Sports Wrap up 15 ਫਰਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

02/15/2019 10:51:42 PM

ਸਪੋਰਟਸ ਡੈੱਕਸ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਤੇ ਜਸਪ੍ਰੀਤ ਨੂੰ ਸੰਯੁਕਤ ਤੌਰ 'ਤੇ ਵੱਡਾ ਐਵਾਰਡ ਮਿਲਿਆ ਤੇ ਵਾਰਨ ਨੇ ਕੀਤੀ ਸ਼ਲਾਘਾ। ਤੁਰਕੀ 'ਚ ਮਹਿਲਾ ਕੱਪ ਫੁੱਟਬਾਲ ਖੇਡੇਗਾ ਭਾਰਤ। ਆਸਟਰੇਲੀਆ ਖਿਲਾਫ ਟੀਮ ਇੰਡੀਆ ਨੇ ਕੀਤਾ ਐਲਾਨ, ਕੇ.ਐੱਲ. ਰਾਹੁਲ ਦੀ ਹੋਈ ਵਾਪਸੀ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

ਵਿਰਾਟ-ਜਸਪ੍ਰੀਤ ਨੂੰ ਸੰਯੁਕਤ ਤੌਰ 'ਤੇ ਮਿਲਿਆ ਇਹ ਵੱਡਾ ਐਵਾਰਡ, ਵਾਰਨ ਨੇ ਕੀਤੀ ਸ਼ਲਾਘਾ


ਖੇਡ ਮੈਗਜ਼ੀਨ ਸਪੋਰਟਸਟਾਰ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸੰਯੁਕਤ ਤੌਰ 'ਤੇ 'ਸਪੋਰਟਸ ਮੈਨ ਆਫ ਦਿ ਈਅਰ' ਦੇ ਐਵਾਰਡ ਨਾਲ ਸਨਮਾਨਤ ਕੀਤਾ ਹੈ। ਸ਼ੇਨ ਵਾਰਨ ਨੇ ਵਿਰਾਟ ਕੋਹਲੀ ਅਤੇ ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਸ਼ਸ਼ਾਂਕ ਮਨੋਹਰ ਨੇ ਬੁਮਰਾਹ ਨੂੰ ਇਹ ਵਕਾਰੀ ਐਵਾਰਡ ਦਿੱਤਾ ਅਤੇ ਭਵਿੱਖ ਲਈ ਦੋਹਾਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

ਤੁਰਕੀ 'ਚ ਮਹਿਲਾ ਕੱਪ ਫੁੱਟਬਾਲ ਖੇਡੇਗਾ ਭਾਰਤ


ਭਾਰਤੀ ਸੀਨੀਅਰ ਮਹਿਲਾ ਫੁੱਟਬਾਲ ਟੀਮ ਤੁਰਕੀ 'ਚ 27 ਫਰਵਰੀ ਤੋਂ ਤੁਰਕੀ ਮਹਿਲਾ ਕੱਪ ਖੇਡੇਗੀ। ਭਾਰਤ ਨੂੰ ਗਰੁੱਪ ਏ 'ਚ ਰੋਮਾਨੀਆ, ਉਜ਼ਬੇਕਿਸਤਾਨ ਅਤੇ ਤੁਰਕਮੇਨਿਸਤਾਨ ਦੇ ਨਾਲ ਰਖਿਆ ਗਿਆ ਹੈ ਜਦਕਿ ਫਰਾਂਸ, ਜੋਰਡਨ, ਉੱਤਰੀ ਆਇਰਲੈਂਡ ਅਤੇ ਮੇਜ਼ਬਾਨ ਤੁਰਕੀ ਗਰੁੱਪ ਬੀ 'ਚ ਹੈ। 

