਜਿਹੜਾ ਕਾਫੀ ਥਕਾ ਦੇਣ ਵਾਲਾ ਪ੍ਰੋਗਰਾਮ ਸੀ। ਲਾਕਡਾਊਨ ਦੀ ਵਜ੍ਹਾ ਨਾਲ ਹੁਣ ਮੈਨੂੰ ਥੋੜ੍ਹਾ ਸਮਾਂ ਆਰਾਮ ਕਰਨ ਨੂੰ ਮਿਲਿਆ ਹੈ। ਹਮੇਸ਼ਾ ਤੁਹਾਡੇ ਕੋਲ ਆਪਣੇ ਸ਼ੌਕ ਪੂਰੇ ਕਰਨ ਦਾ ਸਮਾਂ ਨਹੀਂ ਹੁੰਦਾ ਤੇ ਇਸ ਸਮੇਂ ਮੈਂ ਆਪਣੇ ਸ਼ੌਕ ਵੀ ਪੂਰੇ ਕਰ ਰਿਹਾ ਹਾਂ, ਜਿਵੇਂ ਨਵੇਂ-ਨਵੇਂ ਤਰੀਕਿਆਂ ਨਾਲ ਕਸਰਤ ਕਰਨੀ ਤੇ ਕਿਤਾਬਾਂ ਪੜ੍ਹਨਾ, ਪਰਿਵਾਰ  ਨਾਲ ਸਮਾਂ ਬਿਤਾਉਣਾ।
ਸਵਾਲ : ਤੁਹਾਨੂੰ ਕੀ ਲੱਗਦਾ ਹੈ ਕਿ ਬੱਚਿਆਂ ਨੂੰ ਇਸ ਸਮੇਂ ਸ਼ਤਰੰਜ ਖੇਡਣੀ ਚਾਹੀਦੀ ?
ਉੱਤਰ : ਸ਼ਤਰੰਜ ਇਕ ਅਜਿਹੀ ਖੇਡ ਹੈ, ਜਿਸ ਨੂੰ ਤੁਸੀਂ ਘਰ 'ਤੇ ਆਨਲਾਈਨ ਖੇਡ ਸਕਦੇ ਹੋ। ਬੱਚਿਆਂ ਲਈ ਇਹ ਖੇਡ ਸ਼ਾਨਦਾਰ ਹੈ। ਉਨ੍ਹਾਂ ਦੇ ਦਿਮਾਗ ਨੂੰ ਰੁੱਝੇ ਰੱਖਣ ਲਈ, ਨਾਲ ਹੀ ਬੱਚਿਆਂ ਨੂੰ ਇਸ ਸਮੇਂ ਕੁਝ ਉਸਾਰੂ ਕੰਮ ਸਿੱਖਣੇ ਚਾਹੀਦੇ ਹਨ, ਜਿਸ ਨਾਲ ਉਨ੍ਹਾਂ ਨੂੰ ਕੁਝ ਫਾਇਦਾ ਹੋਵੇ, ਜੇਕਰ ਅਸੀਂ ਸਿਰਫ ਟੀ. ਵੀ. ਦੇਖਣ ਵਿਚ ਸਮਾਂ ਗੁਆਇਆ ਤਾਂ ਉਸਦਾ ਸਾਨੂੰ ਕੁਝ ਫਾਇਦਾ ਨਹੀਂ ਮਿਲੇਗਾ।
 

Gurdeep Singh

This news is Content Editor Gurdeep Singh