ਰੂਟ ਦਾ ਸੈਂਕੜਾ, ਏਂਬੂਲਡੇਨੀਆ ਦੀਆਂ 7 ਵਿਕਟਾਂ ਨਾਲ ਸ਼੍ਰੀਲੰਕਾ ਬੜ੍ਹਤ ਲੈਣ ਦੇ ਨੇੜੇ

01/24/2021 8:28:56 PM

ਗਾਲੇ– ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਉਪ ਮਹਾਦੀਪ ਵਿਚ ਸਪਿਨਰਾਂ ਦੇ ਅਨੁਕੂਲ ਪਿੱਚਾਂ ’ਤੇ ਖੇਡਣ ਦੀ ਆਪਣੀ ਮਹਾਰਤ ਦਾ ਇਕ ਹੋਰ ਚੰਗਾ ਨਮੂਨਾ ਪੇਸ਼ ਕਰਕੇ ਐਤਵਾਰ ਨੂੰ ਇੱਥੇ ਸੈਂਕੜਾ ਲਾਇਆ ਪਰ ਲੇਸਿਥ ਏਂਬੂਲਡੇਨੀਆ ਨੇ 7 ਵਿਕਟਾਂ ਲੈ ਕੇ ਦੂਜੇ ਟੈਸਟ ਕ੍ਰਿਕਟ ਮੈਚ ਦੀ ਪਹਿਲੀ ਪਾਰੀ ਵਿਚ ਬੜ੍ਹਤ ਹਾਸਲ ਕਰਨ ਦੀ ਸ਼੍ਰੀਲੰਕਾ ਦੀਆਂ ਉਮੀਦਾਂ ਬਰਕਰਾਰ ਰੱਖੀਆਂ। ਇੰਗਲੈਂਡ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ 9 ਵਿਕਟਾਂ ’ਤੇ 339 ਦੌੜਾਂ ਬਣਾਈਆਂ ਸਨ ਤੇ ਉਹ ਸ਼੍ਰੀਲੰਕਾ ਤੋਂ ਅਜੇ 42 ਦੌੜਾਂ ਪਿੱਛੇ ਹੈ, ਜਿਸ ਨੇ ਆਪਣੀ ਪਹਿਲੀ ਪਾਰੀ ਵਿਚ 381 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ।



ਪਹਿਲੇ ਟੈਸਟ ਮੈਚ ਵਿਚ 228 ਦੌੜਾਂ ਦੀ ਪਾਰੀ ਖੇਡਣ ਵਾਲਾ ਰੂਟ ਆਖਰੀ ਪਲਾਂ ਵਿਚ ਰਨ ਆਊਟ ਹੋਣ ਕਾਰਣ ਲਗਾਤਾਰ ਦੂਜਾ ਦੋਹਰਾ ਸੈਂਕੜਾ ਲਾਉਣ ਤੋਂ ਖੁੰਝ ਗਿਆ ਪਰ ਉਸਦੀ 186 ਦੌੜਾਂ ਦੀ ਪਾਰੀ ਇੰਗਲੈਂਡ ਵਲੋਂ ਮੁੱਖ ਖਿੱਚ ਦਾ ਕੇਂਦਰ ਰਹੀ। ਉਸ ਨੇ 309 ਗੇਂਦਾਂ ਖੇਡੀਆਂ ਤੇ 18 ਚੌਕੇ ਲਾਏ। ਰੂਟ ਦੇ ਆਊਟ ਹੋਣ ਤੋਂ ਬਾਅਦ ਦਿਨ ਦੀ ਖੇਡ ਖਤਮ ਕਰ ਦਿੱਤੀ ਗਈ।


ਖੱਬੇ ਹੱਥ ਦੇ ਸਪਿਨਰ ਏਂਬੂਲਡੇਨੀਆ ਨੇ 132 ਦੌੜਾਂ ਦੇ ਕੇ 7 ਵਿਕਟਾਂ ਹਾਸਲ ਕੀਤੀਆਂ। ਉਸ ਨੇ ਇਕ ਪਾਸੇ ਤੋਂ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੰਭਾਲੀ ਤੇ ਰੂਟ ਨੂੰ ਛੱਡ ਕੇ ਬਾਕੀ ਬੱਲੇਬਾਜ਼ਾਂ ਨੂੰ ਦਬਾਅ ਵਿਚ ਰੱਖਿਆ। ਰੂਟ ਨੇ ਆਪਣਾ 19ਵਾਂ ਟੈਸਟ ਸੈਂਕੜਾ ਲਾਇਆ। ਇੰਗਲੈਂਡ ਨੇ ਸ਼ਨੀਵਾਰ ਨੂੰ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ 2 ਵਿਕਟਾਂ ’ਤੇ 98 ਦੌੜਾਂ ਬਣਾਈਆਂ ਸਨ ਤੇ ਤਦ ਰੂਟ 67 ਦੌੜਾਂ ਬਣਾ ਕੇ ਖੇਡ ਰਿਹਾ ਸੀ। ਇੰਗਲੈਂਡ ਪਹਿਲਾ ਟੈਸਟ ਮੈਚ 7 ਵਿਕਟਾਂ ਨਾਲ ਜਿੱਤ ਕੇ ਲੜੀ ਵਿਚ 1-0 ਨਾਲ ਅੱਗੇ ਚੱਲ ਰਿਹਾ ਹੈ।


ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh