ਖੇਡ ਮੰਤਰੀ ਨੇ ਕੀਤੀ ''ਸਪੋਰਟਸ ਫਾਰ ਆਲ'' ਵਰਕਸ਼ਾਪ ਦੀ ਸ਼ੁਰੂਆਤ

09/27/2017 3:43:21 AM

ਨਵੀਂ ਦਿੱਲੀ— ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਮੰਗਲਵਾਰ 'ਸਪੋਰਟਸ ਫਾਰ ਆਲ' ਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ ਕੀਤਾ, ਜਿਸ ਵਿਚ ਵੱਖ-ਵੱਖ ਖੇਡਾਂ, ਭਾਰਤੀ ਓਲੰਪਿਕ ਸੰਘ ਤੇ ਐੱਨ. ਜੀ. ਓ. ਏ. ਤੋਂ 80 ਪ੍ਰਤੀਨਿਧੀਆਂ ਨੇ ਹਿੱਸਾ ਲਿਆ। 'ਸਪੋਰਟਸ ਫਾਰ ਆਲ' ਵਰਕਸ਼ਾਪ ਵਿਚ ਆਈ. ਓ. ਏ., ਖੇਡ ਵਿਭਾਗ, ਭਾਰਤੀ ਖੇਡ ਅਥਾਰਟੀ (ਸਾਈ), ਰਾਸ਼ਟਰੀ ਆਬਜ਼ਰਵਰ, ਰਾਸ਼ਟਰੀ ਖੇਡ ਸੰਘਾਂ, ਐੱਸ. ਜੀ. ਐੱਫ. ਆਈ., ਏ. ਆਈ. ਯੂ., ਸੂਬਿਆਂ ਦੇ ਖੇਡ ਸਕੱਤਰਾਂ, ਕੇਂਦਰ ਪ੍ਰਸ਼ਾਸਿਤ ਸੂਬਿਆਂ ਦੇ ਸਕੱਤਰਾਂ, ਖੇਡ ਵਿਕਾਸ ਬੋਰਡ ਤੇ ਐੱਨ. ਜੀ. ਓ. ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। 
ਵਰਕਸ਼ਾਪ ਦਾ ਉਦਘਾਟਨ ਕਰਦਿਆਂ ਰਾਠੌਰ ਨੇ ਕਿਹਾ, ''ਖੇਡੋ ਇੰਡੀਆ ਮੁਹਿੰਮ ਨਾਲ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਨੂੰ ਧਿਆਨ 'ਚ ਰੱਖਦੇ ਹੋਏ ਖੇਡਾਂ ਦੇ ਚੌਤਰਫਾ ਵਿਕਾਸ ਲਈ ਕਦਮ ਚੁੱਕੇ ਹਨ। ਇਹ ਯੋਜਨਾ ਸਟੇਡੀਅਮਾਂ ਦੇ ਵਿਕਾਸ ਨਹੀਂ ਸਗੋਂ ਐਥਲੀਟਾਂ ਦੇ ਵਿਕਾਸ ਨਾਲ ਜੁੜੀ ਹੈ।''
ਉਨ੍ਹਾਂ ਦੱਸਿਆ ਕਿ ਸਕੂਲ ਗੇਮਜ਼ ਫੈੱਡਰੇਸ਼ਨ ਸਕੂਲਾਂ ਦੇ ਪੱਧਰ 'ਤੇ ਖੇਡਾਂ ਦਾ ਵਿਕਾਸ ਕਰ ਰਹੀ ਹੈ ਤੇ ਮੰਤਰਾਲਾ ਦਸੰਬਰ ਵਿਚ ਖੇਡੋ ਇੰਡੀਆ ਸਕੂਲ ਗੇਮਜ਼ ਦਾ ਦਸੰਬਰ 2017 ਵਿਚ ਪ੍ਰੋਗਰਾਮ ਸ਼ੁਰੂ ਕਰੇਗੀ। ਰਾਠੌਰ ਨੇ ਕਿਹਾ, ''ਅਸੀਂ ਇਸ ਦੌਰਾਨ 1000 ਐਥਲੀਟ ਚੁਣਾਂਗੇ, ਜਿਨ੍ਹਾਂ  ਨੂੰ ਅਗਲੇ 8 ਸਾਲਾਂ ਤਕ 5 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਹਰ ਸਾਲ ਇਸ ਵਿਚ 1000 ਐਥਲੀਟ ਹੋਰ ਜੋੜੇ ਜਾਣਗੇ।''