ਸੱਟ ਕਾਰਨ ਸ਼ਾਰਾਪੋਵਾ ਇੰਡੀਅਨ ਵੇਲਸ ਤੋਂ ਹੋਈ ਬਾਹਰ


ਦੁਨੀਆ ਦੀ ਸਾਬਕਾ ਨੰਬਰ ਇਕ ਟੈਨਿਸ ਖਿਡਾਰਨ ਰੂਸ ਦੀ ਮਾਰੀਆ ਸ਼ਾਰਾਪੋਵਾ ਨੂੰ ਵੱਡਾ ਝਟਕਾ ਲੱਗਾ ਹੈ। ਸੱਟ ਕਾਰਨ ਸ਼ਾਰਾਪੋਵਾ ਨੂੰ ਅਗਲੇ ਮਹੀਨੇ ਕੈਲੀਫੋਰਨੀਆ 'ਚ ਹੋਣ ਵਾਲੇ ਟੂਰਨਾਮੈਂਟ ਡਬਲਿਊ.ਟੀ.ਏ. ਇੰਡੀਅਨ ਵੇਲਸ ਤੋਂ ਮਜਬੂਰਨ ਬਾਹਰ ਹੋਣਾ ਪਿਆ। ਲੰਬੇ ਸਮੇਂ ਤੋਂ ਮੋਢੇ ਦੀ ਸੱਟ ਨਾਲ ਜੂਝ ਰਹੀ ਸ਼ਾਰਾਪੋਵਾ ਨੂੰ ਪਿਛਲੇ ਮਹੀਨੇ ਸੇਂਟ ਪੀਟਰਸਬਰਗ 'ਚ ਹੋਏ ਟੂਰਨਾਮੈਂਟ ਤੋਂ ਵੀ ਬਾਹਰ ਹੋਣਾ ਪਿਆ ਸੀ।

ਇੰਡੀਆ ਏ ਨੇ ਇੰਗਲੈਂਡ ਲਾਇੰਸ ਨੂੰ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜ਼ਾ


ਲੈੱਗ ਸਪਿਨਰ ਮਯੰਕ ਮਾਰਕੰਡੇਯ ਦੇ ਪੰਜ ਵਿਕਟਾਂ ਸਮੇਤ ਹੌਲੀ ਰਫਤਾਰ ਦੀ ਗੇਂਦਬਾਜ਼ੀ ਦੇ ਸ਼ਾਨਦਾਰ ਪ੍ਰਦਰਸਨ ਨਾਲ ਭਾਰਤ ਏ ਨੇ ਸ਼ੁੱਕਰਵਾਰ ਨੂੰ ਇੰਗਲੈਂਡ ਲਾਇੰਸ ਨੂੰ ਦੂਜੇ ਅਣਅਧਿਕਾਰਤ ਟੈਸਟ 'ਚ ਪਾਰੀ ਅਤੇ 68 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਦੋ ਮੈਚਾਂ ਦੀ ਸੀਰੀਜ਼ 1-0 ਨਾਲ ਆਪਣੇ ਨਾਂ ਕੀਤੀ।

ਸੋਨੀਆ, ਲਵਲੀਨਾ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ


ਵਿਸ਼ਵ ਚੈਂਪੀਅਨਸ਼ਿਪ ਦੀ ਸਾਬਕਾ ਚਾਂਦੀ ਤਮਗਾ ਜੇਤੂ ਸੋਨੀਆ ਲਾਠੇਰ (57 ਕਿਲੋ) ਸਮੇਤ ਤਿੰਨ ਭਾਰਤੀ ਮਹਿਲਾ ਮੁੱਕੇਬਾਜ਼ ਬੁਲਗਾਰੀਆ 'ਚ ਚਲ ਰਹੇ 70ਵੇਂ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪਹੁੰਚ ਗਈਆਂ ਜਦਕਿ ਪੁਰਸ਼ ਵਰਗ 'ਚ ਭਾਰਤੀਆਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। 

