ਸ਼੍ਰੀਲੰਕਾ ਦੌਰੇ ਨਾਲ ਹੀ ਸ਼ੁਰੂ ਹੋਇਆ ਸੀ ਵਿਰਾਟ ਯੁੱਗ

07/19/2017 4:57:22 AM

ਨਵੀਂ ਦਿੱਲੀ— ਮਹਿੰਦਰ ਸਿੰਘ ਧੋਨੀ ਦੇ 2014-15 'ਚ ਆਸਟ੍ਰੇਲੀਆ ਦੌਰੇ 'ਤੇ ਵਿਚਾਲੇ ਹੀ ਟੈਸਟ ਕਪਤਾਨੀ ਛੱਡ ਦੇਣ ਤੋਂ ਬਾਅਦ ਵਿਰਾਟ ਕੋਹਲੀ ਨੇ ਭਾਰਤੀ ਟੀਮ ਦੀ ਕਪਤਾਨੀ ਸੰਭਾਲੀ ਸੀ ਤੇ 2015 'ਚ ਸ਼੍ਰੀਲੰਕਾ ਦੌਰੇ ਨਾਲ ਭਾਰਤੀ ਕ੍ਰਿਕਟ ਦਾ ਵਿਰਾਟ ਯੁੱਗ ਸ਼ੁਰੂ ਹੋਇਆ ਸੀ।
ਭਾਰਤੀ ਟੀਮ 2015 'ਚ ਅਗਸਤ ਵਿਚ ਸ਼੍ਰੀਲੰਕਾ ਪਹੁੰਚੀ ਸੀ। ਧੋਨੀ ਦੇ ਟੈਸਟ ਕਪਤਾਨੀ ਤੋਂ ਅਸਤੀਫੇ ਤੇ ਟੈਸਟ ਕ੍ਰਿਕਟ ਤੋਂ ਸੰਨਿਆਸ ਤੋਂ ਬਾਅਦ ਭਾਰਤੀ ਟੀਮ ਨਵੇਂ ਦੌਰ 'ਚੋਂ ਲੰਘ ਰਹੀ ਸੀ ਤੇ ਸ਼੍ਰੀਲੰਕਾ ਦੌਰੇ 'ਚ ਉਸ ਦੀ ਸਖਤ ਪ੍ਰੀਖਿਆ ਹੋਣੀ ਸੀ। ਭਾਰਤ ਗਾਲੇ 'ਚ ਪਹਿਲੇ ਟੈਸਟ ਵਿਚ 176 ਦੌੜਾਂ ਦੇ ਮਾਮੂਲੀ ਟੀਚੇ ਦਾ ਪਿੱਛਾ ਕਰਦਿਆਂ 112 ਦੌੜਾਂ 'ਤੇ ਢੇਰ ਹੋ ਕੇ ਇਹ ਮੈਚ ਹਾਰ ਗਿਆ ਸੀ ਪਰ ਭਾਰਤ ਨੇ ਵਾਪਸੀ ਕਰਦਿਆਂ ਦੂਜਾ ਟੈਸਟ 278 ਦੌੜਾਂ ਨਾਲ ਤੇ ਤੀਜਾ ਟੈਸਟ 117 ਦੌੜਾਂ ਨਾਲ ਜਿੱਤ ਕੇ ਲੜੀ 2-1 ਨਾਲ ਆਪਣੇ ਨਾਂ ਕਰ ਲਈ ਸੀ।
ਇਹ ਉਹੀ ਸਮਾਂ ਸੀ, ਜਦੋਂ ਭਾਰਤੀ ਕ੍ਰਿਕਟ 'ਚ ਵਿਰਾਟ ਯੁੱਗ ਦੀ ਸ਼ੁਰੂਆਤ ਹੋ ਗਈ ਸੀ। ਭਾਰਤ ਨੇ ਇਸ ਤੋਂ ਬਾਅਦ ਦੱਖਣੀ ਅਫਰੀਕਾ ਨੂੰ 3-0 ਨਾਲ, ਵੈਸਟਇੰਡੀਜ਼ ਨੂੰ 2-0, ਨਿਊਜ਼ੀਲੈਂਡ ਨੂੰ 3-0 ਨਾਲ, ਇੰਗਲੈਂਡ ਨੂੰ 4-0 ਨਾਲ, ਬੰਗਲਾਦੇਸ਼ ਨੂੰ 1-0 ਨਾਲ ਤੇ ਆਸਟ੍ਰੇਲੀਆ ਨੂੰ 2-1 ਨਾਲ ਹਰਾ ਕੇ ਲਗਾਤਾਰ ਸੱਤਵੀਂ ਟੈਸਟ ਸੀਰੀਜ਼ ਜਿੱਤ ਦਰਜ ਕੀਤੀ ਤੇ ਦੁਨੀਆ ਦੀ ਨੰਬਰ ਇਕ ਟੈਸਟ ਟੀਮ ਬਣ ਗਈ।
ਭਾਰਤ ਇਸੇ ਦਬਦਬੇ ਨੂੰ ਬਰਕਰਾਰ ਰੱਖਣ ਹੁਣ ਸ਼੍ਰੀਲੰਕਾ ਵਿਰੁੱਧ ਉਤਰੇਗਾ। ਭਾਰਤੀ ਟੀਮ ਸ਼੍ਰੀਲੰਕਾ ਦੌਰੇ 'ਤੇ 19 ਜੁਲਾਈ ਨੂੰ ਜਾਵੇਗੀ, ਜਿਥੇ ਉਸ ਨੇ ਤਿੰਨ ਟੈਸਟ, ਪੰਜ ਵਨ ਡੇ ਤੇ ਇਕ ਟੀ-20 ਮੈਚ ਖੇਡਣਾ ਹੈ। ਸੀਰੀਜ਼ ਦਾ ਪਹਿਲਾ ਟੈਸਟ ਗਾਲੇ 'ਚ 26 ਜੁਲਾਈ ਤੋਂ ਸ਼ੁਰੂ ਹੋਵੇਗਾ।
ਵਿਰਾਟ ਆਪਣੀ ਕਪਤਾਨੀ ਵਿਚ ਹੁਣ ਤਕ 26 ਟੈਸਟਾਂ 'ਚੋਂ 16 ਮੈਚ ਜਿੱਤ ਕੇ ਤੀਜਾ ਸਭ ਤੋਂ ਸਫਲ ਕਪਤਾਨ ਬਣ ਚੁੱਕਾ ਹੈ। ਉਸ ਤੋਂ ਅੱਗੇ ਸੌਰਭ ਗਾਂਗੁਲੀ (31 ਜਿੱਤ) ਤੇ ਧੋਨੀ (27 ਜਿੱਤ) ਹੈ।