ਆਬਿਦ ਦਾ ਰਿਕਾਰਡ ਡੈਬਿਊ ਸੈਂਕੜਾ, ਸ਼੍ਰੀਲੰਕਾ-ਪਾਕਿ ਟੈਸਟ ਡਰਾਅ

12/15/2019 6:19:36 PM

ਰਾਵਲਪਿੰਡੀ : ਪਾਕਿਸਤਾਨ ਤੇ ਸ਼੍ਰੀਲੰਕਾ ਵਿਚਾਲੇ ਪਹਿਲੇ ਕ੍ਰਿਕਟ ਟੈਸਟ ਵਿਚ ਚਾਰ ਦਿਨ ਦੇ ਮੀਂਹ ਤੋਂ ਬਾਅਦ ਐਤਵਾਰ ਨੂੰ ਪੰਜਵੇਂ ਤੇ ਆਖਰੀ ਦਿਨ ਪੂਰੀ ਖੇਡ ਹੋਈ, ਜਿਸ ਵਿਚ ਪਾਕਿਸਤਾਨ ਨੇ ਬੱਲੇਬਾਜ਼ਾਂ ਆਬਿਦ ਅਲੀ ਤੇ ਬਾਬਰ ਆਜਮ ਨੇ ਸੈਂਕੜੇ ਲਾਏ। ਮੈਚ ਡਰਾਅ ਖਤਮ ਹੋਇਆ। ਆਬਿਦ ਨੇ ਇਸ ਤਰ੍ਹਾਂ ਡੈਬਿਊ ਟੈਸਟ ਵਿਚ ਸੈਂਕੜਾ ਬਣਾਉਣ ਦੀ ਉਪਲੱਬਧੀ ਹਾਸਲ ਕੀਤੀ। ਭਾਰੀ ਸੁਰੱਖਿਆ ਵਿਚਾਲੇ ਕਰਵਾਈ ਜਾ ਰਹੀ ਦੋ ਟੈਸਟਾਂ ਦੀ ਇਸ ਸੀਰੀਜ਼ ਦਾ ਪਹਿਲਾ ਟੈਸਟ ਲਗਾਤਾਰ 4 ਦਿਨ ਮੀਂਹ ਤੋਂ ਪ੍ਰਭਾਵਿਤ ਰਿਹਾ ਪਰ ਪੰਜਵੇਂ ਦਿਨ ਦਰਸ਼ਕਾਂ ਦਾ ਇੰਤਜ਼ਾਰ ਖਤਮ ਹੋਇਆ ਤੇ ਉਨ੍ਹਾਂ ਨੂੰ ਪੂਰੇ ਦਿਨ ਦੀ ਖੇਡ ਦੇਖਣ ਨੂੰ ਮਿਲੀ।

ਸ਼੍ਰੀਲੰਕਾ ਨੇ ਪਹਿਲੀ ਪਾਰੀ ਵਿਚ 6 ਵਿਕਟਾਂ 'ਤੇ 282 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਆਪਣੀ ਪਹਿਲੀ ਪਾਰੀ 6 ਵਿਕਟਾਂ 'ਤੇ 308 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ। ਧਨੰਜਯ ਡਿਸਲਿਵਾ ਨੇ 87 ਤੇ ਦਿਲੁਰਬਾਨ ਪਰੇਰਾ ਨੇ 6 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ। ਡੀ ਸਿਲਵਾ ਨੇ ਆਪਣਾ ਸੈਂਕੜਾ ਪੂਰਾ ਕੀਤਾ ਤੇ 166 ਗੇਂਦਾਂ ਵਿਚ 15 ਚੌਕਿਆ ਦੀ ਮਦਦ ਨਾਲ 102 ਦੌੜਾਂ ਬਣਾ ਕੇ ਅਜੇਤੂ ਰਿਹਾ। ਡੀ ਸਿਲਵਾ ਦਾ ਇਹ ਛੇਵਾਂ ਸੈਂਕੜਾ ਸੀ। ਪਰੇਰਾ  16 ਦੌੜਾਂ 'ਤੇ ਅਜੇਤੂ ਰਿਹਾ। ਪਾਕਿਸਤਾਨ ਦੀ ਪਾਰੀ ਵਿਚ ਪਹਿਲੀ ਵਿਕਟ 3 ਤੇ ਦੂਜੀ ਵਿਕਟ 90 ਦੌੜਾਂ 'ਤੇ ਡਿੱਗਣ ਤੋਂ ਬਾਅਦ ਆਬਿਦ ਤੇ ਆਜਮ ਨੇ ਦੂਜੀ ਵਿਕਟ ਲਈ 162 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਆਬਿਦ ਨੇ 201 ਗੇਂਦਾਂ 'ਤੇ ਅਜੇਤੂ 109 ਦੌੜਾਂ ਵਿਚ 15 ਚੌਕੇ ਲਾਏ ਜਦਕਿ ਆਜਮ ਨੇ 128 ਗੇਂਦਾਂ 'ਤੇ ਅਜੇਤੂ 102 ਦੌੜਾਂ ਵਿਚ 14 ਚੌਕੇ ਲਾਏ। ਪਾਕਿਸਤਾਨ ਨੇ ਇਸ ਡਰਾਅ ਟੈਸਟ ਤੋਂ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਵਿਚ ਆਪਣਾ ਖਾਤਾ ਖੋਲਿਆ ਤੇ ਹੁਣ ਉਸਦੇ 20 ਅੰਕ ਹੋ ਗਏ ਹਨ ਜਦਕਿ ਸ਼੍ਰੀਲੰਕਾ  ਦੇ 80 ਅੰਕ ਹੋ ਗਏ ਹਨ ਤੇ ਉਹ ਅੰਕ ਸੂਚੀ ਵਿਚ ਤੀਜੇ ਸਥਾਨ 'ਤੇ ਪਹੁੰਚ ਗਈ ਹੈ।