ਵਿਹਾਰੀ ਦਾ ਵੱਡਾ ਸੈਂਕੜਾ, ਵਿਦਰਭ ਸਾਹਮਣੇ 280 ਦੌੜਾਂ ਦਾ ਟੀਚਾ


ਬਿਹਤਰੀਨ ਫਾਰਮ ਵਿਚ ਚੱਲ ਰਹੇ ਹਨੁਮਾ ਵਿਹਾਰੀ ਦੇ ਲਗਾਤਾਰ ਦੂਜੇ ਸੈਂਕੜੇ ਨਾਲ ਰੈਸਟ ਆਫ ਇੰਡੀਆ ਨੇ ਰਣਜੀ ਚੈਂਪੀਅਨ ਵਿਦਰਭ ਦੇ ਸਾਹਮਣੇ ਸ਼ੁੱਕਰਵਾਰ ਨੂੰ ਇੱਥੇ 280 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖਿਆ ਤੇ ਸ਼ੁਰੂ ਵਿਚ ਉਸ ਨੂੰ ਇਕ ਝਟਕਾ ਦੇ ਕੇ ਈਰਾਨੀ ਕੱਪ ਕ੍ਰਿਕਟ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਵਿਦਰਭ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤਕ ਇਕ ਵਿਕਟ 'ਤੇ 37 ਦੌੜਾਂ ਬਣਾਈਆਂ ਹਨ ਤੇ ਉਹ ਟੀਚੇ ਤੋਂ 243 ਦੌੜਾਂ ਪਿੱਛੇ ਹੈ। ਇਸ ਤੋਂ ਪਹਿਲਾਂ ਰੈਸਟ ਆਫ ਇੰਡੀਆ ਨੇ ਆਪਣੀ ਦੂਜੀ ਪਾਰੀ 3 ਵਿਕਟਾਂ 'ਤੇ 374 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ ਸੀ।

ਵਿਸ਼ਵ ਕੱਪ 2030 ਦੀ ਦਾਅਵੇਦਾਰੀ ਪੇਸ਼ ਕਰਨਗੇ ਅਰਜਨਟੀਨਾ, ਚਿਲੀ, ਪੈਰਾਗਵੇ ਤੇ ਉਰੂਗਵੇ


ਅਰਜਨਟੀਨਾ, ਚਿਲੀ, ਪੈਰਾਗਵੇ ਤੇ ਉਰੂਗਵੇ ਵਿਸ਼ਵ ਕੱਪ 2030 ਦੀ ਮੇਜ਼ਬਾਨੀ ਦੀ ਸਾਂਝੇ ਤੌਰ 'ਤੇ ਦਾਅਵੇਦਾਰੀ ਪੇਸ਼ ਕਰਨਗੇ। ਅਰਜਨਟੀਨਾ, ਪੈਰਾਗਵੇ ਤੇ ਉਰੂਗਵੇ ਪਹਿਲਾਂ ਹੀ ਸਾਂਝੇ ਤੌਰ 'ਤੇ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ। ਚਿਲੀ ਦੇ ਰਾਸ਼ਟਰਪਤੀ ਸੇਬੇਸਟੀਅਨ ਪਿਨੇਰਾ ਨੇ ਟਵਿਟਰ 'ਤੇ ਕਿਹਾ ਕਿ ਇਹ ਦੇਸ਼ ਚਿਲੀ ਨੂੰ ਵੀ ਸਮੂਹਿਕ ਦਾਅਵੇਦਾਰੀ ਵਿਚ ਸ਼ਾਮਲ ਕਰਨ 'ਤੇ ਰਾਜ਼ੀ ਹੋ ਗਏ ਹਨ।

