ਸਟਾਰਕ ਦੀ ਤੂਫਾਨੀ ਗੇਂਦਬਾਜ਼ੀ ਸਾਹਮਣੇ ਸ਼੍ਰੀਲੰਕਾ ਹੋਇਆ ਢੇਰ

02/04/2019 1:52:22 PM

ਕੈਨਬਰਾ : ਮਿਸ਼ੇਲ ਸਟਾਰਕ ਦੀਆਂ 5 ਵਿਕਟਾਂ ਦੀ ਬਦੌਲਤ ਆਸਟਰੇਲੀਆ ਨੇ ਦੂਜੇ ਟੈਸਟ ਵਿਚ ਸ਼੍ਰੀਲੰਕਾ ਨੂੰ 366 ਦੌੜਾਂ ਨਾਲ ਹਰਾ ਕੇ 2 ਮੈਚਾਂ ਦੀ ਸੀਰੀਜ਼ 2-0 ਨਾਲ ਆਪਣੇ ਨਾਂ ਕਰ ਲਈ। ਆਸਟਰੇਲੀਆ ਦੇ 516 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਨੇ ਚੌਥੇ ਦਿਨ ਦੀ ਸ਼ੁਰੂਆਤ ਬਿਨਾ ਵਿਕਟ ਗੁਆਏ 17 ਦੌੜਾਂ ਤੋਂ ਕੀਤੀ ਅਤੇ ਪੂਰੀ ਟੀਮ ਸਿਰਫ 149 ਦੌੜਾਂ 'ਤੇ ਢੇਰ ਹੋ ਗਈ। ਸਟਾਰਕ ਨੇ ਦੂਜੀ ਪਾਰੀ ਵਿਚ 46 ਦੌੜਾਂ ਦੇ ਕੇ 5 ਵਿਕਟਾਂ ਅਤੇ ਮੈਚ ਵਿਚ 100 ਦੌੜਾਂ ਦੇ ਕੇ 10 ਵਿਕਟਾਂ ਹਾਸਲ ਕੀਤੀਆਂ, ਜਿਸਦੇ ਲਈ ਉਸ ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ। ਪੈਟ ਕਮਿੰਸ ਨੇ ਵੀ ਸਟਰਾਕ ਦਾ ਚੰਗਾ ਸਾਥ ਦਿੱਤਾ ਅਤੇ 15 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਰਿਚਰਡਸਨ ਅਤੇ ਮਾਰਨਸ ਲਾਬੁਸ਼ੇਨ ਨੂੰ 1-1 ਵਿਕਟ ਮਿਲੀ। ਸ਼੍ਰੀਲੰਕਾ ਵਲੋਂ ਕੁਸਾਲ ਮੈਂਡਿਸ ਨੇ ਸਭ ਤੋਂ ਵੱਧ 42 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਲਾਹਿਰੂ ਥਿਰਿਮਾਨੇ 30 ਦੌੜਾਂ ਦੇ ਅੰਕੜੇ ਨੂੰ ਛੂਹ ਸਕੇ।

ਆਸਟਰੇਲੀਆ ਨੇ ਪਹਿਲੀ ਪਾਰੀ ਵਿਚ 5 ਵਿਕਟਾਂ ਗੁਆ ਕੇ 543 ਦੌੜਾਂ ਬਣਾਉਣ ਤੋਂ ਬਾਅਦ ਪਾਰੀ ਐਲਾਨੀ ਸੀ ਜਿਸ ਦੇ ਜਵਾਬ 'ਚ ਸ਼੍ਰੀਲੰਕਾ 215 ਦੌੜਾਂ 'ਤੇ ਢੇਰ ਹੋ ਗਈ। ਆਸਟਰੇਲੀਆ ਨੇ ਦੂਜੀ ਪਾਰੀ ਵਿਚ 3 ਵਿਕਟ 'ਤੇ 196 ਦੌੜਾਂ ਬਣਾ ਕੇ ਐਲਾਨ ਕਰਦਿਆਂ ਸ਼੍ਰੀਲੰਕਾ ਨੂੰ 516 ਦੌੜਾਂ ਦਾ ਟੀਚਾ ਦਿੱਤਾ। ਆਸਟਰੇਲੀਆ ਨੇ ਪਹਿਲਾ ਟੈਸਟ ਪਾਰੀ ਅਤੇ 40 ਦੌੜਾਂ ਨਾਲ ਜਿੱਤਿਆ ਸੀ।