ਆਸਟਰੇਲੀਆ ਖਿਲਾਫ ਟੀਮ ਇੰਡੀਆ ਦਾ ਐਲਾਨ,  ਕੇ.ਐੱਲ. ਰਾਹੁਲ ਦੀ ਹੋਈ ਵਾਪਸੀ


ਭਾਰਤੀ ਚੋਣਕਰਤਾਵਾਂ ਨੇ ਆਸਟਰੇਲੀਆ ਦੇ ਖਿਲਾਫ ਆਗਾਮੀ 5 ਮੈਚਾਂ ਦੀ ਵਨ ਡੇ ਦੀ ਸੀਰੀਜ਼ ਅਤੇ 2 ਟੀ-20 ਮੈਚਾਂ ਦੀ ਸੀਰੀਜ਼ ਦੇ ਲਈ ਭਾਰਤੀ ਟੀਮ ਦਾ ਐਲਾਨ ਸ਼ੁੱਕਰਵਾਰ ਨੂੰ ਕਰ ਦਿੱਤਾ ਹੈ। ਪੰਜ ਮੈਚਾਂ 'ਚ ਆਰਾਮ ਦਿੱਤੇ ਜਾਣ ਦੇ ਬਅਦ ਵਿਰਾਟ ਦੀ ਟੀਮ ਇੰਡੀਆ 'ਚ ਵਾਪਸੀ ਹੋਈ ਹੈ। ਕੋਹਲੀ ਆਸਟਰੇਲੀਆ ਦੇ ਖਿਲਾਫ ਘਰੇਲੂ ਪੰਜ ਵਨ ਡੇ ਅਤੇ ਦੋ ਟੀ-20 ਮੈਚਾਂ ਦੀ ਸੀਰੀਜ਼ 'ਚ ਟੀਮ ਇੰਡੀਆ ਦੀ ਅਗਵਾਈ ਕਰਨਗੇ।

ਖਿਡਾਰੀਆਂ ਨੂੰ ਸਟੰਪਸ ਮਾਈਕ ਦੀ ਚੋਣ ਵੇਲੇ ਵਰਤੋਂ ਦਾ ਡਰ


ਕੌਮਾਂਤਰੀ ਕ੍ਰਿਕਟਸ ਐਸੋਸੀਏਸ਼ਨ (ਫੀਕਾ) ਦੇ ਮੁਖੀ ਟੋਨੀ ਆਇਰਿਸ਼ ਨੇ ਸ਼ੁੱਕਰਵਾਰ ਕਿਹਾ ਕਿ ਸਟੰਪਸ ਮਾਈਕ ਦੀ ਚੋਣ ਵੇਲੇ ਵਰਤੋਂ ਦੇ ਡਰ ਕਾਰਨ ਖਿਡਾਰੀਆਂ ਦੇ ਮਨ ਵਿਚ ਡਰ ਬੈਠ ਗਿਆ ਹੈ ਤੇ ਖਿਡਾਰੀਆਂ ਨੂੰ ਇਸ ਦੀ ਦੁਰਵਰਤੋਂ ਤੋਂ ਬਚਣ ਲਈ ਪ੍ਰਸਾਰਕਾਂ ਨੂੰ ਇਸ ਦੇ ਪ੍ਰੋਟੋਕੋਲ ਨਿਰਧਾਰਿਤ ਕਰਨੇ ਚਾਹੀਦੇ ਹਨ।

ਹਰਿਕਾ ਡਰਾਅ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਪਹੁੰਚੀ


ਕੈਰੰਸ ਕੱਪ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ-2019 ਵਿਚ ਭਾਰਤ ਦੀ ਗ੍ਰੈਂਡ ਮਾਸਟਰ ਤੇ 2 ਵਾਰ ਦੀ ਵਿਸ਼ਵ ਕਾਂਸੀ ਤਮਗਾ ਜੇਤੂ ਹਰਿਕਾ ਦ੍ਰੋਣਾਵਲੀ ਨੇ ਰਾਊਂਡ 7 ਤੇ 8 ਦੇ ਮੁਕਾਬਲੇ ਡਰਾਅ ਖੇਡਦੇ ਹੋਏ ਸਾਂਝੇ ਤੌਰ 'ਤੇ ਤੀਜੇ ਸਥਾਨ ਤਕ ਆਪਣੀ ਪਹੁੰਚ ਬਣਾ ਲਈ ਹੈ ਤੇ ਜੇਕਰ ਉਹ ਆਖਰੀ ਰਾਊਂਡ ਦਾ ਮੁਕਾਬਲਾ ਜਿੱਤ ਜਾਂਦੀ ਹੈ ਤਾਂ ਉਹ ਸਿੰਗਲਜ਼ 'ਚ ਤੀਜੇ ਸਥਾਨ 'ਤੇ ਵੀ ਪਹੁੰਚ ਸਕਦੀ ਹੈ।

Gurdeep Singh

This news is Content Editor Gurdeep Singh